ਪਾਸ਼ ਦੀ ਵਾਰਤਕ ਵਿਚ ਮਿਲਖਾ ਸਿੰਘ ਦੀ ਹੱਡਬੀਤੀ
ਪ੍ਰਿੰ. ਸਰਵਣ ਸਿੰਘ
ਖੇਡ ਸਾਹਿਤ ਦੀ ਸਿਰਜਣਾ ਵਿਚ ਪ੍ਰਿੰ. ਸਰਵਣ ਸਿੰਘ ਦਾ ਕੋਈ ਜਵਾਬ ਨਹੀਂ। ਉਨ੍ਹਾਂ ਦਾ ਇਹ ਬੁਰਜ ਬਹੁਤ ਉੱਚਾ ਹੈ। ਸਾਹਿਤ ਦੀ ਇਸ ਵੰਨਗੀ ਦਾ ਰੰਗ ਅਸੀਂ ਹਰ ਹਫ਼ਤੇ ‘ਤਬਸਰਾ’ ਰਾਹੀਂ ਆਪਣੇ ਪਾਠਕਾਂ ਨਾਲ ਸਾਂਝਾ ਕਰਿਆ ਕਰਾਂਗੇ।
ਅਵਤਾਰ ਸਿੰਘ ਸੰਧੂ ਉਰਫ਼ ਪਾਸ਼ ਨੂੰ ਕੌਣ ਨਹੀਂ ਜਾਣਦਾ? ਉਹ ਪੰਜਾਬੀ ਦਾ ਨਾਮਵਰ ਨਕਸਲੀ ਕਵੀ ਸੀ। ਉਡਦੇ ਬਾਜਾਂ ਮਗਰ ਉਡਣ ਵਾਲਾ ਬਾਜ। ਕਵਿਤਾ ਦਾ ਧਨੀ ਪਰ ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਹਦੀ ਕਵਿਤਾ ਵਾਂਗ ਉਹਦੀ ਵਾਰਤਕ ਵੀ ਕਮਾਲ ਦੀ ਸੀ। ਉਸ ਨੇ ਵਾਰਤਕ ਦੀ ਇਕੋ ਕਿਤਾਬ ਲਿਖੀ ਤੇ ਉਹ ਵੀ ਬੇਨਾਮੀ। ਕਾਸ਼ ਉਹ ਖੁੱਲ੍ਹ ਕੇ ਵਾਰਤਕ ਲਿਖਦਾ!
ਪਾਠਕਾਂ ਨੂੰ ਹੈਰਾਨੀ ਹੋਵੇਗੀ ਕਿ ਪਾਸ਼ ਦੀ ਵਾਰਤਕ ਪੰਜਾਬੀ ਖੇਡ ਸਾਹਿਤ ਦੀ ਮਿਸਾਲ ਹੈ। ਮੈਂ ਇਹਨੀਂ ਦਨਿੀ ਚੋਣਵੇਂ ‘ਪੰਜਾਬੀ ਖੇਡ ਸਾਹਿਤ’ ਬਾਰੇ ਪੁਸਤਕ ਸੰਪਾਦਤ ਕਰ ਰਿਹਾਂ। ‘ਫਲਾਈਂਗ ਸਿੱਖ ਮਿਲਖਾ ਸਿੰਘ’ ਵਿਚੋਂ ਪਾਸ਼ ਦੀ ਵਾਰਤਕ ਦੇ ਕੁਝ ਟੋਟੇ ਹਾਜ਼ਰ ਹਨ। ਮਿਲਖਾ ਸਿੰਘ ਨੇ ‘ਧੰਨਵਾਦੀ ਸ਼ਬਦ’ ਹੇਠਾਂ ਲਿਖਿਆ ਹੈ, “ਪਾਸ਼ ਅਤੇ ਤਰਸੇਮ ਪੁਰੇਵਾਲ ਦਾ ਧੰਨਵਾਦੀ ਹਾਂ ਜਿਹਨਾਂ ਇਸ ਪੁਸਤਕ ਨੂੰ ਸਿਰੇ ਚੜ੍ਹਾਉਣ ਵਿਚ ਮੇਰਾ ਹੱਥ ਵਟਾਇਆ।”
ਹੱਥ ਵਟਾਉਣ ਸੰਬੰਧੀ ਦੱਸਣਾ ਵਾਜਬਿ ਹੋਵੇਗਾ ਕਿ ਮਿਲਖਾ ਸਿੰਘ ਦੇ ਦੋਸਤ ਤਰਸੇਮ ਪੁਰੇਵਾਲ (ਸੰਪਾਦਕ ‘ਦੇਸ ਪਰਦੇਸ’) ਨੇ ਮੈਗਜ਼ੀਨ ਦੀ ਲਿਖਣ ਸਮੱਗਰੀ ਵਿਚ ਯੋਗਦਾਨ ਪਾਉਣ ਵਾਲੇ ਪਾਸ਼ ਤੋਂ ਮਾਣ ਭੱਤੇ ਤੇ ਮਿਲਖਾ ਸਿੰਘ ਦੀ ਆਤਮ ਕਥਾ ਲਿਖਵਾਈ ਸੀ। ਕਿੰਨੇ ਵਿਚ ਲਿਖਵਾਈ, ਸ਼ਮਸ਼ੇਰ ਸੰਧੂ ਨੂੰ ਮੇਰੇ ਨਾਲੋਂ ਵੱਧ ਪਤਾ। ਪਾਸ਼ ਦੀ ਖੇਡ ਸ਼ੈਲੀ ਵਿਚ ਮਿਲਖਾ ਸਿੰਘ ਦੀ ਆਤਮ ਕਥਾ ਦੇ ਰੰਗ ਮਾਣੋ:
ਜ਼ਿੰਦਗੀ ਸ਼ਾਇਦ ਧਰਤੀ ਉਪਰ ਵਾਪਰਨ ਵਾਲੀ ਸਭ ਤੋਂ ਵੱਡੀ ਕਰਾਮਾਤ ਹੈ। ਅਸੰਖਾਂ ਤਾਰਿਆਂ, ਧਰਤੀਆਂ ਤੇ ਸੂਰਜਾਂ ਦੀ ਅਨੰਤ ਕਾਲ ਤੋਂ ਖੇਡੀ ਜਾ ਰਹੀ ਇਸ ਖੇਡ ਵਿਚ ਮਨੁੱਖ ਬੱਸ ਇਕ ਛੋਟਾ ਜਿਹਾ ਖਿਡਾਰੀ ਹੈ। ਮਨੁੱਖੀ ਦਿਲ ਦੀ ਇਕ ਇਕ ਧੜਕਣ ਵਿਚ ਓੜਕਾਂ ਦੀ ਤਾਕਤ, ਫੁਰਤੀ ਅਤੇ ਸੰਭਾਵਨਾਵਾਂ ਹਨ। ਕੁਦਰਤ ਦੇ ਇਸ ਭੇਤ ਨੂੰ ਸਮਝ ਕੇ ਮਨ ਵਿਚ ਵਸਾਉਣ ਵਾਲਾ ਵਿਅਕਤੀ ਜ਼ਰੂਰੀ ਨਹੀਂ ਕਿ ਮਿਲਖਾ ਸਿੰਘ ਹੀ ਹੋਵੇ, ਕੋਈ ਵੀ ਹੋਰ ਹੋ ਸਕਦਾ ਹੈ।
ਜ਼ਿੰਦਗੀ ਦੀ ਇਹ ਖੇਡ ਨਾ ਹੀ ਮੈਂ ਸ਼ੁਰੂ ਕੀਤੀ ਹੈ ਤੇ ਨਾ ਹੀ ਇਹ ਮੇਰੇ ਨਾਲ ਖ਼ਤਮ ਹੋਣੀ ਹੈ। ਮੈਂ ਤਾਂ ਸਿਰਫ਼ ਇਕ ਸਦੀ ਦਾ ਕੁਝ ਹਿੱਸਾ ਇਸ ਦੇ ਵਿਸ਼ਾਲ ਸਟੇਡੀਅਮ ਵਿਚ ਆਪਣੇ ਜਿਸਮ ਨੂੰ ਲੈ ਕੇ ਧੜਕਿਆ ਹਾਂ ਤੇ ਕਿਸੇ ਦਨਿ ਹੋਰਨਾਂ ਖਿਡਾਰੀਆਂ ਨੂੰ ਕੰਮਾਂ ਕਾਰਾਂ ਵਿਚ ਰੁੱਝੇ ਹੋਏ ਛੱਡ ਕੇ ਮਲਕੜੇ ਜਿਹੇ ਇਸ ਸਟੇਡੀਅਮ ਵਿਚੋਂ ਬਾਹਰ ਨਿਕਲ ਜਾਵਾਂਗਾ…।
ਮੈਨੂੰ ਹਾਲੇ ਤਕ ਨਹੀਂ ਪਤਾ ਕਿ ਮੇਰਾ ਜਨਮ ਕਿਹੜੀ ਘੜੀ, ਕਿਹੜੇ ਦਨਿ ਤੇ ਕਿਹੜੇ ਸਾਲ ਵਿਚ ਹੋਇਆ। ਮੈਂ ਤੇਜ਼ੀ ਨਾਲ ਦੌੜ ਰਹੇ ਸਮੇਂ ਵਿਚ ਬਹੁਤ ਹੌਲੀ ਤੁਰ ਰਹੇ ਪਿੰਡ ਵਿਚ ਪੈਦਾ ਹੋਇਆ ਸਾਂ। ਇਕ ਅਜਿਹੇ ਪਿੰਡ ਵਿਚ ਜਿਥੋਂ ਦੇ ਲੋਕਾਂ ਲਈ ਉਹਨਾਂ ਦੀਆਂ ਜਨਮ ਤਰੀਕਾਂ ਦਾ ਕੋਈ ਮਹੱਤਵ ਹੀ ਨਹੀਂ ਸੀ…।
ਖੇਤੀਬਾੜੀ ਸਾਡਾ ਖਾਨਦਾਨੀ ਕਿੱਤਾ ਸੀ। ਦੋ ਕੱਚੇ ਕੋਠਿਆਂ ਦਾ ਘਰ ਸੀ ਸਾਡਾ। ਇਕ ਵਿਚ ਡੰਗਰ ਬੱਝਦੇ ਅਤੇ ਉਹਦੇ ਵਿਚ ਹੀ ਚਾਰਾ ਪਿਆ ਰਹਿੰਦਾ, ਦੂਜੇ ਵਿਚ ਅਸੀਂ ਆਪ ਤੇ ਸਾਡਾ ਨਿੱਕਾ ਮੋਟਾ ਸਾਮਾਨ। ਬੱਸ ਏਹੋ ਸਾਡੀ ਦੁਨੀਆ ਸੀ…।
ਤੜਕੇ ਚਾਰ ਕੁ ਵਜੇ ਉਠ ਕੇ ਅਸੀਂ ਸਕੂਲ ਲਈ ਤੁਰ ਪੈਂਦੇ ਸਾਂ ਤੇ ਛੇ ਕੋਹ ਦੀ ਵਾਟ ਕਰ ਕੇ ਮਸਾਂ ਪ੍ਰਾਰਥਨਾ ਦੇ ਸਮੇਂ ਸਕੂਲ ਪਹੁੰਚਦੇ ਸਾਂ। ਉਸ ਸਮੇਂ ਲੋਕਾਂ ਕੋਲ ਘੜੀਆਂ ਨਹੀਂ ਸਨ ਹੁੰਦੀਆਂ। ਸ਼ਹਿਰ ਨੂੰ ਆਉਂਦੀ ਗੱਡੀ ਤੋਂ ਅੰਦਾਜ਼ਾ ਲਾਇਆ ਜਾਂਦਾ ਸੀ ਕਿ ਸਕੂਲ ਦਾ ਸਮਾਂ ਹੋ ਗਿਆ ਹੈ। ਸਿਆਲਾਂ ਵਿਚ ਸਕੂਲ ਨੂੰ ਜਾਂਦੇ ਹੋਏ ਸਾਡੇ ਹੱਥ ਪੈਰ ਸੁੰਨ ਹੋ ਜਾਂਦੇ ਸਨ। ਕੋਹਰਾ ਅੱਖਾਂ ਦਿਆਂ ਭਰਵੱਟਿਆਂ ਵਿਚ ਜੰਮ ਜਾਂਦਾ। ਅਸੀਂ ਸੰਘਣੀਆਂ ਧੁੰਦਾਂ ਵਿਚ ਦੀ ਆਪਣੀ ਪਗਡੰਡੀ ਨੂੰ ਲੱਭ ਲੱਭ ਕੇ ਤੁਰੇ ਜਾਂਦੇ। ਗਰਮੀਆਂ ਵਿਚ ਰੇਤ ਦਿਆਂ ਟਿੱਬਿਆਂ ‘ਤੇ ਸਾਡੇ ਪੈਰ ਭੁੱਜ ਕੇ ਖਿੱਲਾਂ ਬਣ ਜਾਂਦੇ। ਇਨ੍ਹਾਂ ਤਪਦਿਆਂ ਟਿੱਬਿਆਂ ਉਤੇ ਮੇਰਾ ਬਚਪਨ ਨਿੱਕੀ ਨਿੱਕੀ ਛਾਂ ਦੇ ਟੁਕੜਿਆਂ ਖ਼ਾਤਰ ਦੌੜਦਾ ਰਿਹਾ। ਗਰਮ ਗਰਮ ਰੇਤੇ ਉਤੇ ਚੱਕਵੇਂ ਪੈਰੀਂ ਦੌੜਨਾ ਅਤੇ ਜਿਥੇ ਕਿਤੇ ਥੋੜ੍ਹੀ ਜਿਹੀ ਛਾਂ ਲੱਭਣੀ ਉਥੇ ਚੌਫਾਲ ਡਿੱਗ ਕੇ ਆਪਣੇ ਪੈਰਾਂ ਨੂੰ ਠੰਢੇ ਕਰਨ ਦੀ ਕੋਸ਼ਿਸ਼ ਕਰਨੀ। ਸ਼ਾਇਦ ਇਹ ਮੇਰੇ ਜੀਵਨ ਦੀਆਂ ਪਹਿਲੀਆਂ ਦੌੜਾਂ ਸਨ ਜਿਹਨਾਂ ਨੇ ਅੱਗੇ ਜਾ ਕੇ ਮੇਰੇ ਦੌੜਾਕ ਬਣਨ ਵਜੋਂ ਜ਼ਿੰਦਗੀ ਦਾ ਆਧਾਰ ਬਣਨਾ ਸੀ…।
ਫਿਰ 1947 ਦਾ ਕਹਿਰ ਸਾਡੀ ਧਰਤੀ ਉਪਰ ਵਾਪਰਿਆ। ਲੋਕ ਇਨਸਾਨ ਨਾ ਰਹੇ, ਹਿੰਦੂ ਜਾਂ ਮੁਸਲਮਾਨ ਬਣ ਗਏ। ਮੇਰੇ ਮਾਤਾ ਪਿਤਾ ਤੇ ਭੈਣ ਭਰਾ ਮਾਰੇ ਗਏ। ਇਨ੍ਹਾਂ ਘਟਨਾਵਾਂ ਨੇ ਮੈਥੋਂ ਮੇਰਾ ਬਚਪਨ ਖੋਹ ਲਿਆ। ਇਕ ਉਦਾਸੀ ਉਮਰ ਭਰ ਮੇਰੇ ਨਾਲ ਤੁਰੀ। ਅੱਜ ਵੀ ਕਦੇ ਕਦੇ ਮੇਰਾ ਗਵਾਚੀ ਚੰਚਲਤਾ ਲਈ ਰੋਣ ਨੂੰ ਦਿਲ ਕਰਦਾ ਹੈ…।
ਇਹ ਮੇਰਾ ਪਰਿਵਾਰਕ ਪਿਛੋਕੜ ਹੈ। ਮੇਰਾ ਬਚਪਨ, ਮੇਰੀ ਜਨਮ ਭੂਮੀ ਤੇ ਮੇਰੇ ਪਰਿਵਾਰ ਦੇ ਮੋਹ ਭਿੱਜੇ ਚਿਹਰੇ ਅੱਜ ਵੀ ਮੇਰੇ ਦਿਲ ਅੰਦਰ ਟੁਕੜੇ ਟੁਕੜੇ ਹੋਏ ਪਏ ਹਨ। ਮੈਂ ਇਨ੍ਹਾਂ ਟੁੱਕੜਿਆਂ ਨੂੰ ਵਾਰ ਵਾਰ ਜੋੜਨ ਦੇ ਯਤਨ ਕਰਦਾ ਹਾਂ। ਮੇਰੀਆਂ ਸੱਖਣੀਆਂ ਹਥੇਲੀਆਂ ਖੁੱਲ੍ਹਦੀਆਂ ਤੇ ਬੰਦ ਹੁੰਦੀਆਂ ਹਨ। ਕੁਝ ਵੀ ਪਕੜ ਵਿਚ ਨਹੀਂ ਆਉਂਦਾ…।
ਮੈਂ ਪਿੰਡੋਂ ਨਿਕਲ ਕੇ ਰਾਤੋ-ਰਾਤ ਕੋਟ ਅੱਦੂ ਸ਼ਹਿਰ ਤੋਂ ਗੱਡੀ ਜਾ ਫੜੀ। ਇਹ ਗੱਡੀ ਪਿਛਿਓਂ ਖੂਨ ਨਾਲ ਲਬਿੜੀ ਹੋਈ ਆਈ ਸੀ। ਮੈਂ ਇਕ ਜ਼ਨਾਨੇ ਡੱਬੇ ਵਿਚ ਚੋਰੀ ਵੜ ਕੇ, ਬਹਿਣ ਵਾਲੇ ਫੱਟੇ ਥੱਲੇ ਪੈ ਗਿਆ। ਕੁਝ ਬੁਰਕੇ ਵਾਲੀਆਂ ਔਰਤਾਂ ਨੇ ਮੈਨੂੰ ਫੱਟੇ ਥੱਲੇ ਪਏ ਨੂੰ ਵੇਖ ਲਿਆ। ਉਨ੍ਹਾਂ ਮੈਨੂੰ ਕੋਈ ਚੋਰ ਸਮਝਿਆ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮੈਂ ਉਨ੍ਹਾਂ ਔਰਤਾਂ ਅੱਗੇ ਹੱਥ ਜੋੜੇ ਤੇ ਉਨ੍ਹਾਂ ਦੇ ਪੈਰ ਫੜ ਕੇ ਆਪਣੀ ਜ਼ਿੰਦਗੀ ਦੀ ਭੀਖ ਮੰਗੀ। ਮੈਂ ਰੋਂਦਿਆਂ ਕੁਰਲਾਂਦਿਆਂ ਉਹਨਾਂ ਨੂੰ ਦੱਸਿਆ ਕਿ ਮੈਂ ਮੁਲਤਾਨ ਜਾਣਾ ਹੈ। ਜੇ ਤੁਸੀਂ ਕਿਸੇ ਮੁਸਲਮਾਨ ਨੂੰ ਦੱਸ ਦਿੱਤਾ ਤਾਂ ਉਹਨਾਂ ਮੈਨੂੰ ਇਥੇ ਹੀ ਵੱਢ ਛੱਡਣਾ ਹੈ। ਔਰਤ ਦਾ ਦਿਲ ਸ਼ੁਰੂ ਤੋਂ ਹੀ ਤਰਸ ਤੇ ਪਿਆਰ ਦਾ ਖ਼ਜ਼ਾਨਾ ਮੰਨਿਆ ਜਾਂਦਾ ਹੈ। ਮੇਰੇ ਇੰਜ ਡਡਿਆਉਣ ‘ਤੇ ਉਨ੍ਹਾਂ ਨੂੰ ਦਇਆ ਆ ਗਈ ਤੇ ਉਹਨਾਂ ਨੇ ਮੇਰੇ ਬਾਰੇ ਕਿਸੇ ਨੂੰ ਵੀ ਨਹੀਂ ਦੱਸਿਆ। ਮੈਂ ਬਚ ਕੇ ਮੁਲਤਾਨ ਪਹੁੰਚ ਗਿਆ। ਉਨ੍ਹਾਂ ਮੁਸਲਮਾਨ ਔਰਤਾਂ ਵਿਚ ਵੀ ਮਮਤਾ ਸੀ ਜਨਿ੍ਹਾਂ ਮੇਰੀ ਹਿਫਾਜ਼ਤ ਕੀਤੀ।
ਉਸ ਵੇਲੇ ਮੇਰੀ ਉਮਰ 14-15 ਸਾਲ ਦੀ ਸੀ। ਮੇਰੇ ਭਰਾ ਨੇ ਮੈਨੂੰ ਆਪਣੀ ਵਹੁਟੀ ਜੀਤੋ ਨਾਲ ਫੌਜੀ ਟਰੱਕ ਵਿਚ ਬਿਠਾ ਦਿੱਤਾ ਤੇ ਅਸੀਂ ਫਿਰੋਜ਼ਪੁਰ ਪਹੁੰਚ ਗਏ। ਮੈਂ ਨਿਆਸਰਿਆਂ ਵਾਂਗ ਫੌਜੀ ਕੈਂਪਾਂ ਵਿਚ ਘੁੰਮਦਾ ਰਿਹਾ। ਕੁਝ ਸਿਪਾਹੀ ਮੈਨੂੰ ਬੂਟ ਪਾਲਿਸ਼ ਕਰਨ ਦਾ ਕੰਮ ਦੇ ਦਿੰਦੇ ਤੇ ਉਸ ਬਦਲੇ ਵਿਚ ਮੈਨੂੰ ਦੋ ਚਾਰ ਰੋਟੀਆਂ ਤੇ ਲੰਗਰ ਵਿਚੋਂ ਥੋੜ੍ਹੀ ਜਿਹੀ ਦਾਲ ਲਿਆ ਦਿੰਦੇ। ਉਸ ਵਿਚੋਂ ਕੁਝ ਮੈਂ ਆਪ ਖਾ ਲੈਂਦਾ ਤੇ ਕੁਝ ਆਪਣੀ ਭਾਬੀ ਲਈ ਲੈ ਜਾਂਦਾ। ਕਿਸੇ ਕਿਸੇ ਦਨਿ ਭੁੱਖੇ ਭਾਣੇ ਵੀ ਸੌਣਾ ਪੈਂਦਾ। ਫਿਰ ਅਸੀਂ ਦਿੱਲੀ ਪਹੁੰਚ ਗਏ…।
ਨਵੰਬਰ 1952 ਵਿਚ ਸ੍ਰੀਨਗਰ ਵਿਖੇ ਮੇਰੇ ਫੌਜੀ ਭਰਾ ਨੇ ਸਿਫ਼ਾਰਸ਼ ਕਰ ਕੇ ਮੈਨੂੰ ਫੌਜ ਵਿਚ ਭਰਤੀ ਕਰਾ ਦਿੱਤਾ। ਪਹਿਲਾਂ ਤਿੰਨ ਵਾਰ ਮੈਂ ਭਰਤੀ ਹੋਣ ਵਿਚ ਅਸਫਲ ਰਿਹਾ ਸਾਂ। ਸ੍ਰੀਨਗਰ ਤੋਂ ਸਾਨੂੰ ਮਿਲਟਰੀ ਦੀ ਗੱਡੀ ਵਿਚ ਬਿਠਾ ਦਿੱਤਾ ਗਿਆ, ਫਿਰ ਪਠਾਨਕੋਟ ਤੋਂ ਸਿਕੰਦਰਾਬਾਦ ਈਐੱਮਈ ਸੈਂਟਰ ਪਹੁੰਚ ਗਿਆ। ਜਦੋਂ ਸਾਡੀ ਟ੍ਰੇਨਿੰਗ ਸ਼ੁਰੂ ਹੋਈ ਤਾਂ ਬੜੇ ਸਖ਼ਤ ਕੰਮ ਕਰਨੇ ਪਏ। ਏਨੀ ਸਖ਼ਤੀ ਹੋਣ ਲੱਗੀ ਕਿ ਦਿਲ ਕੀਤਾ ਏਥੋਂ ਭੱਜ ਜਾਵਾਂ। ਸਾਡੇ ਗਰੁੱਪ ਵਿਚੋਂ ਦੋ ਮੁੰਡੇ ਪਹਿਲਾਂ ਹੀ ਦੌੜ ਗਏ ਸਨ। ਸ਼ਾਇਦ ਮੈਂ ਵੀ ਭੱਜ ਜਾਂਦਾ ਪਰ ਅਚਾਨਕ ਇਕ ਦਨਿ ਅਜਿਹੀ ਘਟਨਾ ਵਾਪਰੀ, ਜਿਸ ਨੇ ਮੇਰੀ ਜ਼ਿੰਦਗੀ ਦਾ ਰੁਖ ਹੀ ਪਲਟ ਦਿੱਤਾ।
ਜਨਵਰੀ 1953 ਦੀ ਇਕ ਰਾਤ ਨੂੰ ਗਿਣਤੀ ਸਮੇਂ ਦੱਸਿਆ ਗਿਆ ਕਿ ਕੱਲ੍ਹ ਛੇ ਮੀਲ ਦੀ ਦੌੜ ਹੋਵੇਗੀ। ਮੈਂ ਪਹਿਲੇ ਦਸਾਂ ਵਿਚੋਂ ਛੇਵੇਂ ਨੰਬਰ ‘ਤੇ ਆਇਆ। ਏਥੋਂ ਖਿਡਾਰੀ ਦੇ ਤੌਰ ‘ਤੇ ਮੇਰੀ ਜ਼ਿੰਦਗੀ ਦਾ ਸਫ਼ਰ ਆਰੰਭ ਹੋਇਆ…।
ਖੇਡਾਂ ਵਿਚ ਖਿਡਾਰੀ ਦੇ ਮਨੋਬਲ ਦੀ ਬਹੁਤ ਅਹਿਮ ਥਾਂ ਹੈ। ਚੈਂਪੀਅਨ ਹੋਣਾ ਜਿੰਨਾ ਸਰੀਰਕ ਮਸਲਾ ਹੈ, ਉਨਾ ਹੀ ਮਨੋਵਿਗਿਆਨਕ ਵੀ ਹੈ। ਮੇਰੇ ਉਸਤਾਦਾਂ ਨੇ ਮੇਰੇ ਮਨ ਵਿਚ ਇਹ ਗੱਲ ਪੂਰੀ ਤਰ੍ਹਾਂ ਭਰ ਦਿੱਤੀ ਕਿ ਮੈਂ 400 ਮੀਟਰ ਬਹੁਤ ਹੀ ਚੰਗਾ ਦੌੜ ਸਕਦਾ ਹਾਂ। ਮੈਂ ਕੋਚ ਸਾਹਿਬਾਨ ਦਾ ਲਿਖ ਕੇ ਦਿੱਤਾ ਹੋਇਆ ਕੰਮ ਬੇਹੱਦ ਜੋਸ਼ ਤੇ ਮਿਹਨਤ ਨਾਲ ਕਰਦਾ ਸਾਂ…।
ਮੇਰੀ ਦ੍ਰਿੜਤਾ ਦਾ ਕਾਰਨ ਮੇਰੀ ਜ਼ਿੰਦਗੀ ਦਾ ਪਿਛੋਕੜ ਸੀ। ਜਿਸ ਵੇਲੇ ਮੈਂ ਗਰਾਊਂਡ ਵਿਚ ਦੌੜਦਾ, ਮੇਰਾ ਭੂਤਕਾਲ ਤੇ ਭਵਿੱਖ ਮੇਰੇ ਨਾਲ ਦੌੜ ਰਹੇ ਹੁੰਦੇ। … ਇਸ ਤਰ੍ਹਾਂ ਮੈਂ ਉਲੰਪਿਕ ਵਾਸਤੇ ਇੰਡੀਆ ਦੀ ਟੀਮ ਵਿਚ ਚੁਣਿਆ ਗਿਆ। … ਅਸੀਂ ਮੈਲਬੌਰਨ ਪਹੁੰਚ ਗਏ ਜਿਥੇ ਉਲੰਪਿਕ ਖੇਡਾਂ ਹੋਣ ਵਾਲੀਆਂ ਸਨ…। ਇਨ੍ਹਾਂ ਖੇਡਾਂ ਵਿਚ ਜਾ ਕੇ ਮੈਨੂੰ ਏਨਾ ਲਾਭ ਜ਼ਰੂਰ ਹੋਇਆ ਕਿ ਮੈਂ ਦੁਨੀਆਂ ਦੇ ਬਹੁਤ ਸਾਰੇ ਖਿਡਾਰੀਆਂ ਨੂੰ ਤੱਕਿਆ। ਉਨ੍ਹਾਂ ਤੋਂ ਪ੍ਰੇਰਨਾ ਲਈ ਅਤੇ ਸਿੱਖਣ ਦਾ ਯਤਨ ਕੀਤਾ।
ਸੰਨ 1956 ਤੋਂ 57 ਦਾ ਵਰ੍ਹਾ ਮੇਰੀ ਕਠਨਿ ਤਪੱਸਿਆ ਦਾ ਸਮਾਂ ਸੀ। ਇਸ ਸਮੇਂ ਵਿਚ ਮੈਂ ਇੰਨੀ ਕਰੜੀ ਮਿਹਨਤ ਕੀਤੀ ਕਿ ਆਪਣੇ ਆਪ ਨੂੰ ਮਿੱਟੀ ਵਿਚ ਮਿਲਾ ਦਿੱਤਾ। ਮੇਰੇ ਉਤੇ ਇਸ ਸ਼ੇਅਰ ਦਾ ਡੂੰਘਾ ਪ੍ਰਭਾਵ ਸੀ:
ਮਿਟਾ ਦੇ ਆਪਨੀ ਹਸਤੀ ਅਗਰ ਕੋਈ ਮਰਤਬਾ ਚਾਹੇ,
ਕਿ ਦਾਣਾ ਖ਼ਾਕ ਮੇਂ ਮਿਲ ਕਰ ਗੁਲੋ ਗੁਲਜ਼ਾਰ ਹੋਤਾ ਹੈ।
ਗਰਾਊਂਡ ਮੇਰੇ ਲਈ ਪੂਜਾ ਦਾ ਸਥਾਨ ਬਣ ਗਿਆ। ਉਹਦੇ ਨਿੱਕੇ ਨਿੱਕੇ ਘਾਹ ਵਿਚ ਜ਼ਿੰਦਗੀ ਦਾ ਫਲਸਫ਼ਾ ਦਿਸਣ ਲੱਗ ਪਿਆ। ਮਿਹਨਤ ਅਤੇ ਜੀਅ ਤੋੜਵੀਂ ਮਿਹਨਤ, ਮੇਰਾ ਧਰਮ ਬਣ ਗਈ। ਜ਼ਿੰਦਗੀ ਦੇ ਦੂਜੇ ਸਵਾਦ ਮੇਰੀ ਨਿੱਤ-ਕ੍ਰਿਆ ਵਿਚੋਂ ਇਸ ਤਰ੍ਹਾਂ ਅਲੋਪ ਹੋ ਗਏ ਜਿਵੇਂ ਕੋਈ ਦਨਿ ਚੜ੍ਹੇ ਰਾਤ ਦੇ ਸੁਫ਼ਨਿਆਂ ਨੂੰ ਭੁੱਲ ਜਾਵੇ। ਮੇਰਾ ਚਾਅ, ਮੇਰੀ ਹਸਰਤ, ਮੇਰਾ ਈਮਾਨ, ਸਭ ਕੁਝ ਦੌੜ ਦੇ ਮੈਦਾਨ ਨੂੰ ਸਮਰਪਿਤ ਹੋ ਚੁੱਕਾ ਸੀ। ਦੌੜਨਾ ਤੇ ਨਵੇਂ ਢੰਗਾਂ ਨਾਲ ਦੌੜਨਾ ਮੇਰਾ ਇਸ਼ਕ ਬਣ ਗਿਆ।
… ਟੋਕੀਓ ਅਬਦੁੱਲ ਖ਼ਾਲਿਕ ਕੋਲ ਥੱਲਵੀਂ ਲੇਨ ਸੀ ਤੇ ਮੇਰੇ ਕੋਲ ਉਤਲੀ। 100 ਮੀਟਰ ਦੋਹਾਂ ਨੇ ਬੜੀ ਤੇਜ਼ੀ ਨਾਲ ਖ਼ਤਮ ਕੀਤੇ। ਅਖ਼ੀਰਲੇ ਸੌ ਮੀਟਰ ਸਾਡੇ ਦੋਹਾਂ ਦੇ ਕਦਮ ਮਿਲ ਗਏ ਤੇ ਦੋਹਾਂ ਨੇ ਬਰਾਬਰ ਇਕ ਦੂਜੇ ‘ਤੇ ਚੜ੍ਹ ਕੇ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ। ਫਨਿਿਸ਼ ਲਾਈਨ ਤੋਂ ਤਿੰਨ ਚਾਰ ਗਜ਼ ਪਹਿਲਾਂ ਮੇਰੀ ਸੱਜੀ ਲੱਤ ਦਾ ਮਸਲ ਖਿੱਚਿਆ ਗਿਆ। ਮੇਰੀ ਸੱਜੀ ਲੱਤ ਖੱਬੀ ਵਿਚ ਫਸ ਗਈ ਤੇ ਮੈਂ ਭੁੜਕ ਕੇ ਫਨਿਿਸ਼ ਲਾਈਨ ਉਤੇ ਜਾ ਡਿੱਗਿਆ। ਅਬਦੁੱਲ ਖ਼ਾਲਿਕ ਵੀ ਉਸੇ ਵਕਤ ਟੇਪ ਨੂੰ ਛੋਹਿਆ। ਕੈਮਰੇ ਦੇ ਫੋਟੋ ਆਉਣ ਤੋਂ ਅੱਧਾ ਘੰਟਾ ਮਗਰੋਂ ਐਲਾਨ ਹੋਇਆ ਕਿ ਮਿਲਖਾ ਸਿੰਘ ਅੱਵਲ ਆਇਆ ਹੈ ਤੇ ਅਬਦੁੱਲ ਖ਼ਾਲਿਕ ਦੂਜੇ ਨੰਬਰ ‘ਤੇ। ਅਬਦੁੱਲ ਖ਼ਾਲਿਕ ਦੀਆਂ ਅੱਖਾਂ ਵਿਚ ਹੰਝੂ ਭਰ ਆਏ। ਮੈਂ ਸੋਨੇ ਦਾ ਦੂਜਾ ਤਗ਼ਮਾ ਜਿੱਤ ਕੇ ਏਸ਼ੀਆ ਦਾ ਬੈੱਸਟ ਐਥਲੀਟ ਬਣ ਗਿਆ।
… ਮੈਂ ਕਮਰੇ ਵਿਚ ਪਹੁੰਚ ਕੇ ਬੀਤੇ ਦੀਆਂ ਸੋਚਾਂ ‘ਚ ਖੋ ਗਿਆ: ਪਿੰਡੋਂ ਇਕ ਗੰਵਾਰ ਜਿਹਾ ਮੁੰਡਾ ਲੁਕ-ਲੁਕਾ ਕੇ ਗੱਡੀ ਚੜ੍ਹਦਾ ਹੈ। ਫੱਟਿਆਂ ਥੱਲੇ ਸਾਹ ਘੜੀਸ ਕੇ ਪਏ ਨੂੰ ਔਰਤਾਂ ਦੇਖ ਲੈਂਦੀਆਂ ਹਨ, ਮੁੰਡਾ ਗਿੜ-ਗੜਾ ਰਿਹਾ ਹੈ … ਮੁੰਡਾ ਆਪਣੇ ਗੋਡੇ ‘ਤੇ ਬੂਟ ਰੱਖ ਕੇ ਪਾਲਸ਼ ਨਾਲ ਲਿਸ਼ਕਾ ਰਿਹਾ ਹੈ … ਮੁੰਡਾ ਕਾਰਖਾਨੇ ਵਿਚ ਆਪਣੀ ਚਰਬੀ ਢਾਲ ਰਿਹਾ … ਮੁੰਡੇ ਵਿਚ ਜਿਊਣ ਦੀ ਭਾਵਨਾ ਖੌਰੂ ਪਾ ਰਹੀ ਹੈ … ਹੁਣ ਉਹ ਉੱਚਾ ਉਠਣਾ ਸ਼ੁਰੂ ਕਰਦਾ ਹੈ, ਉੱਚਾ ਹੀ ਉੱਚਾ … ਦੁਨੀਆ ਦੀ ਸ਼ਾਨੋ-ਸ਼ੌਕਤ ਦੇ ਮੀਨਾਰਾਂ ਦੇ ਹਾਣ ਦਾ ਉਹਦਾ ਕੱਦ ਹੋ ਰਿਹਾ ਹੈ…।
…
ਇਥੇ ‘ਫਲਾਈਂਗ ਸਿੱਖ ਮਿਲਖਾ ਸਿੰਘ’ ਦੇ ਮੁੱਖ ਬੰਦ ਦਾ ਮੁੱਢਲਾ ਪੈਰਾ ਦੇਣਾ ਵੀ ਵਾਜਬ ਹੋਵੇਗਾ:
ਖਿਡਾਰੀ ਹੋਣ ਦਾ ਅਰਥ ਤਪੱਸਵੀ ਹੋਣਾ ਹੈ। ‘ਸਪੋਰਟਸਮੈਨਸ਼ਿਪ’ ਦੇ ਸਹਿਜ ਅਰਥਾਂ ਨੂੰ ਵਾਚੀਏ ਤਾਂ ਇਹ ਗੁਰੂਆਂ, ਪੀਰਾਂ ਦੇ ਦੱਸੇ ਪੰਜ ਤੱਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਨਾਸ਼ ਕਰਨਾ ਹੀ ਹੈ। ਵਾਟਰਲੂ ਦੀ ਲੜਾਈ ਕਿਵੇਂ ਵੀ ਜਿੱਤੀ ਗਈ ਹੋਵੇ, ਬੰਦਾ ਬਹਾਦਰ ਦੀਆਂ ਵਿਸ਼ਾਲ ਜਿੱਤਾਂ ਦਾ ਗੁਰੂ ਸਾਹਿਬ ਵੱਲੋਂ ਹੋਲਾ-ਮਹੱਲਾ ਵਿਚ ਪ੍ਰਚਲਤ ਕੀਤੀਆਂ ਖੇਡ ਪ੍ਰੰਪਰਾਵਾਂ ਨਾਲ ਡੂੰਘਾ ਸੰਬੰਧ ਹੈ। ਇਸੇ ਤਰ੍ਹਾਂ ਯੂਨਾਨ ਦੀ ਪੂਰਵ-ਵਿਕਸਤ ਸਭਿਅਤਾ ਦੇ ਆਧਾਰਾਂ ਨੂੰ ਸਮਝਣ ਲਈ, ਉਥੋਂ ਦੀ ਖੇਡ-ਪ੍ਰੰਪਰਾ ਦੇ ਯੋਗਦਾਨ ਅਤੇ ਮਹੱਤਵ ਨੂੰ ਅੱਖੋਂ ਪ੍ਰੋਖਿਆਂ ਨਹੀਂ ਕੀਤਾ ਜਾ ਸਕਦਾ। ਜੇ ਅੱਜ ਸਾਰੀ ਦੁਨੀਆਂ, ਦਰਸ਼ਨ, ਵਿਗਿਆਨ ਅਤੇ ਕਲਾ-ਖੇਤਰਾਂ ਵਿਚ ਯੂਨਾਨ ਦੀ ਦੇਣਦਾਰ ਹੈ ਤਾਂ ਇਸ ਦਾ ਸਬੱਬ, ਪ੍ਰਾਚੀਨ ਯੂਨਾਨੀਆਂ ਦਾ ਖੇਡਾਂ ਪ੍ਰਤੀ ਅਦਭੁੱਤ ਨਜ਼ਰੀਆ ਹੀ ਹੈ। ਯੂਨਾਨ ਦੀ ਫਿਲਾਸਫੀ ਦਾ ਮੱਤ ਹੈ, ਕੇਵਲ ਸਿਹਤਮੰਦ ਸਰੀਰ ਵਿਚ ਹੀ ਪਵਿੱਤਰ ਆਤਮਾ ਨਿਵਾਸ ਕਰ ਸਕਦੀ ਹੈ।
…
ਮਿਲਖਾ ਸਿੰਘ ਦਾ ਕਹਿਣਾ ਹੈ ਕਿ ਉਹਦੇ ਘਰ ਕਦੇ ਚੋਰ ਨਹੀਂ ਵੜੇ। ਚੋਰਾਂ ਨੂੰ ਪਤਾ ਹੈ, ਭੱਜਣ ਨਹੀਂ ਦੇਵਾਂਗਾ ਪਰ ਇਕ ਲਤੀਫ਼ਾ ਉਹਦੇ ਬਾਰੇ ਫਿਰ ਵੀ ਜੁੜ ਗਿਆ: ਮਿਲਖਾ ਸਿੰਘ ਦੇ ਘਰ ਇਕ ਵਾਰ ਚੋਰ ਆ ਵੜੇ। ਪਤਨੀ ਨੇ ਜਾਗ ਆ ਜਾਣ ‘ਤੇ ਮਿਲਖਾ ਸਿੰਘ ਨੂੰ ਜਗਾਉਣਾ ਚਾਹਿਆ ਪਰ ਉਹ ਬੇਫਿਕਰੀ ਨਾਲ ਸੁੱਤਾ ਰਿਹਾ ਕਿ ਚੋਰ ਕਿਤੇ ਨਹੀਂ ਦੌੜ ਚੱਲੇ। ਚੋਰ ਦੌੜੇ ਤਾਂ ਉਹ ਸਹਿਜ ਨਾਲ ਉਠਿਆ, ਦੌੜਨ ਵਾਲੇ ਬੂਟ ਕੱਸੇ ਤੇ ਚੋਰਾਂ ਮਗਰ ਦੌੜ ਪਿਆ। ਇਕ ਬੰਦੇ ਨੇ ਰੋਕਦਿਆਂ ਪੁੱਛਿਆ, “ਮਿਲਖਾ ਸਿੰਘ, ਅੱਧੀ ਰਾਤ ਕਿਧਰ ਦੌੜ ਰਹੇ ਓ!”
ਉਹਦਾ ਉੱਤਰ ਸੀ, “ਚੋਰਾਂ ਮਗਰ ਦੌੜਿਆ ਸਾਂ। ਉਨ੍ਹਾਂ ਨੂੰ 400 ਮੀਟਰ ਪਿੱਛੇ ਛੱਡ ਆਇਆਂ!”
