ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲਾਪਤਾ ਲੇਡੀਜ਼ ਤੇ ਮੌਕਾਪ੍ਰਸਤ ਭਾਜਪਾ

07:57 AM Aug 19, 2024 IST

ਜਯੋਤੀ ਮਲਹੋਤਰਾ

ਤ੍ਰਿਣਮੂਲ ਕਾਂਗਰਸ ਦੀਆਂ ‘ਲਾਪਤਾ ਲੇਡੀਜ਼’ (ਇਸੇ ਨਾਂ ਦੀ ਇਕ ਹਿੰਦੀ ਫ਼ਿਲਮ ਦਾ ਵਿਅੰਗਾਤਮਕ ਹਵਾਲਾ), ਆਖਰਕਾਰ ਸ਼ੁੱਕਰਵਾਰ ਨੂੰ ਕੋਲਕਾਤਾ ਵਿਚ ਆਪਣੀ ਨੇਤਾ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ’ਚ ਕੀਤੇ ਇਕ ਰੋਸ ਮਾਰਚ ਵਿਚ ਨਜ਼ਰ ਆਈਆਂ, ਜੋ ਉਸ ਮਹਿਲਾ ਡਾਕਟਰ ਦੀ ਹਮਾਇਤ ’ਚ ਕੀਤਾ ਗਿਆ ਜਿਸ ਦਾ ਸ਼ਹਿਰ ਦੇ ਹੀ ਇਕ ਸਰਕਾਰੀ ਹਸਪਤਾਲ ਵਿਚ ਪੂਰੇ ਦਸ ਦਿਨ ਪਹਿਲਾਂ ਜਬਰ-ਜਨਾਹ ਕਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
ਮਹੂਆ ਮੋਇਤਰਾ, ਸਾਓਨੀ ਘੋਸ਼, ਡੋਲਾ ਸੇਨ, ਸ਼ਤਾਬਦੀ ਰੌਏ, ਸ਼ਰਮੀਲਾ ਸਰਕਾਰ, ਕਾਕੋਲੀ ਘੋਸ਼ ਦਸਤੀਦਾਰ, ਜੂਨ ਮਾਲੀਆ—- ਸਾਰੀਆਂ ਸੰਸਦ ਮੈਂਬਰਾਂ—- ਅਤੇ ਮੰਤਰੀ ਸ਼ਸ਼ੀ ਪਾਂਜਾ, ਉਨ੍ਹਾਂ ਪਾਰਟੀ ਆਗੂਆਂ ’ਚ ਸ਼ਾਮਲ ਸਨ ਜੋ ਕੋਲਕਾਤਾ ਦੀ ਮੌਲਾਲੀ ਤੋਂ ਡੋਰਿਨਾ ਕਰਾਸਿੰਗ ਤੱਕ ਮਮਤਾ ਦੇ ਆਲੇ-ਦੁਆਲੇ ਪੈਦਲ ਚੱਲੇ, ਅਤੇ ਉਸ ਬਿਰਤਾਂਤ ਨੂੰ ਫਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਵਰਤਮਾਨ ਸਮਿਆਂ ’ਚ ਭਾਰਤ ਦੀ ਇਕੋ-ਇਕ ਮਹਿਲਾ ਮੁੱਖ ਮੰਤਰੀ ਪਿਛਲੇ ਇਕ ਹਫ਼ਤੇ ਤੋਂ ਲਗਭਗ ਗੁਆਚ ਹੀ ਗਈ ਹੈ।
