ਵਿਧਾਇਕ ਤੇ ਡੀਸੀ ਵੱਲੋਂ ਫਰੀਦਕੋਟ ਦੀਆਂ ਮੰਡੀਆਂ ਦਾ ਦੌਰਾ
ਜਸਵੰਤ ਜੱਸ
ਫਰੀਦਕੋਟ, 13 ਅਕਤੂਬਰ
ਅੱਜ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਵੱਖ-ਵੱਖ ਮੰਡੀਆਂ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਮੁੱਖ ਅਨਾਜ ਮੰਡੀ ਫਰੀਦਕੋਟ ਦਾ ਵੀ ਦੌਰਾ ਕੀਤਾ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਮੰਡੀਆਂ ‘ਚ ਖ਼ਰੀਦ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਝੋਨੇ ਦੀ ਆਮਦ ਮੰਡੀਆਂ ਵਿੱਚ ਤੇਜ਼ੀ ਨਾਲ ਹੋਵੇਗੀ ਇਸ ਲਈ ਹੁਣ ਖ਼ਰੀਦ ਕੀਤੇ ਗਏ ਝੋਨੇ ਦੀ ਲਿਫ਼ਟਿੰਗ ਵੀ ਨਾਲੋਂ ਨਾਲ ਕੀਤੀ ਜਾਵੇ ਤਾਂ ਜੋ ਮੰਡੀਆਂ ‘ਚ ਕਿਸਾਨਾਂ ਨੂੰ ਜਗ੍ਹਾ ਦੀ ਸਮੱਸਿਆ ਨਾ ਆਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਰੀਦਕੋਟ ਵਿਖੇ ਕੁੱਲ 68 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਤੇ ਆੜ੍ਹਤੀਆਂ ਹਦਾਇਤ ਕੀਤੀ ਕਿ ਮੰਡੀ ਵਿੱਚ ਆਏ ਝੋਨੇ ਦੀ ਨਾਲੋਂ ਨਾਲ ਖ਼ਰੀਦ ਕਰਨੀ ਯਕੀਨੀ ਬਣਾਈ ਜਾਵੇ ਤੇ ਮੰਡੀ ‘ਚ ਆਏ ਝੋਨੇ ਦੀ ਪੱਖਾ ਲਗਾਉਣ ਉਪਰੰਤ ਤੁਰੰਤ ਖ਼ਰੀਦ ਕੀਤੀ ਜਾਵੇ।
ਫ਼ਤਹਿਗੜ੍ਹ ਪੰਜਤੂਰ (ਹਰਦੀਪ ਸਿੰਘ): ਇਥੋਂ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਲੰਘੀ ਸ਼ਾਮ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਵਧੀਕ ਡਿਪਟੀ ਕਮਿਸ਼ਨਰ ਚਾਰੂਮਿੱਤਾ ਨੇ ਇੱਥੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਤਪਾਲ ਸਿੰਘ ਥਿੰਦ ‘ਆਪ’ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ ਅਤੇ ਹੋਰ ਹਾਜ਼ਰ ਸਨ।