ਮਿੰਨੀ ਕਹਾਣੀਆਂ
ਗੂੰਜ
ਮਾ. ਹਰਭਿੰਦਰ ਸਿੰਘ ‘ਮੁੱਲਾਂਪੁਰ’
ਰੁਜ਼ਗਾਰ ਦੀ ਮੰਗ ਕਰ ਰਹੇ ਨੌਜਵਾਨਾਂ ’ਤੇ ਬੇਤਹਾਸ਼ਾ ਡੰਡੇ ਵਰ੍ਹਾਉਂਦਿਆਂ ਆਪਣੇ ਪੁਲੀਸ ਅਫਸਰ ਪਿਤਾ ਦੀ ਸ਼ੋਸਲ ਮੀਡੀਆ ’ਤੇ ਵਾਇਰਲ ਹੋਈ ਵੀਡਿਓ ਵੇਖ ਕੇ ਨੌਜਵਾਨ ਪੁੱਤਰ ਨੇ ਬੜੀ ਗੰਭੀਰਤਾ ਨਾਲ ਜ਼ਾਲਮਾਨਾ ਰਵੱਈਏ ਦਾ ਕਾਰਨ ਪੁੱਛਿਆ। ਪਿਤਾ ਨੇ ਮੁੱਛਾਂ ਨੂੰ ਤਾਅ ਦਿੰਦਿਆਂ ਕਿਹਾ, ‘‘ਪੁੱਤਰ ਜੀ, ਮੈਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦਾ ਹਾਂ। ਮੇਰੇ ਫ਼ਰਜ਼ਾਂ ਅੱਗੇ ਭਾਵਨਾਵਾਂ ਦੀ ਕੋਈ ਕਦਰ ਨਹੀਂ ਹੈ।’’ ਪੁੱਤਰ ਨੇ ਆਪਣੇ ਪਿੰਡੇ ’ਤੇ ਗੁੱਝੀਆਂ ਸੱਟਾਂ ਵਿਖਾਉਂਦਿਆਂ ਕਿਹਾ, ‘‘ਤੁਸੀਂ ਸਹੀ ਆਖਦੇ ਹੋ, ਪਿਤਾ ਜੀ। ਇਹ ਨਿਸ਼ਾਨ ਤੁਹਾਡੇ ਤੋਂ ਹੇਠਲੇ ਦਰਜੇ ਦੇ ਇੱਕ ਪੁਲੀਸ ਮੁਲਾਜ਼ਮ ਦੇ ਡੰਡਿਆਂ ਅਤੇ ਠੁੱਡਿਆਂ ਕਾਰਨ ਪਏ ਹਨ ਕਿਉਂ ਜੋ ਅਸੀਂ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਵਾਸਤੇ ਮੁਜ਼ਾਹਰਾ ਕਰ ਰਹੇ ਸੀ।’’ ਪੁਲੀਸ ਅਫਸਰ ਪਿਤਾ ਦੇ ਕੰਨਾਂ ਵਿੱਚ ਡਾਂਗਾਂ ਦੀ ਪੀੜ ਝੱਲਦੇ ਬੇਰੁਜ਼ਗਾਰ ਦੇ ਨਾਅਬੇ ਗੂੰਜਣ ਲੱਗੇ।
ਸੰਪਰਕ: 94646-01001
* * *
ਮਸਰਾਂ ਦੀ ਦਾਲ
ਮਹਿੰਦਰ ਸਿੰਘ ਮਾਨ
