ਵਿਧਾਇਕ ਢੋਸ ਨੇ ਧਰਮਕੋਟ ਦੀਆਂ ਸਿਹਤ ਸੇਵਾਵਾਂ ਸਬੰਧੀ ਮੁੱਦਾ ਚੁੱਕਿਆ
ਹਰਦੀਪ ਸਿੰਘ
ਧਰਮਕੋਟ 25 ਮਾਰਚ
ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਅੱਜ ਵਿਧਾਨ ਸਭਾ ਵਿੱਚ ਧਰਮਕੋਟ ਵਿਚ ਸਿਹਤ ਸੇਵਾਵਾਂ ਨੂੰ ਲੈ ਕੇ ਸਿਹਤ ਮੰਤਰੀ ਤੇ ਸਵਾਲ ਚੁੱਕੇ। ਵਿਧਾਇਕ ਢੋਸ ਵਲੋਂ ਸਿਫਰ ਕਾਲ ਦੌਰਾਨ ਹਲਕੇ ਅੰਦਰ ਸਰਕਾਰੀ ਸਿਹਤ ਸੇਵਾਵਾਂ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਅਤੇ ਸਿਹਤ ਮੰਤਰੀ ਵਲੋਂ ਸਿਹਤ ਸੇਵਾਵਾਂ ਨੂੰ ਲੈਕੇ ਦਿੱਤੇ ਬਿਆਨ ਉੱਤੇ ਅਸੁੰਤਸਟੀ ਪ੍ਰਗਟ ਕਰਦਿਆਂ ਸਰਕਾਰ ਤੋਂ ਮੋਗਾ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਦੇ ਨਿਘਾਰ ਲਈ ਦਖ਼ਲ ਅੰਦਾਜ਼ੀ ਮੰਗੀ। ਉਨ੍ਹਾਂ ਕਿਹਾ ਕਿ ਧਰਮਕੋਟ ਅੰਦਰ ਸਿਹਤ ਸੇਵਾਵਾਂ ਨੂੰ ਲੈਕੇ ਮੰਤਰੀ ਜੀ ਵਲੋਂ ਕੋਈ ਨਵਾਂ ਪ੍ਰੋਜੈਕਟ ਨਹੀਂ ਦਿੱਤਾ ਗਿਆ। ਵਿਧਾਇਕ ਢੋਸ ਨੇ ਦੱਸਿਆ ਕਿ ਹਲਕੇ ਦੀ ਕੋਟ ਈਸੇ ਖਾਂ ਸਥਿਤ ਸੀਐਚਸੀ (ਸਰਕਾਰੀ ਹਸਪਤਾਲ) ਵਿਚ ਕੁਲ ਅੱਠ ਮੈਡੀਕਲ ਅਫਸਰਾਂ ਦੀਆਂ ਅਸਾਮੀਆਂ ਹਨ, ਉੱਥੇ ਸਿਰਫ਼ ਦੋ ਮੈਡੀਕਲ ਅਫ਼ਸਰ ਹੀ ਤਾਇਨਾਤ ਹਨ।
ਵਿਧਾਇਕ ਨੇ ਕਿਹਾ ਕਿ ਦੋ ਵਾਰ ਦੀ 300 ਤੋਂ ਵੱਧ ਡਾਕਟਰਾਂ ਦੀ ਨਵੀਂ ਭਰਤੀ ਵਿਚ ਮੋਗਾ ਨੂੰ ਸਿਰਫ ਚਾਰ ਡਾਕਟਰ ਹੀ ਨਸੀਬ ਹੋਏ, ਜਦੋਂ ਕਿ ਗਵਾਂਢੀ ਜ਼ਿਲ੍ਹੇ ਮਾਲੇਰਕੋਟਲਾ ਨੂੰ ਸਰਕਾਰ ਨੇ ਵੱਡੀ ਗਿਣਤੀ ਵਿਚ 28 ਨਵੇਂ ਡਾਕਟਰ ਦਿੱਤੇ ਹਨ। ਉਨ੍ਹਾਂ ਤਨਜ ਕੱਸਦਿਆਂ ਕਿਹਾ, ‘‘ਕੀ ਉਹ ਇਸ ਨੂੰ ਪਾਕਿਸਤਾਨ ਦਾ ਹਿੱਸਾ ਤਾਂ ਨਹੀਂ ਮੰਨਦੇ।’’