ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿੰਨੀ ਕਹਾਣੀਆਂ

12:13 PM Jan 28, 2024 IST

ਟਿੱਪ

ਬੱਬੂ ਮਹੀਨੇ ਵਿੱਚ ਘੱਟੋ-ਘੱਟ ਪੰਜ ਸੱਤ ਗੇੜੇ ਹੋਟਲ ’ਤੇ ਫਾਸਟ ਫੂਡ ਖਾਣ ਲਈ ਜ਼ਰੂਰ ਲਗਾਉਂਦਾ। ਖਾਣਾ ਖਾਣ ਮਗਰੋਂ ਜਦੋਂ ਵੀ ਬੈਰਾ ਬਿਲ ਦੇਣ ਆਉਂਦਾ ਤਾਂ ਉਹ ਉਸ ਨੂੰ ਮਿੱਠੀ ਜਿਹੀ ਮੁਸਕਾਨ ਦੇ ਨਾਲ ਨਾਲ ਬਿਲ ਤੋਂ 10-20 ਰੁਪਏ ਜ਼ਿਆਦਾ ਟਿੱਪ ਦੇ ਰੂਪ ਵਿੱਚ ਜ਼ਰੂਰ ਦਿੰਦਾ। ਅੱਗੋਂ ਵੇਟਰ ਵੀ ਮੁਸਕਾਨ ਦੇ ਕੇ ਉਸ ਦਾ ਸ਼ੁਕਰੀਆ ਅਦਾ ਕਰਦਾ। ਉਸ ਨੂੰ ਇਸ ਤਰ੍ਹਾਂ ਕਰਨ ਨਾਲ ਆਪਣੀ ਸ਼ਾਨ ਤੇ ਵਡੱਪਣ ਦਾ ਅਹਿਸਾਸ ਹੁੰਦਾ। ਹੁਣ ਉਹ ਸਟੂਡੈਂਟ ਵੀਜ਼ੇ ’ਤੇ ਕੈਨੇਡਾ ਪਹੁੰਚ ਚੁੱਕਾ ਸੀ। ਉਸ ਨੂੰ ਹਫ਼ਤੇ ਵਿੱਚ ਸਿਰਫ਼ 20 ਘੰਟੇ ਕੰਮ ਕਰਨ ਦੀ ਇਜਾਜ਼ਤ ਸੀ। ਕੰਮ ਵੀ ਕਿਸੇ ਵੱਡੇ ਹੋਟਲ ’ਤੇ ਮਿਲਿਆ। ਜਦੋਂ ਲੋਕ ਖਾਣਾ ਖਾਣ ਆਉਂਦੇ ਤਾਂ ਬੱਬੂ ਵੀ ਉਨ੍ਹਾਂ ਤੋਂ ਹਮੇਸ਼ਾ ਟਿੱਪ ਦੀ ਝਾਕ ਰੱਖਦਾ। ਟਿੱਪ ਵਾਲੇ ਡਾਲਰਾਂ ਦੀ ਕਮਾਈ ਉਸ ਨੂੰ ਕੌਰੂ ਦੇ ਖ਼ਜ਼ਾਨੇ ਜਿੰਨੀ ਜਾਪਦੀ ਤੇ ਉਸ ਦੀ ਰੂਹ ਖਿੜ ਜਾਂਦੀ।
- ਗੁਰਮੇਲ ਸਿੰਘ ਰੂੜੇਕੇ
ਸੰਪਰਕ: 94631-26997
* * *

Advertisement

ਜੋ ਸੁੱਖ ਛੱਜੂ ਦੇ ਚੁਬਾਰੇ...

