ਬਲਾਹੜ ਮਹਿਮਾ ਨੇੜੇ ਮਿਨੀ ਬੱਸ ਪਲਟੀ, ਦੋ ਦਰਜਨ ਸਵਾਰੀਆਂ ਜ਼ਖ਼ਮੀ
ਮਨੋਜ ਸ਼ਰਮਾ
ਗੋਨਿਆਣਾ ਮੰਡੀ, 12 ਫਰਵਰੀ
ਇੱਥੋਂ ਨੇੜਲੇ ਪਿੰਡ ਬਲਾਹੜ ਮਹਿਮਾ ਅਤੇ ਅਕਲੀਆ ਕਲਾਂ ਨੇੜੇ ਦੇਰ ਸ਼ਾਮ 7 ਵਜੇ ਦੇ ਕਰੀਬ ਇਕ ਨਿੱਜੀ ਮਿਨੀ ਬੱਸ ਪਲਟ ਗਈ। ਇਸ ਹਾਦਸੇ ਵਿੱਚ 24 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ। ਜ਼ਖਮੀ ਸਵਾਰੀਆਂ ਨੂੰ ਪਿੰਡ ਦੇ ਲੋਕਾਂ ਨੇ ਬੱਸ ਵਿੱਚੋਂ ਬਾਹਰ ਕੱਢਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਬਠਿੰਡਾ ਤੋਂ ਪੁੱਜੇ ਨੌਜਵਾਨ ਵੈੱਲਫੇਅਰ ਅਤੇ 108 ਦੇ ਕਾਰਕੁਨਾਂ ਵੱਲੋਂ ਸਵਾਰੀਆਂ ਨੂੰ ਗੋਨਿਆਣਾ ਅਤੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਅੱਧੀ ਦਰਜਨ ਤੋਂ ਵੱਧ ਜ਼ਖਮੀ ਸਵਾਰੀਆਂ ਨੂੰ ਬਠਿੰਡਾ ਦੇ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ ਹੈ।
ਲੋਕਾਂ ਨੇ ਦੱਸਿਆ ਕਿ ਸ਼ਾਮ ਸਮੇਂ ਬਰਾੜ ਬੱਸ ਸਰਵਿਸ ਦੀ ਮਿਨੀ ਬੱਸ ਨੰਬਰ ਪੀਬੀ03ਏ-9312 ਬਠਿੰਡਾ ਤੋਂ ਰਵਾਨਾ ਹੋਈ ਸੀ। ਬਲਾਹੜ ਮਹਿਮਾ ਅਤੇ ਅਕਲੀਆਂ ਕਲਾਂ ਨੇੜੇ ਬਣੇ ਪੋਲਟਰੀ ਫਾਰਮ ਕੋਲ ਬੱਸ ਪਲਟ ਗਈ। ਬੱਸ ਨੂੰ ਡਰਾਈਵਰ ਲੱਖਾ ਸਿੰਘ ਚਲਾ ਰਿਹਾ ਸੀ। ਲੋਕਾਂ ਨੇ ਦੱਸਿਆ ਕਿ ਬੱਸ ਵਿੱਚ ਦੋ ਔਰਤਾਂ ਆਪਸ ਵਿੱਚ ਝਗੜ ਰਹੀਆਂ ਸਨ ਜਿਸ ਕਾਰਨ ਡਰਾਈਵਰ ਬੱਸ ’ਤੇ ਆਪਣਾ ਕੰਟਰੋਲ ਗੁਆ ਬੈਠਾ ਅਤੇ ਬੱਸ ਪਲਟ ਗਈ। ਇਸ ਦੌਰਾਨ ਸਵਾਰੀਆਂ ਨੇ ਚੀਕ ਚਿਹਾੜਾ ਪਾ ਦਿੱਤਾ। ਜ਼ਖਮੀਆਂ ਵਿੱਚ ਔਰਤਾਂ ਦੀ ਗਿਣਤੀ ਵੱਧ ਸੀ। ਨੌਜਵਾਨ ਵੈੱਲਫ਼ੇਅਰ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਪੰਜ ਐਂਬੂਲੈਂਸਾਂ ਮੌਕੇ ’ਤੇ ਪੁੱਜੀਆਂ। ਜ਼ਖ਼ਮੀਆਂ ਦੀ ਪਛਾਣ ਡਰਾਈਵਰ ਲੱਖਾ ਸਿੰਘ, ਅਮਨਦੀਪ ਕੌਰ ਪਿੰਡ ਦਾਨ ਸਿੰਘ ਵਾਲਾ, ਜਸਵਿੰਦਰ ਕੌਰ ਕੋਠੇ ਬੁੱਧ ਸਿੰਘ ਵਾਲਾ, ਅਮਨਪ੍ਰੀਤ ਕੌਰ ਬਲਾਹੜ ਮਹਿਮਾ, ਮੂਰਤੀ ਕੌਰ ਦਾਨ ਸਿੰਘ ਵਾਲਾ, ਪਰਮਜੀਤ ਕੌਰ ਦਾਨ ਸਿੰਘ ਵਾਲਾ, ਸੁਰਜੀਤ ਕੌਰ ਪਿੰਡ ਗੰਗਾ ਅਬਲੂ, ਸਤਪਾਲ ਕੌਰ ਦਾਨ ਸਿੰਘ ਵਾਲਾ, ਮਨਪ੍ਰੀਤ ਕੌਰ ਬਲਾਹੜ ਮਹਿਮਾ, ਰਾਜਦੀਪ ਕੌਰ ਦਾਨ ਸਿੰਘ ਵਾਲਾ, ਸੰਦੀਪ ਕੌਰ ਵਾਸੀ ਬਲਾਹੜ ਮਹਿਮਾ ਵਜੋਂ ਹੋਈ ਹੈ। ਇਹ ਸਾਰੇ ਹਸਪਤਾਲ ਵਿੱਚ ਦਾਖ਼ਲ ਹਨ। ਦੋ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਮੌਕੇ ’ਤੇ ਪਹੁੰਚੀ ਥਾਣਾ ਨੇਹੀਆਂ ਵਾਲਾ ਦੀ ਪੁਲੀਸ ਨੇ ਕਾਰਵਾਈ ਆਰੰਭ ਦਿੱਤੀ ਹੈ।
ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਵਿੱਚ ਦੋ ਹਲਾਕ
ਜੋਗਾ (ਸ਼ੰਗਾਰਾ ਸਿੰਘ ਅਕਲੀਆ): ਮਾਨਸਾ-ਬਰਨਾਲਾ ਮੁੱਖ ਮਾਰਗ ’ਤੇ ਸਥਿਤ ਪਿੰਡ ਰੱਲਾ ਮਾਈ ਭਾਗੋ ਕਾਲਜ ਰੱਲਾ ਨੇੜੇ ਅੱਜ ਇੱਕ ਮਾਰੂਤੀ ਸਵਿਫ਼ਟ ਤੇ ਬਰੇਜ਼ਾ ਵਿਚਾਲੇ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ ਨੌਜਵਾਨ ਅਤੇ ਇੱਕ ਬਿਰਧ ਮਹਿਲਾ ਦੀ ਥਾਂ ’ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਵਾਸੀ ਸ਼ਹਿਰ ਜੋਗਾ ਨਵੀਂ ਸਵਿਫ਼ਟ ਕਾਰ ਲੈਣ ਦੀ ਖੁਸ਼ੀ ਵਿੱਚ ਚਹਿਲਾਂ ਦੇ ਮੱਕੇ ਵਜੋਂ ਜਾਣੇ ਜਾਂਦੇ ਬਾਬਾ ਜੋਗੀ ਪੀਰ ਦੀ ਥਾਂ ’ਤੇ ਮੱਥਾ ਟੇਕ ਕੇ ਵਾਪਸ ਜੋਗਾ ਵੱਲ ਆ ਰਿਹਾ ਸੀ। ਇਸ ਦੌਰਾਨ ਜਦੋਂ ਮਾਈ ਭਾਗੋ ਕਾਲਜ ਰੱਲਾ ਨੇੜੇ ਉਨ੍ਹਾਂ ਦੀ ਕਾਰ ਦੀ ਟੱਕਰ ਸਾਹਮਣੇ ਤੋਂ ਆ ਰਹੀ ਬਰੇਜ਼ਾ ਕਾਰ ਨਾਲ ਹੋ ਗਈ। ਦੋਵੇਂ ਕਾਰਾਂ ਦਾ ਸੰਤੁਲਨ ਵਿਗੜਨ ਕਾਰਨ ਇਹ ਟੱਕਰ ਹੋਈ ਜਿਸ ਵਿੱਚ ਸੁਰਜੀਤ ਸਿੰਘ (40) ਪੁੱਤਰ ਬਲਦੇਵ ਸਿੰਘ ਵਾਸੀ ਸ਼ਹਿਰ ਜੋਗਾ ਅਤੇ ਸ਼ਾਂਤੀ ਦੇਵੀ (65) ਪਤਨੀ ਹਰਦੇਵ ਸਿੰਘ ਵਾਸੀ ਮੌੜ ਨਾਭਾ, ਜ਼ਿਲ੍ਹਾ ਬਰਨਾਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਹਾਦਸੇ ਵਿੱਚ ਗੰਭੀਰ ਜਖ਼ਮੀ ਹੋਏ ਮਲਕੀਤ ਸਿੰਘ ਨੂੰ ਸਿਵਲ ਹਸਪਤਾਲ ਮਾਨਸਾ ਵਿੱਚ ਦਾਖਲ ਕਰਵਾਇਆ ਗਿਆ ਹੈ। ਥਾਣਾ ਜੋਗਾ ਦੀ ਮੁਖੀ ਬੇਅੰਤ ਕੌਰ ਨੇ ਦੱਸਿਆ ਕਿ ਪੁਲੀਸ ਨੇ ਧਾਰਾ 304 ਏ, 279, 335, 427 ਅਧੀਨ ਪਰਚਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦਾ ਸਰਕਾਰੀ ਹਸਪਤਾਲ ਮਾਨਸਾ ਤੋਂ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ।