ਰਾਸ਼ਟਰੀ ਯੁਵਕ ਦਿਵਸ ਸਬੰਧੀ ਲੇਖ ਰਚਨਾ ਮੁਕਾਬਲੇ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 13 ਜਨਵਰੀ
ਇੱਥੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿੱਚ ਕੌਮੀ ਸੇਵਾ ਯੋਜਨਾ ਯੂਨਿਟ ਵੱਲੋਂ ਐਜੂਕੇਸ਼ਨ ਵਿਭਾਗ ਅਤੇ ਸੋਸ਼ਿਅਲ ਐਂਟਰਪਨਿਓਰਸ਼ਿਪ ਸਵੱਛਤਾ ਰੂਰਲ ਇੰਗੇਜਮੈਂਟ ਸੈੱਲ (ਸੈਸਰੈਕ) ਦੇ ਸਹਿਯੋਗ ਨਾਲ ਰਾਸ਼ਟਰੀ ਯੁਵਕ ਦਿਵਸ ’ਤੇ ਲੇਖ ਰਚਨਾ ਮੁਕਾਬਲਾ ਅਤੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ‘ਰਾਸ਼ਟਰ-ਨਿਰਮਾਣ ਵਿੱਚ ਯੁਵਾ ਪੀੜ੍ਹੀ ਦੀ ਭੂਮਿਕਾ’ ਵਿਸ਼ੇ ’ਤੇ ਕਰਵਾਏ ਗਏ ਲੇਖ ਰਚਨਾ ਮੁਕਾਬਲੇ ਵਿੱਚ ਵਿਦਿਆਰਥੀ ਕੁਲਦੀਪ ਕੁਮਾਰ ਨੇ ਪਹਿਲਾ ਸਥਾਨ, ਚਰਨਜੀਤ ਕੌਰ ਨੇ ਦੂਜਾ, ਰਾਵੀਆ ਅਗਰਵਾਲ ਤੇ ਅਵਨੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਆਪਣਾ ਯੋਗਦਾਨ ਦੇਣ ਦੀ ਸਹੁੰ ਚੁੱਕੀ।
ਕਾਲਜ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਵਿਦਿਆਰਥੀਆਂ ਨੂੰ ਸਰੀਰਿਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ ਦੇ ਗੁਰ ਦੱਸੇ ਅਤੇ ਸਵਾਮੀ ਵਿਵੇਕਾਨੰਦ ਦੇ ਜੀਵਨ ਤੋਂ ਸੇਧ ਲੈਂਦਿਆ ਦੇਸ਼ ਦੀ ਸੇਵਾ ਵਿੱਚ ਵੱਖ-ਵੱਖ ਤਰੀਕਿਆਂ ਨਾਲ ਆਪਣਾ ਯੋਗਦਾਨ ਦਿੰਦੇ ਰਹਿਣ ਲਈ ਪ੍ਰੇਰਿਤ ਕੀਤਾ। ਸੀਨੀਅਰ ਪ੍ਰੋ. ਲਖਵਿੰਦਰਜੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਐੱਨ.ਐੱਸ.ਐੱਸ. ਕੋਆਰਡੀਨੇਟਰ ਡਾ. ਅਰਵਿੰਦਰ ਸਿੰਘ ਅਤੇ ਡਾ. ਨਰੇਸ਼ ਕੁਮਾਰੀ, ਸੈਸਰੈਕ ਦੇ ਕੋਆਰਡੀਨੇਟਰ ਡਾ. ਮਨਬੀਰ ਕੌਰ, ਰੈੱਡ ਰਿਬਨ ਦੇ ਕੋਆਰਡੀਨੇਟਰ ਡਾ. ਅਰਵਿੰਦਰ ਕੌਰ ਅਤੇ ਐਜੂਕੇਸ਼ਨ ਵਿਭਾਗ ਦੇ ਪ੍ਰੋ. ਕਿਰਨਜੋਤ ਕੌਰ ਆਦਿ ਹਾਜ਼ਰ ਹੋਏ।