5 ਜੁਲਾਈ ਨੂੰ ਪ੍ਰਾਈਮ ਵੀਡੀਓ ਤੇ ਆਵੇਗੀ ਮਿਰਜ਼ਾਪੁਰ-3
ਮੁੰਬਈ, 11 ਜੂਨ ਦਰਸ਼ਕਾਂ ਵੱਲੋਂ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਅਪਰਾਧ ਅਤੇ ਡਰਾਮਾ ਭਰਪੂਰ ਲੜੀ ‘ਮਿਰਜ਼ਾਪੁਰ’ ਦਾ ਤੀਜਾ ਸੀਜ਼ਨ 5 ਜੁਲਾਈ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਾਰ ਲੜੀ ਨੂੰ 10 ਪ੍ਰਸੰਗਾਂ ਵਿੱਚ ਰੱਖਿਆ ਗਿਆ ਹੈ।
ਇੰਤਜ਼ਾਰ ਕਰ ਰਹੇ ਦਰਸ਼ਕਾਂ ਵੱਲੋਂ ਮਿਰਜ਼ਾਪੁਰ-3 ਦੀ ਸ਼ੂਟਿੰਗ ਖ਼ਤਮ ਹੋਣ ਉਪਰੰਤ ਰੀਲੀਜ਼ ਹੋਣ ਦੀਆਂ ਤਰੀਕਾਂ ਬਾਰੇ ਕਿਆਸ ਲਗਾਏ ਜਾ ਰਹੇ ਸਨ ਜਿਸ ਸਬੰਧੀ ਸੋਸ਼ਲ ਮੀਡੀਆ ’ਤੇ ਕਈ ਮਜ਼ਾਕੀਆ ਮੀਮਜ਼ ਵੀ ਸਾਹਮਣੇ ਆਏ।
ਮਿਰਜ਼ਾਪੁਰ ਦੀ ਕਹਾਣੀ ਅਖਾਨੰਦ ਤ੍ਰਿਪਾਠੀ ਜੋ ਕਿ ਕਾਲੀਨ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਮਾਫੀਆ ਡਾਨ ਅਤੇ ਉੱਤਰ ਪ੍ਰਦੇਸ਼ 'ਚ ਪੂਰਵਾਂਚਲ ਦੇ ਮਿਰਜ਼ਾਪੁਰ ਦਾ ਕਾਲਪਨਿਕ ਸ਼ਾਸਕ ਵੀ ਹੈ, ਦੇ ਦੁਆਲੇ ਘੁੰਮਦੀ ਹੈ। ਇਸ ਲੜੀ ਵਿੱਚ ਪੰਕਜ ਤ੍ਰਿਪਾਠੀ, ਅਲੀ ਅਫ਼ਜ਼ਲ, ਸ਼ਵੇਤਾ ਤ੍ਰਿਪਾਠੀ ਸ਼ਰਮਾ, ਰਸੀਕਾ ਦੁੱਗਲ, ਵਿਜੇ ਵਰਮਾ, ਇਸ਼ਾ ਤਲਵਾਰ, ਅੰਜੁਮ ਸ਼ਰਮਾ, ਪ੍ਰਿਆਂਸ਼ੂ, ਹਰਸ਼ਿਤਾ ਸ਼ੇਖਰ ਗੌੜ, ਰਾਜੇਸ਼ ਤੇਲਾਂਗ, ਸ਼ੀਬਾ ਚੱਢਾ, ਮੇਘਨਾ ਮਲਿਕ, ਅਤੇ ਮਨੂ ਰਿਸ਼ੀ ਚੱਢਾ ਅਹਿਮ ਰੋਲ ਅਦਾ ਕਰ ਰਹੇ ਹਨ।
ਇੱਕ ਇੰਟਰਵਿਊ ਦੌਰਾਨ ਲੜੀ ਦੇ ਪ੍ਰੋਡਿਊਸਰ ਰਿਤੇਸ਼ ਸਿਧਵਾਨੀ ਨੇ ਕਿਹਾ ਕਿ ਮਿਰਜ਼ਾਪੁਰ ਦੀਆਂ ਪਹਿਲੀਆਂ ਦੋ ਲੜੀਆਂ ਨੂੰ ਭਾਰਤ ਸਮੇਤ ਹੋਰ ਦੇਸ਼ਾਂ ਦੇ ਦਰਸ਼ਕਾਂ ਨੇ ਅਥਾਹ ਪਿਆਰ ਦਿੱਤਾ, ਇਹ ਹੌਸਲਾ ਅਫ਼ਜ਼ਾਈ ਸਾਨੂੰ ਹੋਰ ਚੰਗਾ ਕਰਨ ਲਈ ਪ੍ਰੇਰਿਤ ਕਰਦੀ ਹੈ। ਐਕਸਲ ਮੀਡੀਆ ਅਤੇ ਐਂਟਰਟੇਨਮੈਂਟ ਵੱਲੋਂ ਬਣਾਈ ਗਈ ਇਸ ਮਿਰਜ਼ਾਪੁਰ ਸੀਰੀਜ਼ ਦਾ ਨਿਰਦੇਸ਼ਨ ਗੁਰਮੀਤ ਸਿੰਘ ਅਤੇ ਆਨੰਦ ਅਈਅਰ ਵੱਲੋਂ ਕੀਤਾ ਗਿਆ ਹੈ, ਜੋ ਕਿ ਪ੍ਰਾਈਮ ਵੀਡੀਓ 'ਤੇ 5 ਜੁਲਾਈ ਨੂੰ ਆ ਰਹੀ ਹੈ।