ਤਗ਼ਮੇ ਲਈ ਵਜ਼ਨ ਨਾ ਚੁੱਕ ਸਕੀ ਮੀਰਾਬਾਈ ਚਾਨੂ
ਪੈਰਿਸ, 8 ਅਗਸਤ
ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਇੱਕ ਸਮੇਂ ਦੂਜਾ ਤਗ਼ਮਾ ਜਿੱਤਣ ਦੇ ਨੇੜੇ ਪਹੁੰਚ ਗਈ ਸੀ ਪਰ ਆਖ਼ਰੀ ਕੋਸ਼ਿਸ਼ ਵਿੱਚ ਨਾਕਾਮ ਹੋਣ ਕਾਰਨ ਉਹ ਬੁੱਧਵਾਰ ਨੂੰ ਇੱਥੇ ਮਹਿਲਾਵਾਂ ਦੇ 49 ਕਿਲੋ ਭਾਰ ਵਰਗ ਵਿੱਚ ਚੌਥੇ ਸਥਾਨ ’ਤੇ ਰਹਿੰਦਿਆਂ ਤਗ਼ਮੇ ਤੋਂ ਖੁੰਝ ਗਈ। ਮੀਰਾਬਾਈ ਨੇ ਸਨੈਚ ਵਿੱਚ 88 ਅਤੇ ਕਲੀਨ ਐਂਡ ਜਰਕ ਵਿੱਚ 111 ਵਿੱਚੋਂ ਰਾਹੀਂ ਕੁੱਲ 199 ਕਿਲੋ ਵਜ਼ਨ ਚੁੱਕਿਆ। ਇਸ ਨਾਲ ਉਹ ਮਹਿਜ਼ ਇੱਕ ਕਿਲੋ ਦੇ ਫ਼ਰਕ ਨਾਲ ਤਗ਼ਮੇ ਤੋਂ ਖੁੰਝ ਗਈ। ਮੀਰਾਬਾਈ ਨੇ ਮੁਕਾਬਲੇ ਮਗਰੋਂ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ ਕਿਉਂਕਿ ਮੈਨੂੰ ਸੱਟ ਤੋਂ ਉੱਭਰਨ ਮਗਰੋਂ ਤਿਆਰੀ ਲਈ ਬਹੁਤ ਘੱਟ ਸਮਾਂ ਮਿਲਿਆ ਸੀ।’’ ਉਸ ਨੇ ਕਿਹਾ, ‘‘ਮੈਂ ਅਭਿਆਸ ਦੌਰਾਨ 85 ਕਿਲੋ ਵਜ਼ਨ ਚੁੱਕ ਰਹੀ ਸੀ ਅਤੇ ਮੈਂ ਇਸ ਮੁਕਾਬਲੇ ਵਿੱਚ ਵੀ ਅਜਿਹਾ ਕੀਤਾ। ਮੈਨੂੰ ਕਲੀਨ ਐਂਡ ਜਰਕ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਨ ਦਾ ਭਰੋਸਾ ਸੀ। ਸਭ ਕੁੱਝ ਚੰਗਾ ਚੱਲ ਰਿਹਾ ਸੀ ਅਤੇ ਕੋਚ ਨੇ ਜੋ ਕੁੱਝ ਕਿਹਾ, ਮੈਂ ਉਸ ਦਾ ਪਾਲਣ ਕੀਤਾ। ਅੱਜ ਕਿਸਮਤ ਮੇਰੇ ਨਾਲ ਨਹੀਂ ਸੀ, ਜੋ ਮੈਂ ਤਗ਼ਮਾ ਨਹੀਂ ਜਿੱਤ ਸਕੀ ਪਰ ਮੈਂ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ।’’ ਚੀਨ ਦੀ ਮੌਜੂਦਾ ਓਲੰਪਿਕ ਚੈਂਪੀਅਨ ਹੋਊ ਜ਼ਿਹੂਈ ਨੇ ਕਲੀਨ ਐਂਡ ਜਰਕ ਵਿੱਚ ਓਲੰਪਿਕ ਰਿਕਾਰਡ ਨਾਲ ਸੋਨ ਤਗ਼ਮਾ ਜਿੱਤਿਆ। ਉਸ ਨੇ ਕੁੱਲ 206 (ਸਨੈਚ 89, ਕਲੀਨ ਐਂਡ ਜਰਕ 117) ਕਿਲੋ ਵਜ਼ਨ ਚੁੱਕਿਆ। ਰੋਮਾਨੀਆ ਦੀ ਵਾਲੇਂਟਿਨਾ ਕੈਮਬੇਈ 206 (92 ਅਤੇ 112) ਕਿਲੋ ਨਾਲ ਚਾਂਦੀ ਅਤੇ ਥਾਈਲੈਂਡ ਦੀ ਸੁਰੋਦਚਨਾ ਖਾਮਬੋ 200 (88 ਅਤੇ 112) ਕਿਲੋ ਨਾਲ ਕਾਂਸੇ ਦਾ ਤਗ਼ਮਾ ਜਿੱਤਣ ਵਿੱਚ ਸਫਲ ਰਹੀ। -ਪੀਟੀਆਈ