ਰਾਤ ਦੇ ਨੌਂ ਕੁ ਵੱਜਣ ਵਾਲੇ ਸਨ। ਭੀਰੋ ਨੇ ਆਪਣੇ ਪਤੀ ਮੇਸ਼ੀ ਦੀ ਉਡੀਕ ਕਰਨ ਪਿੱਛੋਂ ਆਪਣੇ ਦੋਵੇਂ ਬੱਚਿਆਂ ਨੂੰ ਰੋਟੀ ਖੁਆ ਕੇ ਆਪ ਵੀ ਰੋਟੀ ਖਾ ਲਈ। ਅਚਾਨਕ ਕਮਰੇ ਦਾ ਦਰਵਾਜ਼ਾ ਖੜਕਿਆ। ਭੀਰੋ ਨੇ ਦਰਵਾਜ਼ਾ ਖੋਲ੍ਹ ਕੇ ਵੇਖਿਆ, ਉਸ ਦਾ ਪਤੀ ਮੇਸ਼ੀ ਸ਼ਰਾਬ ਨਾਲ ਰੱਜਿਆ ਖੜ੍ਹਾ ਸੀ। ਅੰਦਰ ਆ ਕੇ ਉਸ ਨੇ ਭੀਰੋ ਨੂੰ ਰੋਟੀ ਲਿਆਉਣ ਨੂੰ ਕਿਹਾ। ਭੀਰੋ ਨੇ ਮਸਰਾਂ ਦੀ ਦਾਲ ਕੌਲੀ ਵਿੱਚ ਪਾ ਕੇ ਅਤੇ ਚਾਰ ਰੋਟੀਆਂ ਥਾਲ ਵਿੱਚ ਰੱਖ ਕੇ ਥਾਲ ਉਸ ਦੇ ਅੱਗੇ ਰੱਖ ਦਿੱਤਾ। ਉਹ ਮਸਰਾਂ ਦੀ ਦਾਲ ਨੂੰ ਵੇਖ ਕੇ ਉੱਚੀ ਆਵਾਜ਼ ਵਿੱਚ ਬੋਲਿਆ, ‘‘ਰੋਜ਼ ਈ ਮਸਰਾਂ ਦੀ ਦਾਲ ਬਣਾ ਲੈਂਨੀ ਐਂ, ਕੋਈ ਸਬਜ਼ੀ ਨ੍ਹੀਂ ਬਣਾ ਹੁੰਦੀ!’’ ‘‘ਤੂੰ ਕਿਹੜਾ ਮੈਨੂੰ ਨੋਟ ਦੇ ਕੇ ਗਿਆ ਸੀ ਜਿਨ੍ਹਾਂ ਦੀ ਮੈਂ ਸਬਜ਼ੀ ਲੈ ਲੈਂਦੀ,’’ ਭੀਰੋ ਨੇ ਆਖਿਆ। ‘‘ਮੇਰੇ ਅੱਗੇ ਤੋਂ ਥਾਲ ਚੱਕ ਕੇ ਲੈ ਜਾ, ਨਹੀਂ ਤਾਂ ਮੈਂ ਸਾਰਾ ਕੁਛ ਚੱਕ ਕੇ ਬਾਹਰ ਮਾਰਨਾ,’’ ਉਹ ਫੇਰ ਗਰਜਿਆ। ‘‘ਆਪੇ ਸਿੱਟ ਦੇ, ਜਿੱਥੇ ਸਿੱਟਣੀ ਆਂ। ਜੇ ਤੂੰ ਸਾਰੀ ਰਾਤ ਭੁੱਖਾ ਰਹਿਣਾ ਤਾਂ ਵੀ ਤੇਰੀ ਮਰਜ਼ੀ ਆ। ਅਸੀਂ ਸਾਰੇ ਤਾਂ ਰੋਟੀ ਖਾ ਚੁੱਕੇ ਆਂ।’’ ਮੇਸ਼ੀ ਨੇ ਦੁਪਹਿਰੇ ਵੀ ਰੋਟੀ ਨਹੀਂ ਸੀ ਖਾਧੀ। ਉਸ ਨੇ ਸੋਚਿਆ, ਜੇ ਉਸ ਨੇ ਹੁਣ ਵੀ ਰੋਟੀ ਨਾ ਖਾਧੀ ਤਾਂ ਉਸ ਨੂੰ ਭੁੱਖੇ ਨੂੰ ਨੀਂਦ ਨਹੀਂ ਆਉਣੀ। ਇਹ ਸੋਚ ਕੇ ਉਹ ਚੁੱਪ ਕਰਕੇ ਰੋਟੀ ਖਾਣ ਲੱਗ ਪਿਆ।
ਸੰਪਰਕ: 99158-03554