ਉਸ ਨੂੰ ਕੈਨੇਡਾ ਰਹਿੰਦੇ ਪੁੱਤ ਕੋਲ ਆਇਆਂ ਇੱਕ ਹਫ਼ਤਾ ਹੋ ਗਿਆ ਸੀ। ਨੂੰਹ ਪੁੱਤ ਦੋਵੇਂ ਸਵੇਰੇ ਹੀ ਕੰਮ ’ਤੇ ਚਲੇ ਜਾਂਦੇ ਅਤੇ ਦੇਰ ਰਾਤ ਘਰ ਵਾਪਸ ਆਉਂਦੇ। ‘‘ਠੀਕ ਐਂ ਬਾਪੂ?’’ ਕਹਿ ਕੇ ਪੁੱਤ ਬਿਨਾਂ ਬਾਪੂ ਦਾ ਜਵਾਬ ਉਡੀਕਿਆਂ ਸੌਣ ਵਾਲੇ ਕਮਰੇ ਵਿੱਚ ਚਲਾ ਜਾਂਦਾ।
ਬਾਪੂ ਨੂੰ ਇਕਲਾਪਾ ਵੱਢ-ਵੱਢ ਖਾ ਰਿਹਾ ਸੀ। ਉਹ ਸੋਚਦਾ, ‘ਕਿੱਥੇ ਸਾਡੇ ਪਿੰਡ ਦੀ ਰੌਣਕ, ਸਹਿਜ ਮਤੇ ਜਿਉਣਾ ਤੇ ਕਿੱਥੇ ਡਾਲਰਾਂ ਪਿੱਛੇ ਹਰਲ ਹਰਲ ਕਰਦੀ ਜੂਨ! ਮੇਰਾ ਤਾਂ ਇੱਥੇ ਊਂ ਈ ਦਮ ਘੁਟਦੈ...!’ ਦੇਰ ਰਾਤ ਨੂੰ ਜਦੋਂ ਉਹਦਾ ਪੁੱਤ ਅਤੇ ਨੂੰਹ ਕੰਮ ਤੋਂ ਪਰਤੇ ਤਾਂ ਉਹਦਾ ਛਿੱਕਾਂ ਨਾਲ ਬੁਰਾ ਹਾਲ ਸੀ। ਪੁੱਤ ਨੇ ਬਾਪ ਨੂੰ ਵਿਕਸ ਦੀ ਸ਼ੀਸ਼ੀ ਦਿੰਦਿਆਂ ਕਿਹਾ, ‘‘ਬਾਪੂ, ਤੈਨੂੰ ਠੰਢ ਲਗ ਗਈ। ਇਹ ਵਿਕਸ ਛਾਤੀ ’ਤੇ ਮਲ ਲੈ, ਸਵੇਰ ਤਕ ਠੀਕ ਹੋਜੇਂਗਾ।’’ ਬਾਪੂ ਨੇ ਕਿਹਾ, ‘‘ਮੈਨੂੰ ਠੰਢ-ਠੁੰਢਢ ਕੋਈ ਨਹੀਂ ਲੱਗੀ। ਇਹ ਤਾਂ ਮੈਨੂੰ ਪਿੰਡ ਦੇ ਲੋਕ ਬਾਹਲਾ ਯਾਦ ਕਰਦੇ ਨੇ। ਤਾਂ ਹੀ ਛਿੱਕਾਂ...।’’ ਫਿਰ ਉਸ ਨੇ ਅੰਤਾਂ ਦਾ ਉਦਾਸ ਹੋ ਕੇ ਕਿਹਾ, ‘‘ਪੁੱਤ, ਇੱਥੇ ਮੈਥੋਂ ਹੋਰ ਨਹੀਂ ਰਿਹਾ ਜਾਂਦਾ। ਮੈਨੂੰ ਵਾਪਸ ਪਿੰਡ ਭੇਜਦੇ।’’ ਬਾਪੂ ਦੀ ਅੱਥਰੂਆਂ ਭਿੱਜੀ ਆਵਾਜ਼ ਨੇ ਪੁੱਤ ਨੂੰ ਵੀ ਝੰਜੋੜ ਦਿੱਤਾ ਸੀ।
- ਮੋਹਨ ਸ਼ਰਮਾ
ਸੰਪਰਕ: 94171-48866
* * *

ਕਹਿਣੀ ਤੇ ਕਰਨੀ

ਮਾਸਟਰ ਬਚਿੱਤਰ ਸਿੰਘ ਸਭ ਸਾਂਝੇ ਕੰਮਾਂ ਵਿੱਚ ਹਿੱਸਾ ਲੈਂਦਾ ਰਹਿੰਦਾ ਹੈ। ਪਿੰਡ ਸਕੂਲ ਵਿੱਚ ਵਾਤਾਵਰਣ ਸਬੰਧੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ। ਮਾਸਟਰ ਬਚਿੱਤਰ ਸਿੰਘ ਆਪਣੇ ਭਾਸ਼ਣ ਵਿੱਚ ਜੋਸ਼ ਨਾਲ ਕਹਿ ਰਿਹਾ ਸੀ, ‘‘ਸਾਨੂੰ ਆਪਣੇ ਵਾਤਾਵਰਣ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਸਾਨੂੰ ਪੌਲੀਥੀਨ ਲਿਫ਼ਾਫ਼ਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਹ ਸ਼ੁਰੂਆਤ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ।’’ ਦੂਸਰੇ ਦਿਨ ਮੈਂ ਆਪਣੇ ਕੰਮਕਾਜ ਲਈ ਸ਼ਹਿਰ ਗਿਆ ਤਾਂ ਮਾਸਟਰ ਬਚਿੱਤਰ ਸਿੰਘ ਤਿੰਨ-ਚਾਰ ਪੌਲੀਥੀਨ ਲਿਫ਼ਾਫ਼ੇ ਹੱਥਾਂ ’ਚ ਫੜੀ ਜਾ ਰਿਹਾ ਸੀ।
ਮੇਰਾ ਧਿਆਨ ਕਦੇ ਵਾਤਾਵਰਣ ਪ੍ਰੋਗਰਾਮ ਦਿੱਤੇ ਭਾਸ਼ਣ ਵੱਲ ਤੇ ਕਦੇ ਮਾਸਟਰ ਜੀ ਦੇ ਹੱਥਾਂ ਵਿੱਚ ਫੜੇ ਲਿਫ਼ਾਫ਼ਿਆਂ ਵੱਲ ਜਾ ਰਿਹਾ ਸੀ।
- ਬਖਤੌਰ ਸਿੰਘ ਰੱਲਾ
ਸੰਪਰਕ: 98881-80700

Advertisement

Advertisement