For the best experience, open
https://m.punjabitribuneonline.com
on your mobile browser.
Advertisement

ਸ਼ਿਵਾਲਿਕ ਦੇ ਜੰਗਲਾਂ ’ਚ ਮਾਈਨਿੰਗ ਮਾਫ਼ੀਆ ਦਾ ਕਹਿਰ

07:10 AM Jan 14, 2025 IST
ਸ਼ਿਵਾਲਿਕ ਦੇ ਜੰਗਲਾਂ ’ਚ ਮਾਈਨਿੰਗ ਮਾਫ਼ੀਆ ਦਾ ਕਹਿਰ
ਪਿੰਡ ਕੁਨੈਲ ਦੇ ਜੰਗਲ ਵਿੱਚ ਪਹਾੜਾਂ ਨੂੰ ਖੋਦ ਕੇ ਕੱਢੀ ਜਾ ਖਣਨ ਸਮੱਗਰੀ।
Advertisement

ਜੰਗ ਬਹਾਦਰ ਸੇਖੋਂ
ਗੜ੍ਹਸ਼ੰਕਰ, 13 ਜਨਵਰੀ
ਸਥਾਨਕ ਤਹਿਸੀਲ ਦੇ ਕੰਢੀ ਖੇਤਰ ਅਧੀਨ ਸ਼ਿਵਾਲਿਕ ਦੇ ਜੰਗਲਾਂ ਵਿੱਚ ਮਾਈਨਿੰਗ ਮਾਫੀਆ ਦੀਆਂ ਸਰਗਰਮੀਆਂ ਵਧਦੀਆਂ ਜਾ ਰਹੀਆਂ ਹਨ ਪਰ ਇਸ ਸਬੰਧੀ ਜੰਗਲਾਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਚੁੱਪੀ ਧਾਰ ਕੇ ਬੈਠਾ ਹੈ। ਕੰਢੀ ਦੇ ਪਿੰਡਾਂ ਬਾਰਾਪੁਰ, ਰਾਮ ਪੁਰ, ਬਿਲੜੋਂ, ਹਾਜੀਪੁਰ ਜਮਾਲਪੁਰ ਤੇ ਕੁਨੈਲ ਆਦਿ ਪਿੰਡਾਂ ਦੇ ਸੈਂਕੜੇ ਏਕੜ ਜੰਗਲੀ ਰਕਬੇ ਵਿੱਚ ਪਹਾੜਾਂ ਨੂੰ ਖੋਦ ਕੇ ਪੱਥਰ ਅਤੇ ਰੇਤ ਦੀ ਚੁਕਾਈ ਕੀਤੀ ਜਾ ਰਹੀ ਹੈ। ਪਿੰਡ ਚਾਂਦਪੁਰ ਰੁੜਕੀ ਅਤੇ ਰਾਮ ਪੁਰ ਬਿਲੜੋ ਦੀ ਜੰਗਲੀ ਹੱਦ ਨੇੜੇ ਲੱਗੇ ਕਰੱਸ਼ਰ ਚਾਲਕਾਂ ਵੱਲੋਂ ਇਸ ਨਾਜਾਇਜ਼ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਲਾਕੇ ਦੇ ਲੋਕਾਂ ਅਨੁਸਾਰ ਮਾਈਨਿੰਗ ਮਾਫੀਆ ਦੇ ਵਿਰੁੱਧ ਪ੍ਰਸ਼ਾਸਨ ਵੱਲੋਂ ਕਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਮਾਫੀਆ ਦੇ ਹੌਸਲੇ ਲਗਾਤਾਰ ਵੱਧਦੇ ਜਾ ਰਹੇ ਹਨ। ਚਾਂਦ ਪੁਰ ਰੁੜਕੀ ਪਿੰਡ ਵਿੱਚ ਚੱਲਦੇ ਕਰੱਸ਼ਰ ਬਾਰੇ ਵਣ ਰੇਂਜ ਗੜ੍ਹਸ਼ੰਕਰ ਜਾਂ ਬਲਾਚੌਰ ਦਾ ਕੋਈ ਵੀ ਕਰਮਚਾਰੀ ਇਸ ਮਾਈਨਿੰਗ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀ ਹੈ। ਗੜ੍ਹਸ਼ੰਕਰ ਵਾਲੇ ਇਸ ਜੰਗਲ ਨੂੰ ਬਲਾਚੌਰ ਦਾ ਹਿੱਸਾ ਦਸ ਰਹੇ ਹਨ ਜਦ ਕਿ ਬਲਾਚੌਰ ਵਾਲੇ ਇਸ ਜੰਗਲ ਨੂੰ ਗੜ੍ਹਸ਼ੰਕਰ ਦਾ ਹਿੱਸਾ ਦਸ ਕੇ ਪੱਲਾ ਝਾੜ ਲੈਂਦੇ ਹਨ। ਬਲਾਚੌਰ ਦੇ ਬਲਾਕ ਅਫਸਰ ਸੁਰਿੰਦਰ ਪਾਲ ਅਨੁਸਾਰ ਇਹ ਜੰਗਲ ਸਾਡੀ ਹੱਦ ਤੋਂ ਬਾਹਰ ਗੜ੍ਹਸ਼ੰਕਰ ਦਾ ਹੈ। ਦੂਜੇ ਪਾਸੇ ਗੜ੍ਹਸ਼ੰਕਰ ਡੀਐੱਫਓ ਦਫਤਰ ਦੇ ਅਧਿਕਾਰੀਆਂ ਅਨੁਸਾਰ ਇਸ ਰਕਬਾ ਦੀ ਨਾਜਾਇਜ਼ ਮਾਈਨਿੰਗ ਸਬੰਧੀ ਕੋਈ ਵੀ ਕਾਰਵਾਈ ਬਲਾਚੌਰ ਦੇ ਬਲਾਕ ਅਧਿਕਾਰੀ ਹੀ ਕਰਨ ਦੇ ਸਮਰੱਥ ਹਨ। ਦੱਸਣਾ ਬਣਦਾ ਹੈ ਕਿ ਉਕਤ ਪਿੰਡਾਂ ਦੇ ਜੰਗਲ ਵਿੱਚੋਂ ਨਿਕਲਦੀਆਂ ਖੱਡਾਂ ਵਿੱਚੋਂ ਵੀ ਰੇਤ ਅਤੇ ਮਿੱਟੀ ਦੀ ਵੀ ਲਗਾਤਾਰ ਚੁਕਾਈ ਹੋ ਰਹੀ ਹੈ ਅਤੇ ਖਣਨ ਸਮੱਗਰੀ ਲੈ ਕੇ ਨਿਕਲਦੇ ਓਵਰਲੋਡਡ ਵਾਹਨ ਇਲਾਕੇ ਦੀਆਂ ਲਿੰਕ ਸੜਕਾਂ ਬਰਬਾਦ ਕਰ ਰਹੇ ਹਨ। ਸਮਾਜ ਸੇਵੀ ਸੁਖਵਿੰਦਰ ਸਿੰਘ ਅਨੁਸਾਰ ਇਹ ਰਕਬਾ ਸਾਰਾ ਰਕਬਾ ਜੰਗਲਾਤ ਐਕਟ ਦੀ ਧਾਰਾ 4 ਅਤੇ ਪੰਜ ਅਧੀਨ ਆਉਂਦਾ ਹੈ ਜਿੱਥੇ ਕਿਸੇ ਵੀ ਵਪਾਰਕ ਗਤੀਵਿਧੀ ਦੀ ਪੂਰੀ ਮਨਾਹੀ ਹੈ। ਇਲਾਕੇ ਦੇ ਲੋਕਾਂ ਨੇ ਇਸ ਸਬੰਧੀ ਕਾਰਵਾਈ ਲਈ ਪੁਰਜ਼ੋਰ ਮੰਗ ਕੀਤੀ ਹੈ।

Advertisement

Advertisement
Advertisement
Author Image

joginder kumar

View all posts

Advertisement