ਕਈ ਸਾਲਾਂ ਬਾਅਦ ਪਹਿਲੀ ਵਾਰ ਦੀਦੀ ਦਾ ਘਾਟਾ ਹੁੰਦਾ ਜਾਪ ਰਿਹਾ ਹੈ। ਉਹ ਜਾਣਦੀ ਹੈ ਕਿ ਉਹ ਡਗਮਗਾ ਰਹੀ ਹੈ। ਉਸ ਦੀਆਂ 11 ਮਹਿਲਾਂ ਸੰਸਦ ਮੈਂਬਰਾਂ, ਜਿਨ੍ਹਾਂ ’ਚੋਂ ਕਈ ਤਾਂ ਸੋਸ਼ਲ ਮੀਡੀਆ ਉਤੇ ਸਟਾਰ ਹਨ, ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਜਦ ਉਨ੍ਹਾਂ ਭਿਆਨਕ ਕਤਲ ਕਾਂਡ ਤੋਂ ਬਾਅਦ ਦੀਆਂ ਬੇਹੱਦ ਮਹੱਤਵਪੂਰਨ ਘੜੀਆਂ ਅਤੇ ਦਿਨਾਂ ਦੌਰਾਨ ਪੀੜਤਾ ਦੇ ਹੱਕ ’ਚ ਬੋਲਣ ਤੋਂ ਪਾਸਾ ਵੱਟੀ ਰੱਖਿਆ, ਸਾਬਕਾ ਪੱਤਰਕਾਰ ਸਾਗਰਿਕਾ ਘੋਸ਼ ਨੂੰ ਛੱਡ ਕੇ—- ਉਸ ਸਮੇਂ ਉਨ੍ਹਾਂ ਤ੍ਰਿਣਮੂਲ ਵਾਲੇ ਪਾਸਿਓਂ ਜਾਣਕਾਰੀ ਦਾ ਇਕ ਖੱਪਾ ਬਣਨ ਦਿੱਤਾ, ਜਿਸ ਨੂੰ ਵਿਰੋਧੀ ਧਿਰ ਭਾਜਪਾ ਨੇ ਬਿਲਕੁਲ ਸਹੀ ਸਮੇਂ ’ਤੇ ਆ ਕੇ ਭਰ ਲਿਆ।
ਇਹ ਸਿਆਣੀਆਂ ਮਹਿਲਾਵਾਂ, ਜੋ ਕਿ ਸੰਸਦ ਤੇ ਕੋਲਕਾਤਾ ਵਿਚ ਭਾਜਪਾ ਲਈ ਬਿਪਤਾ ਵਾਂਗ ਹਨ, ਜਾਣਦੀਆਂ ਹਨ ਕਿ ਜਦ ਉਨ੍ਹਾਂ ਬਿਹਤਰ ਨਿਤਾਰੇ ਖਾਤਰ ਮੂੰਹ ਬੰਦ ਕਰ ਲਿਆ—- ਸ਼ਾਇਦ, ਉਹ ਕੋਲਕਾਤਾ ਪੁਲੀਸ ਦੀ ਜਾਂਚ ਉਡੀਕ ਰਹੀਆਂ ਸਨ, ਜਾਂ ਸ਼ਾਇਦ ਆਪਣੀ ਨੇਤਾ ਦਾ ਬਿਆਨ ਉਡੀਕ ਰਹੀਆਂ ਸਨ ਕਿ ਦੀਦੀ ਦਾ ਪਹਿਲਾਂ ਇਸ ਵਿਸ਼ੇ ਉਤੇ ਕੀ ਕਹਿਣਾ ਹੈ—- ਉਨ੍ਹਾਂ ਕੁਝ ਜ਼ਿਆਦਾ ਹੀ ਲੰਮਾ ਇੰਤਜ਼ਾਰ ਕਰ ਲਿਆ। ਕਿ, ਘੱਟੋ-ਘੱਟ ਕੁਝ ਸਮੇਂ ਲਈ ਤਾਂ, ਭਰੋਸੇ ਦੀ ਉਹ ਭਾਵਨਾ, ਜੋ ਸਿਆਸਤਦਾਨ ਨਿਰੰਤਰ ਉਨ੍ਹਾਂ ਪੁਰਸ਼ਾਂ ਤੇ ਔਰਤਾਂ ਦੇ ਮਨਾਂ ’ਚ ਬਣਾਏ ਰੱਖਣ ਲਈ ਸੰਘਰਸ਼ ਕਰਦੇ ਹਨ, ਜਿਨ੍ਹਾਂ ਦੀ ਉਹ ਅਗਵਾਈ ਕਰਦੇ ਹਨ, ਡਗਮਗਾਉਂਦੀ ਜਾਪੀ। ਕਰੀਬ ਦਹਾਕੇ ਬਾਅਦ ਪਹਿਲੀ ਵਾਰ, ਸ਼ੱਕ ਦਾ ਇਕ ਤੱਤ ਰੀਂਘ ਕੇ ਅੰਦਰ ਵੜਦਾ ਜਾਪਿਆ। ਸਾਡੇ ਕੋਲ ਜਿਹੜੀ ਜਾਣਕਾਰੀ ਹੈ, ਉਸ ਮੁਤਾਬਕ ਪੀੜਤਾ ਦਾ ਜਬਰ-ਜਨਾਹ ਤੇ ਹੱਤਿਆ 9 ਅਗਸਤ ਨੂੰ ਸੁਵਖ਼ਤੇ 3 ਤੋਂ ਪੰਜ ਵਜੇ ਦੇ ਵਿਚਾਲੇ ਹੋਏ ਜਦ ਹਸਪਤਾਲ ’ਚ ਲਗਾਤਾਰ 36 ਘੰਟੇ ਕੰਮ ਕਰਨ ਤੋਂ ਬਾਅਦ ਉਸ ਨੇ ਸੈਮੀਨਾਰ ਰੂਮ ’ਚ ਕੁਝ ਆਰਾਮ ਕਰਨ ਬਾਰੇ ਸੋਚਿਆ। ਪੋਸਟ-ਮਾਰਟਮ ਰਿਪੋਰਟ ਭਿਆਨਕ ਘਟਨਾ ਦੇ ਵੇਰਵੇ ਬਿਆਨਦੀ ਹੈ—- ਕਿ ਗਲ਼ ਘੁੱਟ ਕੇ ਹੱਤਿਆ ਕੀਤੀ ਗਈ (ਗਲ਼ ਘੁੱਟਣ ਨਾਲ ਥਾਇਰਾਇਡ ਕਾਰਟੀਲੇਜ ਟੁੱਟ ਗਈ ਸੀ), ਕਿ ਉਸ ਦੇ ਗੁਪਤ ਅੰਗਾਂ ’ਤੇ ਗਹਿਰੇ ਜ਼ਖ਼ਮ ਸਨ ਜੋ ਜ਼ਾਹਿਰਾ ਤੌਰ ’ਤੇ ‘ਦੁਰਾਚਾਰੀ ਕਾਮੁਕਤਾ’ ਤੇ ‘ਲਿੰਗਕ ਤਸ਼ੱਦਦ’ ਦਾ ਸਿੱਟਾ ਸਨ। ਕਿ ਉਸ ਦੀਆਂ ਅੱਖਾਂ ਤੇ ਮੂੰਹ ਵਿਚੋਂ ਖ਼ੂਨ ਵਗ਼ ਰਿਹਾ ਸੀ। ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ’ਚ ਉਸ ਦੀਆਂ ਲੱਤਾਂ ਇਕ ਦੂਜੇ ਵੱਲ ਅਜੀਬ ਤਰੀਕੇ ਨਾਲ ਮੁੜੀਆਂ ਹੋਈਆਂ ਹਨ—- ਕੁਝ ਦਾ ਕਹਿਣਾ ਹੈ ਕਿ ਜਦ ਤੱਕ ‘ਪੈਲਵਿਕ’ ਘੇਰਾ ਨਾ ਟੁੱਟੇ, ਅਜਿਹਾ ਨਹੀਂ ਹੁੰਦਾ। ਹਾਲਾਂਕਿ, ਅਜੀਬ ਗੱਲ ਹੈ ਕਿ ਅਗਲੇ ਛੇ ਦਿਨਾਂ ਤੱਕ, ਇਹ ਸਾਰੇ ਉੱਭਰ ਰਹੇ ਨੌਜਵਾਨ ਸਿਆਸਤਦਾਨ, ਚਮਕਦੇ ਸਿਤਾਰਿਆਂ ਦੀ ਇਕ ‘ਗਲੈਕਸੀ’—- ਜਿਨ੍ਹਾਂ ਵਿਚ ਮਮਤਾ ਦਾ ਭਤੀਜਾ ਅਭਿਸ਼ੇਕ ਬੈਨਰਜੀ ਵੀ ਸ਼ਾਮਲ ਹੈ, ਹੋਰਨਾਂ ਕਈ ਵੱਖ-ਵੱਖ ਮਸਲਿਆਂ ਵਿਚ ਰੁੱਝੇ ਨਜ਼ਰ ਆਏ, ਜਿਨ੍ਹਾਂ ’ਚ ਵਿਨੇਸ਼ ਫੋਗਾਟ ਨਾਲ ਸਬੰਧਤ ਘਟਨਾਕ੍ਰਮ ਵੀ ਸ਼ਾਮਲ ਹੈ। ਦੀਦੀ ਆਪ ਵੀ, ਕਿਹਾ ਜਾ ਰਿਹਾ ਹੈ ਕਿ ਮਾਮਲੇ ਬਾਰੇ ਕੋਲਕਾਤਾ ’ਚ ਬਾਂਗਲਾ ਭਾਸ਼ਾ ’ਚ ਹੀ ਬੋਲੀ—- ਜੋ ਕਿ ਸੰਘਣੇ ਜੰਗਲ ਵਿਚ ਨੱਚ ਰਹੇ ਇਕ ਮੋਰ ਨੂੰ ਗਿਣਤੀ ਦੇ ਲੋਕਾਂ ਵੱਲੋਂ ਦੇਖਣ ਤੇ ਮਗਰੋਂ ਭੁੱਲ ਜਾਣ ਵਰਗਾ ਹੈ। ਉਦੋਂ ਤੱਕ ਚੀਜ਼ਾਂ ਕਾਬੂ ਤੋਂ ਬਾਹਰ ਹੋ ਚੁੱਕੀਆਂ ਸਨ। ਮੈਡੀਕਲ ਕਾਲਜ ਦੇ ਪ੍ਰਿੰੰਸੀਪਲ ਨੇ ਅਸਤੀਫ਼ਾ ਦੇ ਦਿੱਤਾ ਸੀ ਪਰ ਉਸ ਨੂੰ ਕੁਝ ਘੰਟਿਆਂ ’ਚ ਹੀ ਇਕ ਹੋਰ ਵੱਡੇ ਅਹੁਦੇ ਨਾਲ ਨਿਵਾਜ ਦਿੱਤਾ ਗਿਆ। ਅਫ਼ਵਾਹਾਂ ਕਿ ਪੁਲੀਸ ਨੇ ਇਸ ਕੇਸ ਨੂੰ ਖ਼ੁਦਕੁਸ਼ੀ ਦੱਸਿਆ ਹੈ (ਜਦਕਿ ਨਹੀਂ ਦੱਸਿਆ) ਜਾਂ ਕਿ ਉਨ੍ਹਾਂ ਮ੍ਰਿਤਕਾ ਦਾ ਉਸ ਦੇ ਮਾਪਿਆਂ ਨੂੰ ਦੱਸੇ ਬਿਨਾਂ ਸਸਕਾਰ ਕਰ ਦਿੱਤਾ ਹੈ (ਹਾਲਾਂਕਿ ਪਰਿਵਾਰ ਨੇ ਹੀ ਅੰਤਿਮ ਸਸਕਾਰ ਕੀਤਾ), ਨੇ ਜਾਣਕਾਰੀ ’ਚ ਪਈ ਤਰੇੜ ਨੂੰ ਹੋਰ ਵੱਡਾ ਕੀਤਾ। ਇਨ੍ਹਾਂ ਸਾਰੀਆਂ ਮਹਿਲਾ ਸੰਸਦ ਮੈਂਬਰਾਂ ਦੇ ‘ਐਕਸ’ ਅਕਾਊਂਟ, ਜੋ ਗਲਤ ਚੀਜ਼ਾਂ ਬਾਰੇ ਸਭ ਤੋਂ ਵੱਧ ਆਵਾਜ਼ ਉਠਾਉਂਦੇ ਹਨ, ਹੈਰਾਨੀਜਨਕ ਢੰਗ ਨਾਲ ਖਾਮੋਸ਼ ਸਨ। ਉਦੋਂ ਵੀ ਜਦ 14-15 ਅਗਸਤ ਦੀ ਕੁੜੱਤਣ ਭਰੀ ਰਾਤ ਨੂੰ ਅੱਧੇ ਤੋਂ ਵੱਧ ਕੋਲਕਾਤਾ ਸੜਕਾਂ ’ਤੇ ਸੀ, ‘ਖੋਹੀ ਗਈ ਰਾਤ’ ਵਾਪਸ ਮੰਗ ਰਿਹਾ ਸੀ, ਹਜ਼ਾਰਾਂ ਪੁਰਸ਼ ਤੇ ਔਰਤਾਂ ਨਿਆਂ ਤੇ ਸਲਾਮਤੀ ਦਾ ਅਧਿਕਾਰ ਮੰਗ ਰਹੇ ਸਨ, ਤ੍ਰਿਣਮੂਲ ਕਿਤੇ ਵੀ ਨਜ਼ਰ ਨਹੀਂ ਆਈ। ਉਨ੍ਹਾਂ ਦਾ ਗੁੱਸਾ, ਜਨੂੰਨ ਤੇ ਉਤਸ਼ਾਹ, ਜੋ ਅਕਸਰ ਲੋਕ ਸਭਾ ਗੂੰਜਣ ਲਾ ਦਿੰਦਾ ਹੈ, ਜਾਂ ਤਾਂ ਖ਼ਰਚ ਹੋ ਚੁੱਕਾ ਸੀ ਜਾਂ ਫੇਰ ਬਰਬਾਦ ਹੋ ਚੁੱਕਾ ਸੀ।
ਟੀਵੀ ਨੇ ਲੜਕੀ ਨੂੰ ਇਕ ਨਾਂ ਦਿੱਤਾ: ਅਭਯਾ, ਇਕ ਨਿਡਰ ਸ਼ਖ਼ਸੀਅਤ, ਜਿਸ ਨੇ 12 ਸਾਲ ਪਹਿਲਾਂ ਦਿੱਲੀ ਵਿਚ ਹੋਏ ਦਰਦਨਾਕ ਜਬਰ-ਜਨਾਹ ਦੀ ਪੀੜਤਾ ਨੂੰ ਦਿੱਤੇ ਗਏ ਨਾਂ ‘ਨਿਰਭਯਾ’ ਦਾ ਚੇਤਾ ਕਰਵਾ ਦਿੱਤਾ। ਹਰ ਕਿਸੇ ਨੂੰ ਯਾਦ ਹੈ ਕਿ 2012 ਦੀ ਉਹ ਸਰਦੀ ਕਿਵੇਂ ਦੀ ਸੀ, ਜਦ ਸ਼ੀਲਾ ਦੀਕਸ਼ਿਤ ਦੀ ਕਾਂਗਰਸ ਸਰਕਾਰ ਨੇ ਲੜਕੀ ਨੂੰ ਕਿਸੇ ਵੀ ਤਰ੍ਹਾਂ ਬਚਾਉਣ ਲਈ ਹੱਥ-ਪੈਰ ਮਾਰੇ ਸਨ। ਦੋ ਸਾਲ ਬਾਅਦ, ਕੇਂਦਰ ਵਿਚ ਮਨਮੋਹਨ ਸਿੰਘ ਦੀ ਸਰਕਾਰ ਸੱਤਾ ਤੋਂ ਬਾਹਰ ਹੋ ਗਈ ਤੇ ਭਾਜਪਾ ਲਈ ਰਾਹ ਪੱਧਰਾ ਹੋ ਗਿਆ।
ਬਹੁਤਿਆਂ ਨੇ ਕਿਹਾ ਕਿ ਨਿਰਭਯਾ ਨੇ ਇਕ ਰਾਜਨੀਤਕ ਪਾਰਟੀ ਦੀ ਕਿਸਮਤ ਦਾ ਰਾਹ ਖੋਲ੍ਹਿਆ ਹੈ। ਸਾਫ਼ ਤੌਰ ’ਤੇ, ਭਾਜਪਾ ਨੂੰ ਲੱਗਦਾ ਹੈ ਕਿ ਅਭਯਾ ਅੱਜ ਇਸ ਲਈ ਉਹ ਕਰ ਸਕਦੀ ਹੈ ਜੋ ਪ੍ਰਧਾਨ ਮੰਤਰੀ ਪਿਛਲੇ 10 ਸਾਲਾਂ ’ਚ ਕਰਨ ਵਿਚ ਨਾਕਾਮ ਰਹੇ ਹਨ, ਜੋ ਬੰਗਾਲ ਨੂੰ ਭਾਜਪਾ ਲਈ ਵੋਟ ਕਰਨ ਵਾਸਤੇ ਮਨਾਉਣਾ, ਜਾਂ ਘੱਟੋ-ਘੱਟ ਇਸ ਨੂੰ ਆਪਣੇ ਪੱਖ ਵਿਚ ਕਰਨਾ ਕਿਉਂਕਿ ਹਾਲੇ ਨੇੜ ਭਵਿੱਖ ’ਚ ਕੋਈ ਚੋਣ ਨਹੀਂ ਹੈ। ਹਾਲੀਆ ਲੋਕ ਸਭਾ ਚੋਣਾਂ ’ਚ ਮੁਕਾਬਲਤਨ ਕਮਜ਼ੋਰ ਉਮੀਦਵਾਰ ਕਿਸ਼ੋਰੀ ਲਾਲ ਸ਼ਰਮਾ ਤੋਂ ਅਮੇਠੀ ਸੀਟ ਹਾਰਨ ਮਗਰੋਂ ਸਮ੍ਰਿਤੀ ਇਰਾਨੀ ਨੇ ਪਹਿਲੀ ਵਾਰ ਟੀਵੀ ਸਕਰੀਨ ’ਤੇ ਵਾਪਸੀ ਕੀਤੀ ਹੈ, ਜਿਸ ਦਾ ਕੋਈ ਨਾ ਕੋਈ ਮਤਲਬ ਜ਼ਰੂਰ ਹੈ।
ਪਰ ਭਾਜਪਾ ਨੂੰ ਸ਼ਾਇਦ ਹਾਲੇ ਵੀ ਬੰਗਾਲ ਉਨ੍ਹਾਂ ਹਿੰਦੀ ਭਾਸ਼ਾਈ ਸੂਬਿਆਂ ਨਾਲੋਂ ਕੁਝ ਵੱਖਰਾ ਲੱਗੇ, ਜਿਨ੍ਹਾਂ ਨੂੰ ਜਿੱਤਣ ਦਾ ਇਸ ਨੂੰ ਤਜਰਬਾ ਹੈ। ਹਿੰਦੂਤਵ ਵੱਲ ਵਧਦੇ ਝੁਕਾਅ ਦੇ ਬਾਵਜੂਦ, ਅੱਜ ਕੋਲਕਾਤਾ ਦੀਆਂ ਸੜਕਾਂ ’ਤੇ ਦਿਖਦੀ ਲੋਕਾਂ ਦੀ ਨਾਰਾਜ਼ਗੀ ਭਾਜਪਾ ਬਾਰੇ ਘੱਟ, ਪਰ ਤ੍ਰਿਣਮੂਲ ਖ਼ਿਲਾਫ਼ ਵੱਧ ਹੈ, ਜਿਸ ਦੇ ਰਾਜ ਵਿਚ ਲੋਕ ਬੇਵਸ ਮਹਿਸੂਸ ਕਰ ਰਹੇ ਹਨ ਤੇ ਗੁੱਸਾ ਕੱਢ ਰਹੇ ਹਨ। ਇਹ ਦੀਦੀ ਹੈ, ਨਾ ਕਿ ਭਾਜਪਾ, ਜੋ ਬੰਗਾਲ ਦੀਆਂ ਮਹਿਲਾਵਾਂ ਨੂੰ ਆਪਣਾ ਪ੍ਰਮੁੱਖ ਹਮਾਇਤੀ ਮੰਨਦੀ ਹੈ ਤੇ ਉਨ੍ਹਾਂ ਕੋਲੋਂ ਵੋਟਾਂ ਮੰਗਦੀ ਹੈ। 14 ਅਗਸਤ ਨੂੰ, ਉਸ ਰਾਤ ਤੋਂ ਕੁਝ ਘੰਟੇ ਪਹਿਲਾਂ, ਜਦ ਇਕ ਭੀੜ ਨੇ ਘਟਨਾ ਵਾਲੇ ਹਸਪਤਾਲ ਦੀ ਭੰਨ੍ਹ-ਤੋੜ ਕੀਤੀ ਸੀ, ਸਾਓਨੀ ਘੋਸ਼ ਮਮਤਾ ਦੀ ਸਕੀਮ ‘ਕੰਨਿਆਸ੍ਰੀ’ ਦੀਆਂ ਸਿਫ਼ਤਾਂ ਕਰ ਰਹੀ ਸੀ, ਜੋ ਕਿ ਛੋਟੀਆਂ ਬੱਚੀਆਂ ਲਈ ਲਾਂਚ ਕੀਤੀ ਗਈ ਹੈ।
