‘ਲਾਪਤਾ ਲੇਡੀਜ਼’ ਆਸਕਰ ਦੀ ਦੌੜ ’ਚੋਂ ਬਾਹਰ
ਨਵੀਂ ਦਿੱਲੀ:
ਭਾਰਤੀ ਸਿਨੇਮਾ ਦੇ ਪ੍ਰਸ਼ੰਸਕਾਂ ਨੂੰ ਅੱਜ ਉਸ ਵੇਲੇ ਨਿਰਾਸ਼ਾਜਨਕ ਖਬਰ ਮਿਲੀ ਜਦੋਂ ਭਾਰਤ ਵਲੋਂ ਆਸਕਰ ਐਵਾਰਡ ਲਈ ਭੇਜੀ ਗਈ ਫਿਲਮ ‘ਲਾਪਤਾ ਲੇਡੀਜ਼’ ਦੌੜ ਵਿਚੋਂ ਬਾਹਰ ਹੋ ਗਈ ਕਿਰਨ ਰਾਓ ਵੱਲੋਂ ਨਿਰਦੇਸ਼ਿਤ ਇਹ ਫਿਲਮ ਆਸਕਰ ਐਵਾਰਡਜ਼ ਦੀ ਅੰਤਰਰਾਸ਼ਟਰੀ ਫੀਚਰ ਫਿਲਮ ਵਰਗ ਵਰਗ ਦੇ ਟੌਪ 15 ਵਿਚ ਥਾਂ ਨਹੀਂ ਬਣਾ ਸਕੀ ਪਰ ਬਰਤਾਨੀਆ ਵੱਲੋਂ ਭੇਜੀ ਸੰਧਿਆ ਸੂਰੀ ਦੀ ਹਿੰਦੀ ਫਿਲਮ ‘ਸੰਤੋਸ਼’ ਨੇ ਆਸਕਰ ਦੇ ਅਗਲੇ ਗੇੜ ਵਿੱਚ ਦਾਖਲਾ ਹਾਸਲ ਕਰ ਲਿਆ ਹੈ। ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ (ਏਐਮਪੀਏਐਸ) ਨੇ ਅੱਜ ਦੱਸਿਆ ਕਿ ਕਿਰਨ ਰਾਓ ਵੱਲੋਂ ਨਿਰਦੇਸ਼ਿਤ ਫਿਲਮ ‘ਲਾਪਤਾ ਲੇਡੀਜ਼’ (ਅੰਗਰੇਜ਼ੀ ਵਿੱਚ ‘ਲੋਸਟ ਲੇਡੀਜ਼‘) 15 ਫਿਲਮਾਂ ਦੀ ਸ਼ਾਰਟਲਿਸਟ ਵਿੱਚ ਥਾਂ ਬਣਾਉਣ ਵਿੱਚ ਅਸਫਲ ਰਹੀ। ਜ਼ਿਕਰਯੋਗ ਹੈ ਕਿ ਆਸਕਰ ਲਈ ਅੰਤਿਮ ਨਾਮਜ਼ਦਗੀਆਂ ਦਾ 17 ਜਨਵਰੀ ਨੂੰ ਐਲਾਨ ਕੀਤਾ ਜਾਵੇਗਾ। ਅਕੈਡਮੀ ਅਨੁਸਾਰ 85 ਦੇਸ਼ਾਂ ਜਾਂ ਖੇਤਰਾਂ ਦੀਆਂ ਫਿਲਮਾਂ 97ਵੇਂ ਅਕੈਡਮੀ ਪੁਰਸਕਾਰਾਂ ਲਈ ਅੰਤਰਰਾਸ਼ਟਰੀ ਫੀਚਰ ਫਿਲਮ ਸ਼੍ਰੇਣੀ ਵਿੱਚ ਵਿਚਾਰਨ ਲਈ ਯੋਗ ਪਾਈਆਂ ਗਈਆਂ ਸਨ। ਆਮਿਰ ਖਾਨ ਪ੍ਰੋਡਕਸ਼ਨ, ਜੀਓ ਸਟੂਡੀਓਜ਼ ਅਤੇ ਕਿੰਡਲਿੰਗ ਪ੍ਰੋਡਕਸ਼ਨ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਭਾਵੇਂ ਉਨ੍ਹਾਂ ਦੀ ਫਿਲਮ ਟੌਪ 15 ਵਿਚ ਥਾਂ ਨਹੀਂ ਬਣਾ ਸਕੀ ਪਰ ਉਹ ਇਸ ਵਰਗ ਲਈ ਸ਼ਾਰਟਲਿਸਟ ਕੀਤੀਆਂ ਗਈਆਂ ਫਿਲਮਾਂ ਦੀਆਂ ਟੀਮਾਂ ਨੂੰ ਵਧਾਈ ਦਿੰਦੇ ਹਨ ਅਤੇ ਐਵਾਰਡਾਂ ਦੇ ਅਗਲੇ ਪੜਾਵਾਂ ਲਈ ਸ਼ੁੱਭਕਾਮਨਾਵਾਂ ਦਿੰਦੇ ਹਨ। ਦੱਸਣਾ ਬਣਦਾ ਹੈ ਕਿ ਫਿਲਮ ‘ਸੰਤੋਸ਼’ ਬ੍ਰਿਟਿਸ਼-ਭਾਰਤੀ ਫਿਲਮ ਨਿਰਮਾਤਾ ਸੰਧਿਆ ਸੂਰੀ ਦੀ ਹਿੰਦੀ ਅਪਰਾਧ ਦੀ ਦੁਨੀਆ ’ਤੇ ਆਧਾਰਿਤ ਡਰਾਮਾ ਫਿਲਮ ਹੈ। -ਪੀਟੀਆਈ