ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਵਾਸ: ਸੰਘਰਸ਼, ਅਕਸ ਤੇ ਫ਼ਿਕਰ

08:44 AM Sep 27, 2023 IST
1910ਵਿਆਂ ਵਿਚ ਪਰਵਾਸ ਕਰ ਕੇ ਗਏ ਪੰਜਾਬੀ। ਫੋਟੋ ਲਈ ਧੰਨਵਾਦ: ਅਮਰਜੀਤ ਚੰਦਨ

ਸਵਰਾਜਬੀਰ

Advertisement

ਗ੍ਰੇਪ (ਅੰਗੂਰ) ਤੋੜਦੇ, ਸੇਲਰੀ ਲਾਉਂਦਿਆਂ, ਸੀਡ (ਬੀਜ) ਗੁੱਡਦਿਆਂ ਦੇ ਗੋਡੇ ਲਾਲ ਹੋ ਗਏ/ਨਾਲ ਫੱਟਿਆਂ ਪਾਟ ਗਏ ਹੱਥ ਸਾਡੇ, ਦਿਨ ਕੱਟਣੇ ਬੜੇ ਮੁਹਾਲ ਹੋ ਗਏ।’’ ਇਹ ਕਾਵਿ-ਬੋਲ 1910ਵਿਆਂ ਵਿਚ ਕੈਨੇਡਾ ਵਿਚ ਰਹਿੰਦੇ ਤੇ ਮਿਹਨਤ-ਮੁਸ਼ੱਕਤ ਕਰਦੇ ਇਕ ਗ਼ਦਰੀ ਕਵੀ ਦੇ ਹਨ ਜਿਹੜੇ 12 ਸਤੰਬਰ 1915 ਦੇ ‘ਗ਼ਦਰ’ ਅਖ਼ਬਾਰ ਵਿਚ ਛਪੇ। ਉਸ ਸਮੇਂ ਅਮਰੀਕਾ ਤੇ ਕੈਨੇਡਾ ਵਿਚ ਰਹਿਣ ਵਾਲੇ ਇਨ੍ਹਾਂ ਪੰਜਾਬੀਆਂ ਜਿਨ੍ਹਾਂ ਵਿਚੋਂ ਬਹੁਗਿਣਤੀ ਸਿੱਖ ਸਨ, ਨੇ ਆਜ਼ਾਦੀ ਸੰਘਰਸ਼ ਲਈ ਦੇਸ਼ ਦੀ ਸਭ ਤੋਂ ਵੱਡੀ ਇਨਕਲਾਬੀ ਪਾਰਟੀ ‘ਗ਼ਦਰ ਪਾਰਟੀ’ ਬਣਾਈ। ਬਾਬਾ ਸੋਹਨ ਸਿੰਘ ਭਕਨਾ, ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ ਅਤੇ ਹੋਰ ਗ਼ਦਰੀ ਆਗੂਆਂ ਦੀ ਅਗਵਾਈ ਵਿਚ ਬਣੀ ਇਸ ਪਾਰਟੀ ਦੇ ਹਜ਼ਾਰਾਂ ਕਾਰਕੁਨ ਅਮਰੀਕਾ-ਕੈਨੇਡਾ ਛੱਡ ਕੇ ਪੰਜਾਬ ਆਏ, ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਰਨ ਦੀ ਕੋਸ਼ਿਸ਼ ਕੀਤੀ, ਫਾਂਸੀਆਂ ’ਤੇ ਚੜ੍ਹੇ, ਕਾਲੇ ਪਾਣੀਆਂ (ਅੰਡੇਮਾਨ ਨਿਕੋਬਾਰ ਟਾਪੂਆਂ) ਵਿਚ ਕੈਦਾਂ ਕੱਟੀਆਂ, ਘਰਾਂ ’ਚ ਨਜ਼ਰਬੰਦ ਹੋਏ, ਜਾਇਦਾਦਾਂ ਖੁਹਾਈਆਂ ਤੇ ਹੋਰ ਖੱਜਲ-ਖੁਆਰੀਆਂ ਸਹੀਆਂ। ਅੰਡੇਮਾਨ ਨਿਕੋਬਾਰ ’ਚ ਕੈਦ ਹੋਏ ਗ਼ਦਰੀ ਬਾਬਿਆਂ ਨੇ ਸਭ ਤੋਂ ਲੰਮੀਆਂ ਕੈਦਾਂ ਕੱਟੀਆਂ; ਕਿਸੇ ਨੇ ਮੁਆਫ਼ੀ ਨਹੀਂ ਮੰਗੀ।