ਫ਼ਿਲਹਾਲ, ਮਮਤਾ ਤੇ ਤ੍ਰਿਣਮੂਲ ਕਾਂਗਰਸ, ਨਿਰੋਲ ਭ੍ਰਿਸ਼ਟਾਚਾਰ ਅਤੇ ਇਸ ਲਾਚਾਰੀ ਲਈ ਕੋਲਕਾਤਾ ਦੇ ਲੋਕਾਂ ਦੇ ਗੁੱਸੇ ਦਾ ਕੇਂਦਰ ਬਣੇ ਹੋਏ ਹਨ, ਜਿਹੜਾ ਹੁਣ ਸ਼ਹਿਰ ਤੇ ਰਾਜ ਤੋਂ ਬਾਹਰ ਫੈਲਣਾ ਸ਼ੁਰੂ ਹੋ ਗਿਆ ਹੈ। ਕੁਝ ਵੀ ਕੰਮ ਆਉਂਦਾ ਨਹੀਂ ਜਾਪਦਾ, ਨਾ ਹੀ ਕੁਝ ਬਦਲਦਾ ਲੱਗ ਰਿਹਾ ਹੈ। ਜੇਕਰ ਇਹ ਵਿਆਪਕ ਗੁੱਸਾ ਬੰਗਾਲ ਦੇ ਹੋਰਨਾਂ ਹਿੱਸਿਆਂ ਵਿਚ ਫੈਲ ਗਿਆ, ਤਾਂ ਮਮਤਾ ਜਾਣਦੀ ਹੈ ਕਿ ਕੀ ਹੋ ਸਕਦਾ ਹੈ—- ਇਹ ਪਹਿਲਾਂ ਵੀ ਹੋ ਚੁੱਕਾ ਹੈ, 2007 ਵਿਚ ਨੰਦੀਗ੍ਰਾਮ ’ਚ, ਜਦ ਸੀਪੀਐਮ ਨੇ ਉਦੋਂ ਸੱਤਾ ਵਿਚ ਹੁੰਦਿਆਂ ਜ਼ਮੀਨੀ ਪੱਧਰ ’ਤੇ ਨਾਰਾਜ਼ਗੀਆਂ ਨੂੰ ਸੁਣਨ ਤੋਂ ਮੂੰਹ ਮੋੜ ਲਿਆ ਤੇ ਕੁਝ ਸਾਲਾਂ ਬਾਅਦ ਸੱਤਾ ਤੋਂ ਬਾਹਰ ਹੋ ਗਈ—- ਤੇ ਇਸ ਗੁੱਸੇ ਦਾ ਲਾਭ ਮਮਤਾ ਨੂੰ ਹੀ ਮਿਲਿਆ।
ਇਸੇ ਲਈ ਮਮਤਾ ਨੇ ਸ਼ੁੱਕਰਵਾਰ ਕੋਲਕਾਤਾ ਵਿਚ ਆਪਣੀਆਂ ਸਭ ਤੋਂ ਮੋਹਰੀ ਸੰਸਦ ਮੈਂਬਰਾਂ ਤੇ ਮਹਿਲਾ ਵਿਧਾਇਕਾਂ ਨਾਲ ਮਾਰਚ ਦੀ ਅਗਵਾਈ ਕੀਤੀ ਹੈ। ਇਨ੍ਹਾਂ ਸਾਰੀਆਂ ਔਰਤਾਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਬੰਗਾਲ ਲਈ ਮੁੜ ਲੜਾਈ ਲੜਨੀ ਪਏਗੀ, ਕਿ ਜੇ ਉਹ ਨਹੀਂ ਲੜਦੀਆਂ- ਤਾਂ ਮਹੂਆ ਮੋਇਤਰਾ ਦੇ ਹੋਣ ਦੇ ਬਾਵਜੂਦ —- ਤ੍ਰਿਣਮੂਲ ਕਾਂਗਰਸ ਦੀਆਂ ਇਨ੍ਹਾਂ ਸੰਸਦ ਮੈਂਬਰਾਂ ਉਤੇ ਬੰਗਾਲ ਦੀਆਂ ‘ਲਾਪਤਾ ਲੇਡੀਜ਼’ (ਗੁੰਮਸ਼ੁਦਾ ਔਰਤਾਂ) ਤੇ ਇਸ ਦੀਆਂ ‘ਗੂੰਗੀਆਂ ਗੁੱਡੀਆਂ’ ਕਹਾਉਣ ਦਾ ਖ਼ਤਰਾ ਮੰਡਰਾਉਂਦਾ ਰਹੇਗਾ।

Advertisement

Advertisement
Advertisement