ਹਿਮਾਚਲ ਦੇ ਮੰਤਰੀ ਨਹੀਂ ਲੈਣਗੇ ਦੋ ਮਹੀਨਿਆਂ ਦੀ ਤਨਖ਼ਾਹ
ਸ਼ਿਮਲਾ, 29 ਅਗਸਤ
ਸੂਬੇ ਦੀ ਖ਼ਰਾਬ ਵਿੱਤੀ ਹਾਲਤ ਨੂੰ ਦੇਖਦਿਆਂ ਹਿਮਾਚਲ ਪ੍ਰਦੇਸ਼ ਦੇ ਮੰਤਰੀ ਆਪਣੀ ਦੋ ਮਹੀਨਿਆਂ ਦੀ ਤਨਖ਼ਾਹ ਅਤੇ ਭੱਤੇ ਨਹੀਂ ਲੈਣਗੇ। ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਵਿਧਾਨ ਸਭਾ ’ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਸੰਸਦੀ ਸਕੱਤਰ ਅਤੇ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਤੇ ਉਪ ਚੇਅਰਮੈਨ ਵੀ ਆਪਣੀਆਂ ਦੋ ਮਹੀਨਿਆਂ ਦੀਆਂ ਤਨਖ਼ਾਹਾਂ ਨਹੀਂ ਲੈਣਗੇ। ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੌਰਾਨ ਮੁੱਖ ਮੰਤਰੀ ਸੁੱਖੂ ਨੇ ਸਦਨ ’ਚ ਕਿਹਾ, ‘ਮੈਂ ਸਾਰੇ ਵਿਧਾਇਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੀ ਦੋ ਮਹੀਨਿਆਂ ਦੀ ਤਨਖ਼ਾਹ ਨਾ ਲੈਣ। ਮਾਲੀਆ ਵਧਾਉਣ ਅਤੇ ਬੇਕਾਰ ਖ਼ਰਚੇ ਘਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਨਤੀਜੇ ਮਿਲਣ ’ਚ ਅਜੇ ਸਮਾਂ ਲੱਗੇਗਾ।’ ਸੂਬੇ ਦੀ ਵਿੱਤੀ ਹਾਲਤ ’ਤੇ ਚਿੰਤਾ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 2023-24 ਲਈ ਵਿੱਤੀ ਘਾਟਾ ਗ੍ਰਾਂਟ 8058 ਕਰੋੜ ਰੁਪਏ ਸੀ, ਜੋ ਮੌਜੂਦਾ ਵਿੱਤੀ ਵਰ੍ਹੇ ’ਚ 1,800 ਕਰੋੜ ਰੁਪਏ ਘੱਟ ਕੇ 6,258 ਕਰੋੜ ਰੁਪਏ ਰਹਿ ਗਈ ਹੈ। ਉਨ੍ਹਾਂ ਕਿਹਾ ਕਿ 2025-26 ’ਚ ਵਿੱਤੀ ਘਾਟਾ ਗ੍ਰਾਂਟ 3 ਹਜ਼ਾਰ ਕਰੋੜ ਰੁਪਏ ਹੋਰ ਘੱਟ ਕੇ 3,257 ਕਰੋੜ ਰੁਪਏ ਰਹਿ ਜਾਵੇਗੀ, ਜਿਸ ਨਾਲ ਹੋਰ ਮੁਸ਼ਕਲ ਪੈਦਾ ਹੋ ਜਾਵੇਗੀ। -ਆਈਏਐੱਨਐੱਸ