ਉਪਰੋਕਤ ਕਵਿਤਾ ਉਸ ਪੰਜਾਬੀ ਦੀ ਆਤਮਾ ਦੀ ਪੁਕਾਰ ਹੈ ਜਿਸ ਦੇ ਮਨ ਵਿਚ ਦੇਸ਼ ਦੀ ਆਜ਼ਾਦੀ ਲਈ ਜਜ਼ਬਾ ਪਨਪਿਆ ਤੇ ਇਸ ਕਵਿਤਾ ਵਿਚ ਉਹਨੇ ਉਸ ਸਮੇਂ ਦੇ ਦੇਸ਼ ਭਗਤਾਂ ਦਾ ਵਰਣਨ ਕਰਦਿਆਂ ਆਪਣੇ ਸਾਥੀਆਂ ਨੂੰ ਵਾਪਸ ਭਾਰਤ ਚੱਲਣ ਲਈ ਵੰਗਾਰਿਆ, ‘‘ਅਜੀਤ ਸਿੰਘ, ਭਗਵਾਨ ਤੇ ਬਰਕਤ ਉੱਲ੍ਹਾ, ਮਹਾਰਾਜ ਤਿਲਕ ਨੌਨਿਹਾਲ ਹੋ ਗਏ/ਚਲੋ ਦੇਸ਼ ਨੂੰ ਚਲੀਏ ਵੀਰ ਮੇਰੇ, ਇਹ ਆਖਰੀ ਰਾਜ ਸਵਾਲ ਹੋ ਗਏ।’’ ਉਦੋਂ ਕਰਤਾਰ ਸਿੰਘ ਸਰਾਭੇ ਦੇ ਇਹ ਬੋਲ ਵੀ ਗੂੰਜੇ, ‘‘ਬੰਦੇ ਮਾਤਰਮ ਸਾਰੇ ਬੋਲੋ ਗੱਜ ਕੇ/ਬਣੀ ਸਿਰ ਸ਼ੇਰਾਂ ਦੇ, ਕੀ ਜਾਣਾ ਭੱਜ ਕੇ।’’ ਸਰਾਭੇ ਤੇ ਉਸ ਦੇ ਸਾਥੀਆਂ ਨੇ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਿਆ।
ਉਪਰੋਕਤ ਕਵਿਤਾ ਦੱਸਦੀ ਹੈ ਕਿ ਉਨ੍ਹਾਂ ਸਮਿਆਂ ਵਿਚ ਪੰਜਾਬੀ ਅਮਰੀਕਾ-ਕੈਨੇਡਾ ਵਿਚ ਕਿਸ ਤਰ੍ਹਾਂ ਮਿਹਨਤ-ਮੁਸ਼ੱਕਤ ਕਰ ਰਹੇ ਸਨ। ਇਹ ਲੰਮੀ ਕਹਾਣੀ ਹੈ, ਨਸਲਵਾਦੀ ਗੋਰਿਆਂ ਦਾ ਸਾਹਮਣਾ ਕਰ ਕੇ ਉਨ੍ਹਾਂ ਸਮਾਜਾਂ ਵਿਚ ਆਪਣਾ ਸਥਾਨ ਬਣਾਉਣ ਦੀ। ਅੱਜ ਵਿਦੇਸ਼ਾਂ ’ਚ ਵੱਸਦੇ ਪਰਵਾਸੀ ਪੰਜਾਬੀ ਖ਼ੁਸ਼ਹਾਲ ਹਨ; ਇਹ ਖ਼ੁਸ਼ਹਾਲੀ ਵਰ੍ਹਿਆਂ ਦੀ ਹੱਡ-ਭੰਨਵੀਂ ਮਿਹਨਤ ਦਾ ਸਿੱਟਾ ਹੈ; ਬਹੁਤ ਘੱਟ ਹਨ ਜੋ ਜਾਂਦਿਆਂ ਹੀ ਡਾਕਟਰੀ, ਸਿੱਖਿਆ ਆਦਿ ਦੇ ਖਿੱਤਿਆਂ ਵਿਚ ਸਥਾਪਿਤ ਹੋ ਜਾਂਦੇ ਹਨ; ਬਹੁਤਿਆਂ ਨੂੰ ਕਈ ਤਰ੍ਹਾਂ ਦੇ ਕੰਮ ਕਰਨੇ ਪੈਂਦੇ ਹਨ: ਕਾਰਾਂ ਤੇ ਟਰੱਕਾਂ ਦੀ ਡਰਾਇਵਰੀ, ਖੇਤਾਂ, ਹੋਟਲਾਂ, ਕਾਰਖਾਨਿਆਂ ਵਿਚ ਮਜ਼ਦੂਰੀ, ਸਕਿਉਰਿਟੀ ਗਾਰਡ ਤੇ ਹੋਰ ਅਜਿਹੀਆਂ ਨੌਕਰੀਆਂ। ਸਾਡੇ ਲੋਕ ਕਿਰਸੀ ਹਨ; ਉਨ੍ਹਾਂ ਨੇ ਜਾਇਦਾਦਾਂ ਬਣਾਈਆਂ, ਕਾਰੋਬਾਰ ਕੀਤੇ ਅਤੇ ਸਿਆਸਤ ਵਿਚ ਵੀ ਪੈਰ ਪਸਾਰੇ।
ਇੱਥੇ ਇਹ ਸਵਾਲ ਪੁੱਛਿਆ ਜਾਣਾ ਵੀ ਸੁਭਾਵਿਕ ਹੈ ਕਿ ਏਨੀ ਵੱਡੀ ਗਿਣਤੀ ਵਿਚ ਪੰਜਾਬੀ ਵਿਦੇਸ਼ਾਂ ਵਿਚ ਕਿਉਂ ਗਏ। ਪੰਜਾਬੀ ਉੱਦਮੀ, ਜਾਂਬਾਜ਼ ਤੇ ਸਾਹਸੀ ਹਨ, ਉਹ ਦੇਸ਼ ਦੇ ਹੋਰ ਸੂਬਿਆਂ ਵਿਚ ਜਾ ਵੱਸੇ ਹਨ: ਅਸਾਮ, ਬਿਹਾਰ, ਬੰਗਾਲ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ, ਮੱਧ ਪ੍ਰਦੇਸ਼, ਮਹਾਰਾਸ਼ਟਰ ਆਦਿ; ਉਨ੍ਹਾਂ ਨੇ ਹਰ ਥਾਂ ’ਤੇ ਜਾ ਕੇ ਮਿਹਨਤ ਕੀਤੀ, ਫ਼ਸਲਾਂ ਉਗਾਈਆਂ, ਟਰੱਕ ਚਲਾਏ, ਕਾਰੋਬਾਰ ਕੀਤੇ ਤੇ ਆਪਣੇ ਸਿਰੜ ਦੇ ਝੰਡੇ ਗੱਡੇ। ਵੱਡੀ ਗਿਣਤੀ ਵਿਚ ਵਿਦੇਸ਼ ਜਾਣਾ 1980ਵਿਆਂ ਦਾ ਵਰਤਾਰਾ ਹੈ। ਹਰੇ ਇਨਕਲਾਬ ਨਾਲ ਜੁੜੇ ਵਿਕਾਸ ਮਾਡਲ ਦੇ ਅਸਫਲ ਹੋ ਜਾਣ ਅਤੇ 1980ਵਿਆਂ ਦੇ ਸਰਕਾਰੀ ਤੇ ਅਤਿਵਾਦੀ ਤਸ਼ੱਦਦ ਕਾਰਨ ਇਸ ਰੁਝਾਨ ਨੇ ਤੇਜ਼ੀ ਫੜੀ। 1990ਵਿਆਂ ਦੌਰਾਨ ਪੰਜਾਬ ਦਾ ਵਿਕਾਸ ਮਾਡਲ ਵੱਡੇ ਸੰਕਟ ਵਿਚ ਸੀ ਤੇ ਇਹ ਸੰਕਟ ਵਧਦਾ ਗਿਆ। ਉਨ੍ਹਾਂ ਸਮਿਆਂ ਵਿਚ ਸੱਤਾਧਾਰੀਆਂ, ਪੁਲੀਸ ਅਧਿਕਾਰੀਆਂ ਤੇ ਨਸ਼ਾ ਤਸਕਰਾਂ ਦੇ ਗੱਠਜੋੜ ਨੇ ਪੰਜਾਬ ਦੇ ਨੌਜਵਾਨਾਂ ਨੂੰ ਚਿੱਟੇ ਤੇ ਹੋਰ ਨਸ਼ਿਆਂ ਦੇ ਲੜ ਲਾ ਦਿੱਤਾ। ਬੇਰੁਜ਼ਗਾਰੀ ਨੇ ਬਲਦੀ ’ਤੇ ਤੇਲ ਪਾਇਆ। ਅੱਜ ਵੀ ਬਹੁਤੇ ਪੰਜਾਬੀਆਂ ਦੇ ਮਨ ਵਿਚ ਆਸ ਦਾ ਇਕੋ-ਇਕ ਟਿਮਕਣਾ ਚਮਕਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਉਸ ਦਾ ਧੀ-ਪੁੱਤ ਵਿਦੇਸ਼ ਚਲਾ ਜਾਵੇ। ਪੰਜਾਬੀ ਮਜਬੂਰੀ ਵਿਚ ਪਰਵਾਸ ਕਰ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਆਪਣੇ ਸਿਰੜ ਨਾਲ ਉਹ ਵਿਦੇਸ਼ਾਂ ਵਿਚ ਮਹੱਤਵਪੂਰਨ ਸਿਆਸੀ ਧਿਰ ਬਣਨ ਵਿਚ ਸਫਲ ਹੋਏ ਹਨ। ਉਨ੍ਹਾਂ ਵਿਚੋਂ ਮੁੱਠੀ ਭਰ ਲੋਕ ਖਾਲਿਸਤਾਨ ਦਾ ਨਾਅਰਾ ਵੀ ਲਗਾ ਰਹੇ ਹਨ।
ਪਰ ਸੋਸ਼ਲ ਮੀਡੀਆ ਦੇ ਇਕ ਹਿੱਸੇ ਵੱਲੋਂ ਇਕ ਹੋਰ ਤਰ੍ਹਾਂ ਦਾ ਦ੍ਰਿਸ਼ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਜਿਵੇਂ ਕੈਨੇਡਾ, ਅਮਰੀਕਾ ਤੇ ਹੋਰ ਦੇਸ਼ਾਂ ਵਿਚ ਜਾ ਵਸੇ
ਸਾਰੇ ਸਿੱਖ ਖਾਲਿਸਤਾਨੀ ਹੋਣ। ਇਹ ਪੇਸ਼ਕਾਰੀ ਗ਼ਲਤ ਵੀ ਹੈ ਤੇ ਦੁਖਦਾਈ ਵੀ।
ਇਸ ਪੇਸ਼ਕਾਰੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੇਸ਼ ਦੀ ਸੰਸਦ ਵਿਚ ਖਾਲਿਸਤਾਨ ਪੱਖੀ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਇਕ ਬਿਆਨ ਤੋਂ ਬਾਅਦ ਜ਼ੋਰ ਫੜਿਆ ਹੈ। ਟਰੂਡੋ ਅਨੁਸਾਰ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ‘ਤੇਜ਼ੀ ਨਾਲ ਭਰੋਸੇਯੋਗ/ਪ੍ਰਮਾਣਿਕ ਇਲਜ਼ਾਮਾਂ ਬਾਰੇ ਤਫ਼ਤੀਸ਼ ਕਰ ਰਹੀਆਂ ਹਨ’ ਅਤੇ ਭਾਰਤ ਸਰਕਾਰ ਦੇ ਏਜੰਟਾਂ ਅਤੇ ਨਿੱਝਰ ਦੇ ਕਤਲ ਵਿਚ ‘ਸੰਭਾਵੀ ਸਬੰਧ’ ਹੈ। ਉਸ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਦੇ ਇਕ ਉੱਚ ਅਧਿਕਾਰੀ ਨੂੰ ਕੈਨੇਡਾ ਛੱਡ ਜਾਣ ਦੇ ਹੁਕਮ ਦਿੱਤੇ ਗਏ। ਭਾਰਤ ਨੇ ਵੀ ਕੈਨੇਡਾ ਦੇ ਨਵੀਂ ਦਿੱਲੀ ਵਿਚ ਹਾਈ ਕਮਿਸ਼ਨ ਦੇ ਇਕ ਉੱਚ ਅਧਿਕਾਰੀ ਨੂੰ ਭਾਰਤ ਛੱਡ ਜਾਣ ਦੇ ਆਦੇਸ਼ ਦਿੱਤੇ ਅਤੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ।
ਮੁੱਦਾ ਇਹ ਹੈ ਕਿ ਟਰੂਡੋ ਨੇ ਤਫ਼ਤੀਸ਼ ਮੁਕੰਮਲ ਹੋਣ ਤੋਂ ਪਹਿਲਾਂ ਹੀ ਬਿਨਾਂ ਕੋਈ ਸਬੂਤ ਪੇਸ਼ ਕੀਤੇ ਭਾਰਤ ਉੱਤੇ ਦੋਸ਼ ਲਗਾਏ; ਇਸ ਤਰ੍ਹਾਂ ਮੁੱਦਾ ਟਰੂਡੋ ਦੀ ਗ਼ਲਤੀ ਤੇ ਸਿਆਸੀ ਅਨੈਤਿਕਤਾ ਦਾ ਹੈ; ਮੁੱਦਾ ਇਹ ਹੈ ਕਿ ਵਿਦੇਸ਼ਾਂ ਵਿਚ ਰਹਿਣ ਵਾਲੇ ਮੁੱਠੀ ਭਰ ਖਾਲਿਸਤਾਨੀ ਆਏ ਦਿਨ ਭੜਕਾਊ ਕਾਰਵਾਈਆਂ ਕਰਦੇ ਹਨ; ਮੁੱਦਾ ਸਫ਼ਾਰਤੀ ਟਕਰਾਅ ਦਾ ਹੈ। ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਪਰਵਾਸੀਆਂ ਦੀ ਜੀਵਨ-ਕਹਾਣੀ ਕੁਝ ਹੋਰ ਤਰ੍ਹਾਂ ਦੀ ਹੈ।
ਦੋ ਦਹਾਕੇ ਪਹਿਲਾਂ ਪੰਜਾਬੀ ਚਿੰਤਕ ਗੁਰਬਚਨ ਨੇ ਪੰਜਾਬ ਤੋਂ ਪਰਵਾਸ ਕਰ ਗਏ ਨੌਜਵਾਨਾਂ ਬਾਰੇ ਕਿਤਾਬ ‘ਏਨ੍ਹਾਂ ਮੁੰਡਿਆਂ ਜਲਦੀ ਮਰ ਜਾਣਾ’ ਲਿਖੀ। ਇਹ ਕਿਤਾਬ ਉਨ੍ਹਾਂ ਮੁੰਡਿਆਂ ਬਾਰੇ ਸੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਪਰਵਾਸ ਦੇ ਤੰਦੂਰ ਵਿਚ ਝੋਕ ਦਿੱਤਾ ਸੀ, ਡਾਲਰਾਂ ਦੇ ‘ਚੂਹਾ-ਚੱਕਰ’ ਵਿਚ ਜਿਊਣਾ ਜਿਨ੍ਹਾਂ ਦੀ ਹੋਣੀ ਬਣ ਗਿਆ ਸੀ/ਹੈ। ਗੁਰਬਚਨ ਅਨੁਸਾਰ ‘‘ਬਦੇਸ਼ਾਂ ਵਿਚ ਆਪਣੇ ਬੰਦੇ ਪੰਜਾਬ ਵਾਂਗ ਹੀ ਜੀਅ ਰਹੇ ਨੇ; ਟੁੱਟੇ ਹੋਏ ਨੇ ਤੇ ਲੜ ਰਹੇ ਨੇ। ਇਹ ਨਵੀਂ ਤਰ੍ਹਾਂ ਦੀ ਲੜਾਈ ਹੈ ਜਿਸ ਵਿਚ ਬਹੁਤ ਕੁਝ ਪਸਤ ਹੋ ਰਿਹਾ। ‘ਏਨ੍ਹਾਂ ਮੁੰਡਿਆਂ ਜਲਦੀ ਮਰ ਜਾਣਾ’ ਇਸ ਲੜਾਈ ਦਾ ਮੈਟਾਫਰ ਹੈ।’’
