ਵਿਧਾਇਕ ਵੱਲੋਂ ਸਾਨਵੀ ਸੂਦ ਨੂੰ ਵਧਾਈ
ਜਗਮੋਹਨ ਸਿੰਘ
ਰੂਪਨਗਰ, 26 ਦਸੰਬਰ
ਰੂਪਨਗਰ ਦੀ 10 ਸਾਲਾ ਪਰਬਤਰੋਹੀ ਸਾਨਵੀ ਸੂਦ ਨੂੰ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਕੌਮੀ ਬਾਲ ਪੁਰਸਕਾਰ ਪ੍ਰਾਪਤ ਹੋਇਆ ਹੈ।
ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਅੱਜ ਸੋਸ਼ਲ ਮੀਡੀਆ ’ਤੇ ਪਰਬਤਰੋਹੀ ਸਾਨਵੀ ਸੂਦ ਦੀ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹਲਕੇ ਦੀ ਨਿੱਕੀ ਜਿਹੀ ਬੱਚੀ ਨੂੰ ਕੌਮੀ ਪੁਰਸਕਾਰ ਮਿਲਣਾ ਸਮੁੱਚੇ ਹਲਕੇ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਸਾਨਵੀ ਸੂਦ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਰਬਤਰੋਹੀ ਬਣਨ ਵਿੱਚ ਬੱਚੀ ਦਾ ਹਰ ਪਲ ਡਟ ਕੇ ਸਾਥ ਦੇਣ ਵਾਲੇ ਮਾਪਿਆਂ ਦੀ ਮਿਹਨਤ ਰੰਗ ਲੈ ਆਈ ਹੈ। ਸਾਨਵੀ ਸੂਦ ਦੇ ਪਿਤਾ ਦੀਪਕ ਸੂਦ ਨੇ ਦੱਸਿਆ ਕਿ ਪੂਰੇ ਭਾਰਤ ਦੇ 17 ਬੱਚਿਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਬਦਲੇ ਇਹ ਪੁਰਸਕਾਰ ਦਿੱਤਾ ਗਿਆ ਅਤੇ ਪੂਰੇ ਪੰਜਾਬ ਤੋਂ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਸਾਨਵੀ ਇਕਲੌਤੀ ਬੱਚੀ ਹੈ। ਉਨ੍ਹਾਂ ਦੱਸਿਆ ਕਿ ਅੱਠ ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਕਈ ਉੱਚੀਆਂ ਚੋਟੀਆਂ ਨੂੰ ਸਰ ਕਰਨ ਤੋਂ ਬਾਅਦ ਚਰਚਾ ਵਿੱਚ ਆਈ ਸੀ ਅਤੇ ਉਹ ਹੁਣ ਤੱਕ ਮਾਊਂਟ ਐਵਰੈਸਟ ਪਰਬਤ ਬੇਸ ਕੈਂਪ ਤੋਂ ਇਲਾਵਾ ਅਫਰੀਕਾ, ਰੂਸ, ਆਸਟਰੇਲੀਆ ਤੇ ਈਰਾਨ ਦੇ ਕਈ ਪਰਬਤਾਂ ਨੂੰ ਸਰ ਕਰ ਚੁੱਕੀ ਹੈ। ਰੂਪਨਗਰ ਦੀ ਸਾਨਵੀ ਸੂਦ ਇਸ ਸਮੇਂ ਯਾਦਵਿੰਦਰਾ ਪਬਲਿਕ ਸਕੂਲ ਮੁਹਾਲੀ ਤੋਂ ਸਿੱਖਿਆ ਪ੍ਰਾਪਤ ਕਰ ਰਹੀ ਹੈ।