ਕੁਲੈਕਟਰ ਰੇਟਾਂ ਵਿਚ ਵਾਧੇ ਖ਼ਿਲਾਫ਼ ਪ੍ਰਾਪਰਟੀ ਡੀਲਰਾਂ ਵੱੱਲੋਂ ਨੰਗੇ ਧੜ ਪ੍ਰਦਰਸ਼ਨ
ਅਰਚਿਤ ਵਤਸ
ਮੁਕਤਸਰ, 14 ਅਕਤੂਬਰ
ਇਥੇ ਜਾਰੀ ਅਣਮਿੱਥੇ ਸਮੇਂ ਦੇ ਧਰਨੇ ਦੇ ਅੱਠਵੇਂ ਦਿਨ ਸੋਮਵਾਰ ਨੂੰ ਪ੍ਰਾਪਰਟੀ ਡੀਲਰਾਂ, ਕਲੋਨਾਈਜ਼ਰਾਂ ਅਤੇ ਵਸੀਕਾ ਨਵੀਸਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਏਸੀ) ਦੇ ਬਾਹਰ ਵਿਰੋਧ ਜਤਾਉਂਦਿਆਂ ਨੰਗੇ ਧੜ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਇਕ ਘੰਟੇ ਤੱਕ ਆਵਾਜਾਈ ਜਾਮ ਕਰਦਿਆਂ ਨਾਅਰੇਬਾਜ਼ੀ ਕੀਤੀ।
ਜ਼ਿਕਰਯੋਗ ਹੈ ਕਿ ਪ੍ਰਾਪਰਟੀ ਕਾਰੋਬਾਰ ਨਾਲ ਸਬੰਧਤ ਵਿਅਕਤੀ ਕੁਲੈਕਟਰ ਰੇਟਾਂ ਦੇ ਵਾਧੇ ਨੂੰ ਲੈ ਕੇ ਸੂਬਾ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਡੀਏਸੀ ਦੇ ਬਾਹਰ ਮੱਝ ਅੱਗੇ ਬੰਸਰੀ ਵਜਾ ਕੇ ਪ੍ਰਰਦਸ਼ਨ ਕਰਦਿਆਂ ਰੋਸ ਦਰਜ ਕਰਾਇਆ ਸੀ।
ਪ੍ਰਾਪਰਟੀ ਡੀਲਰ ਕਰਮਜੀਤ ਕਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਪਰ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ, ਕਿ ਸੂਬਾ ਪ੍ਰਾਪਰਟੀ ਡੀਲਰਾਂ, ਕਲੋਨਾਈਜ਼ਰਾਂ ਅਤੇ ਦਸਤਾਵੇਜ਼ ਲਿਖਣ ਵਾਲਿਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੀ ਹੈ। ਅਸੀਂ ਅਣਮਿੱਥੇ ਸਮੇਂ ਲਈ ਧਰਨਾ ਦੇ ਰਹੇ ਹਾਂ ਅਤੇ ਸਾਰੀਆਂ ਵਿਰੋਧੀ ਪਾਰਟੀਆਂ ਦਾ ਸਮਰਥਨ ਵੀ ਪ੍ਰਾਪਤ ਕਰ ਰਹੇ ਹਾਂ ਅਤੇ ਮੰਗ ਪੂਰੀ ਹੋਣ ਤੱਕ ਧਰਨਾ ਜਾਰੀ ਰਹੇਗਾ।
ਇਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਅਤੇ ਜ਼ਿਲ੍ਹਾ ਮਾਲ ਅਫ਼ਸਰ ਸੰਦੀਪ ਗਰਗ ਧਰਨਾਕਾਰੀਆਂ ਨੂੰ ਮਿਲਣ ਪਹੁੰਚੇ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੰਗ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਇਆ ਜਾਵੇਗਾ।
ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੀਨੀਅਰ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਅਣਮਿੱਥੇ ਸਮੇਂ ਲਈ ਧਰਨੇ ਵਾਲੀ ਥਾਂ ਦਾ ਦੌਰਾ ਕਰਦਿਆਂ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕੀਤਾ।