ਮੰਤਰੀ ਬਲਕਾਰ ਸਿੰਘ ਵੱਲੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ
ਪੱਤਰ ਪ੍ਰੇਰਕ
ਜਲੰਧਰ, 22 ਜੁਲਾਈ
ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਸ਼ਨਿਚਰਵਾਰ ਨੂੰ ਬਰਸਾਤੀ ਪਾਣੀ ਨਾਲ ਭਰਨ ਵਾਲੀਆਂ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦਾ ਨਿਰੀਖਣ ਕੀਤਾ। ਉਨ੍ਹਾਂ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਂ ਨੂੰ ਦੂਰ ਕਰਨ ਲਈ ਸੁਚਾਰੂ ਡਰੇਨੇਜ਼ ਵਿਵਸਥਾ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਕੀਤੀਆਂ।
ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਅਤੇ ਹੋਰ ਅਧਿਕਾਰੀਆਂ ਸਣੇ ਦੌਰਾ ਕਰਦਿਆਂ ਨਿਰਦੇਸ਼ ਦਿੱਤੇ ਕਿ ਜ਼ਮੀਨਦੋਜ਼ ਡਰੇਨੇਜ਼ ਪ੍ਰਣਾਲੀ ਨੂੰ ਦਰੁਸਤ ਕੀਤਾ ਜਾਵੇ। ਨਗਰ ਨਿਗਮ ਕਮਿਸ਼ਨਰ ਨੇ ਸਥਾਨਕ ਸਰਕਾਰਾਂ ਮੰਤਰੀ ਨੂੰ ਦੱਸਿਆ ਕਿ 120 ਫੁੱਟੀ ਰੋਡ ਅਤੇ ਫੋਲੜੀਵਾਲ ’ਤੇ ਭਰਵੇਂ ਮੀਂਹ ਦੌਰਾਨ ਇਕੱਠੇ ਹੋਏ ਪਾਣੀ ਨੂੰ ਕੱਢਣ ਲਈ ਸਾਰੇ ਪੰਪ ਕੰਮ ਕਰ ਰਹੇ ਹਨ। ਨਗਰ ਨਿਗਮ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਸਾਰੇ ਕਰਮਚਾਰੀਆਂ ਵੱਲੋਂ ਫੀਲਡ ਵਿੱਚ ਰਹਿ ਕੇ ਬਰਸਾਤ ਦੇ ਪਾਣੀ ਨੂੰ ਸੜਕਾਂ ਤੋਂ ਕੱਢਣ ਨੂੰ ਯਕੀਨੀ ਬਣਾਇਆ ਗਿਆ।
ਸਥਾਨਕ ਸਰਕਾਰਾਂ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਮ ਦਨਿਾਂ ਦੌਰਾਨ ਸੀਵਰੇਜ ਪ੍ਰਣਾਲੀ ਨੂੰ ਪੂਰਨ ਤੌਰ ’ਤੇ ਸਾਫ਼ ਕੀਤਾ ਜਾਵੇ। ਉਨ੍ਹਾਂ ਇਸ ’ਤੇ ਵੀ ਜ਼ੋਰ ਦਿੱਤਾ ਕਿ ਨੀਵੇਂ ਇਲਾਕਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਸੈਨੇਟਰੀ ਸਟਾਫ਼ ਵੱਖ-ਵੱਖ ਥਾਵਾਂ ’ਤੇ ਸੀਵਰੇਜ ਪ੍ਰਣਾਲੀ ਨੂੰ ਸਾਫ਼ ਕਰਨ ਵਿੱਚ ਵਿਅਸਤ ਰਿਹਾ ਤੇ ਜਲਦ ਤੋਂ ਜਲਦ ਸੜਕਾਂ ਨੂੰ ਸਾਫ਼ ਕਰਕੇ ਲੋਕਾਂ ਨੂੰ ਸਹੂਲਤ ਪਹੁੰਚਾਈ ਗਈ।