ਬਚਪਨ ਦੀਆਂ ਬਾਤਾਂ
ਤੜਕੇ ਚਾਰ ਕੁ ਵਜੇ ਉਠ ਕੇ ਅਸੀਂ ਸਕੂਲ ਲਈ ਤੁਰ ਪੈਂਦੇ ਸਾਂ ਤੇ ਛੇ ਕੋਹ ਦੀ ਵਾਟ ਕਰ ਕੇ ਮਸਾਂ ਪ੍ਰਾਰਥਨਾ ਦੇ ਸਮੇਂ ਸਕੂਲ ਪਹੁੰਚਦੇ ਸਾਂ। ਉਸ ਸਮੇਂ ਲੋਕਾਂ ਕੋਲ ਘੜੀਆਂ ਨਹੀਂ ਸਨ ਹੁੰਦੀਆਂ। ਸ਼ਹਿਰ ਨੂੰ ਆਉਂਦੀ ਗੱਡੀ ਤੋਂ ਅੰਦਾਜ਼ਾ ਲਾਇਆ ਜਾਂਦਾ ਸੀ ਕਿ ਸਕੂਲ ਦਾ ਸਮਾਂ ਹੋ ਗਿਆ ਹੈ। ਸਿਆਲਾਂ ਵਿਚ ਸਕੂਲ ਨੂੰ ਜਾਂਦੇ ਹੋਏ ਸਾਡੇ ਹੱਥ ਪੈਰ ਸੁੰਨ ਹੋ ਜਾਂਦੇ ਸਨ। ਕੋਹਰਾ ਅੱਖਾਂ ਦਿਆਂ ਭਰਵੱਟਿਆਂ ਵਿਚ ਜੰਮ ਜਾਂਦਾ। ਅਸੀਂ ਸੰਘਣੀਆਂ ਧੁੰਦਾਂ ਵਿਚ ਦੀ ਆਪਣੀ ਪਗਡੰਡੀ ਨੂੰ ਲੱਭ ਲੱਭ ਕੇ ਤੁਰੇ ਜਾਂਦੇ। ਗਰਮੀਆਂ ਵਿਚ ਰੇਤ ਦਿਆਂ ਟਿੱਬਿਆਂ ‘ਤੇ ਸਾਡੇ ਪੈਰ ਭੁੱਜ ਕੇ ਖਿੱਲਾਂ ਬਣ ਜਾਂਦੇ। ਇਨ੍ਹਾਂ ਤਪਦਿਆਂ ਟਿੱਬਿਆਂ ਉਤੇ ਮੇਰਾ ਬਚਪਨ ਨਿੱਕੀ ਨਿੱਕੀ ਛਾਂ ਦੇ ਟੁਕੜਿਆਂ ਖ਼ਾਤਰ ਦੌੜਦਾ ਰਿਹਾ। ਗਰਮ ਗਰਮ ਰੇਤੇ ਉਤੇ ਚੱਕਵੇਂ ਪੈਰੀਂ ਦੌੜਨਾ ਅਤੇ ਜਿਥੇ ਕਿਤੇ ਥੋੜ੍ਹੀ ਜਿਹੀ ਛਾਂ ਲੱਭਣੀ ਉਥੇ ਚੌਫਾਲ ਡਿੱਗ ਕੇ ਆਪਣੇ ਪੈਰਾਂ ਨੂੰ ਠੰਢੇ ਕਰਨ ਦੀ ਕੋਸ਼ਿਸ਼ ਕਰਨੀ। ਸ਼ਾਇਦ ਇਹ ਮੇਰੇ ਜੀਵਨ ਦੀਆਂ ਪਹਿਲੀਆਂ ਦੌੜਾਂ ਸਨ ਜਿਹਨਾਂ ਨੇ ਅੱਗੇ ਜਾ ਕੇ ਮੇਰੇ ਦੌੜਾਕ ਬਣਨ ਵਜੋਂ ਜ਼ਿੰਦਗੀ ਦਾ ਆਧਾਰ ਬਣਨਾ ਸੀ…।
ਖਿਡਾਰੀ ਹੋਣ ਦਾ ਅਰਥ
ਖਿਡਾਰੀ ਹੋਣ ਦਾ ਅਰਥ ਤਪੱਸਵੀ ਹੋਣਾ ਹੈ। ‘ਸਪੋਰਟਸਮੈਨਸ਼ਿਪ’ ਦੇ ਸਹਿਜ ਅਰਥਾਂ ਨੂੰ ਵਾਚੀਏ ਤਾਂ ਇਹ ਗੁਰੂਆਂ, ਪੀਰਾਂ ਦੇ ਦੱਸੇ ਪੰਜ ਤੱਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਨਾਸ਼ ਕਰਨਾ ਹੀ ਹੈ। ਵਾਟਰਲੂ ਦੀ ਲੜਾਈ ਕਿਵੇਂ ਵੀ ਜਿੱਤੀ ਗਈ ਹੋਵੇ, ਬੰਦਾ ਬਹਾਦਰ ਦੀਆਂ ਵਿਸ਼ਾਲ ਜਿੱਤਾਂ ਦਾ ਗੁਰੂ ਸਾਹਿਬ ਵੱਲੋਂ ਹੋਲਾ-ਮਹੱਲਾ ਵਿਚ ਪ੍ਰਚਲਤ ਕੀਤੀਆਂ ਖੇਡ ਪ੍ਰੰਪਰਾਵਾਂ ਨਾਲ ਡੂੰਘਾ ਸੰਬੰਧ ਹੈ। ਇਸੇ ਤਰ੍ਹਾਂ ਯੂਨਾਨ ਦੀ ਪੂਰਵ-ਵਿਕਸਤ ਸਭਿਅਤਾ ਦੇ ਆਧਾਰਾਂ ਨੂੰ ਸਮਝਣ ਲਈ, ਉਥੋਂ ਦੀ ਖੇਡ-ਪ੍ਰੰਪਰਾ ਦੇ ਯੋਗਦਾਨ ਅਤੇ ਮਹੱਤਵ ਨੂੰ ਅੱਖੋਂ ਪ੍ਰੋਖਿਆਂ ਨਹੀਂ ਕੀਤਾ ਜਾ ਸਕਦਾ। ਜੇ ਅੱਜ ਸਾਰੀ ਦੁਨੀਆਂ, ਦਰਸ਼ਨ, ਵਿਗਿਆਨ ਅਤੇ ਕਲਾ-ਖੇਤਰਾਂ ਵਿਚ ਯੂਨਾਨ ਦੀ ਦੇਣਦਾਰ ਹੈ ਤਾਂ ਇਸ ਦਾ ਸਬੱਬ, ਪ੍ਰਾਚੀਨ ਯੂਨਾਨੀਆਂ ਦਾ ਖੇਡਾਂ ਪ੍ਰਤੀ ਅਦਭੁੱਤ ਨਜ਼ਰੀਆ ਹੀ ਹੈ। ਯੂਨਾਨ ਦੀ ਫਿਲਾਸਫੀ ਦਾ ਮੱਤ ਹੈ, ਕੇਵਲ ਸਿਹਤਮੰਦ ਸਰੀਰ ਵਿਚ ਹੀ ਪਵਿੱਤਰ ਆਤਮਾ ਨਿਵਾਸ ਕਰ ਸਕਦੀ ਹੈ।
ਸੰਪਰਕ: +1(905)799-1661
ਪ੍ਰਿੰ. ਸਰਵਣ ਸਿੰਘ