ਮੰਤਰੀ ਨੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 28 ਦਸੰਬਰ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਥਾਨਕ ਸ਼ਹਿਰ ’ਚ ਦੋ ਹੋਰ ਅਹਿਮ ਪ੍ਰਾਜੈਕਟਾਂ ਦੀ ਰਸਮੀ ਸ਼ੁਰੂਆਤ ਕੀਤੀ ਹੈ। ਸ਼ਹਿਰ ਦੇ ਵਿਚਕਾਰ ਸਥਿਤ ਪ੍ਰਾਚੀਨ ਮਾਤਾ ਮੋਦੀ ਮੰਦਰ ਦੇ ਸਾਹਮਣੇ ਲਗਪਗ 75 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਖੂਬਸੂਰਤ ਗਾਰਡਨ ਦਾ ਨੀਹ ਪੱਥਰ ਰੱਖਿਆ। ਅਮਨ ਅਰੋੜਾ ਨੇ ਇਸ ਮੌਕੇ ਦੱਸਿਆ ਕਿ ਇਹ ਇਲਾਕਾ ਪਿਛਲੇ ਕਈ ਦਹਾਕਿਆਂ ਤੋਂ ਵਿਕਾਸ ਪੱਖੋਂ ਅਣਗੌਲਿਆ ਪਿਆ ਸੀ ਅਤੇ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਇਸ ਦੀ ਨੁਹਾਰ ਬਦਲਣ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਪਾਰਕ ਵਾਲੀ ਇਹ ਥਾਂ ਕਾਫੀ ਨੀਵੀਂ ਹੋਣ ਕਾਰਨ ਅਕਸਰ ਬਰਸਾਤੀ ਪਾਣੀ ਕਈ ਕਈ ਦਿਨ ਇੱਥੇ ਖੜ੍ਹਾ ਰਹਿੰਦਾ ਹੈ ਅਤੇ ਹੁਣ ਇਸ ਦਾ ਸਥਾਈ ਹੱਲ ਕਰਨ ਦਾ ਕੰਮ ਆਰੰਭਿਆ ਗਿਆ ਹੈ ਅਤੇ ਪਾਰਕ ਦਾ ਕਾਇਆ ਕਲਪ ਕਰਕੇ ਵਿਕਸਿਤ ਕੀਤੇ ਜਾ ਰਹੇ ਇਸ ਗਾਰਡਨ ਦੇ ਮੁਕੰਮਲ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਜਿੱਥੇ ਸੈਰ ਕਰਨ ਲਈ ਇੱਕ ਬਿਹਤਰੀਨ ਸਥਾਨ ਉਪਲਬਧ ਹੋਵੇਗਾ, ਉਥੇ ਹੀ ਬਰਸਾਤੀ ਪਾਣੀ ਦੇ ਨਿਕਾਸ ਸਬੰਧੀ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਰਹੇਗੀ। ਇਸ ਉਪਰੰਤ ਕੈਬਨਿਟ ਮੰਤਰੀ ਨੇ ਨਵੀਂ ਅਨਾਜ ਮੰਡੀ ਦੀ ਡਿਸਪੋਜ਼ਲ ਸਾਈਟ ਦੇ ਆਲੇ ਦੁਆਲੇ ਚਾਰਦੀਵਾਰੀ ਕਰਨ ਦੇ ਪ੍ਰਾਜੈਕਟ ਦੀ ਰਸਮੀ ਸ਼ੁਰੂਆਤ ਵੀ ਕੀਤੀ। ਪ੍ਰਾਜੈਕਟ ’ਤੇ ਲਗਭਗ 18 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਮਾਰਕੀਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਸੀਨੀਅਰ ਆਗੂ ਜਤਿੰਦਰ ਜੈਨ, ਆਸ਼ਾ ਬਜਾਜ, ਵਿੱਕੀ ਸੰਤੋਸ਼ ਰਾਣੀ ਤੇ ਸਾਹਿਬ ਸਿੰਘ ਆਦਿ ਹਾਜ਼ਰ ਸਨ।