ਦੋ ਦਹਾਕੇ ਪਹਿਲਾਂ ਲਿਖਿਆ ਗਿਆ ਇਹ ਸੱਚ ਅੱਜ ਵੀ ਪਰਵਾਸੀ ਪੰਜਾਬੀਆਂ ਦੀ ਬਹੁਗਿਣਤੀ ਦੀ ਜ਼ਿੰਦਗੀ ਦਾ ਸੱਚ ਹੈ; ਇਹ ਸੱਚ ਹੈ ਵਿਦੇਸ਼ਾਂ ’ਚ ਰਹਿੰਦੇ ਪੰਜਾਬੀ ਟੈਕਸੀ ਤੇ ਟਰੱਕ ਡਰਾਈਵਰਾਂ, ਸਕਿਉਰਿਟੀ ਗਾਰਡਾਂ, ਰੈਸਤੋਰਾਂ ’ਚ ਕੰਮ ਕਰਨ ਵਾਲਿਆਂ, ਪਿੱਜ਼ਾ ਬਣਾਉਣ ਵਾਲਿਆਂ, ਗੈਸ ਸਟੇਸ਼ਨਾਂ ਤੇ ਕਾਰਖਾਨਿਆਂ ’ਚ ਦਿਹਾੜੀਆਂ ਕਰਨ ਵਾਲਿਆਂ, ਡਿਪਾਰਟਮੈਂਟ ਸਟੋਰਾਂ ’ਚ ਕੰਮ ਕਰਨ ਤੇ ਸਟੋਰ ਚਲਾਉਣ ਵਾਲਿਆਂ, ਸਨਅਤੀ ਮਜ਼ਦੂਰਾਂ ਤੇ ਇਮਾਰਤਾਂ ਬਣਾਉਣ ਵਾਲੇ ਕਾਮਿਆਂ ਦਾ ਸੱਚ। ਉਪਰੋਕਤ ਕਿਤਾਬ ਵਿਚ ਇਨ੍ਹਾਂ ਮੁੰਡਿਆਂ ਦੀ ਕਹਾਣੀ ਹਰਬਖ਼ਸ਼ ਚੀਮਾ ਇਉਂ ਦੱਸਦਾ ਹੈ, ‘‘ਇਹ ਮੁੰਡੇ ਰਾਤ ਕੈਬ ਚਲਾਂਦੇ ਆ, ਇਨ੍ਹਾਂ ’ਚੋਂ ਦੋ ਦਿਨੇ ਫੈਕਟਰੀਆਂ ‘ਚ ਕੰਮ ਕਰਦੇ ਨੇ। ਇਕ ਮੁੰਡਾ ਏਥੇ ਪੱਕਾ, ਉਹਦਾ ਘਰ ਘਾਟ ਹੈ, ਇਹਨਾਂ ਕੋਲ ਆ ਜਾਂਦਾ ਮਿਲਣ। ਇਹ ਮੁੰਡਾ ਮਾਇਕ ਤੌਰ ’ਤੇ ਬੜਾ ਸੌਖਾ। ਇਹਦੀ ਵਹੁਟੀ ਕਿਸੇ ਡਾਕਟਰ ਦੀ ਪੀ.ਏ. ਐ। ਆਪ ਦਿਨੇ ਪੋਸਟ ਆਫਿਸ ’ਚ ਕੰਮ ਕਰਦਾ। ਕੁਝ ਦੇਰ ਹੋਈ ਇਹਨੇ ਸ਼ਹਿਰ ’ਚ ਅਖ਼ਬਾਰ ਵੰਡਣ ਦਾ ਠੇਕਾ ਲੈ ਲਿਆ। ਅੱਧੀ ਰਾਤ ਉੱਠ ਕੇ ਅਖ਼ਬਾਰਾਂ ਵੰਡਣ ਤੁਰ ਜਾਂਦਾ, ਸਵੇਰੇ ਸੱਤ ਵਜੇ ਘਰ ਮੁੜਦਾ। ਇਹਨੇ ਫਿਰ ਪੋਸਟ ਆਫਿਸ ਜਾਣਾ ਹੁੰਦਾ। ਲੋਹੇ ਦਾ ਬਣਿਆ ਹੋਇਆ, ਥੱਕਦਾ ਈ ਨਹੀਂ।… ਮੁੰਡਿਆਂ ਨੂੰ ਪੁੱਛੋ ਤੁਸੀਂ ਸੌਂਦੇ ਕੱਦ ਜੇ ਤਾਂ ਊਤਾਂ ਵਰਗਾ ਮੂੰਹ ਬਣਾ ਕੇ ਕਹਿਣਗੇ ‘ਏਥੇ ਸੌਣ ਤਾਂ ਨਹੀਂ ਆਏ’।… ਇਨ੍ਹਾਂ ਕੰਬਖ਼ਤਾਂ ਦੀਆਂ ਅੱਖਾਂ ਵਲ ਦੇਖੋ, ਨੀਂਦ ਨਾਲ ਭਰੀਆਂ ਰਹਿੰਦੀਆਂ। ਏਦਾਂ ਥੋੜ੍ਹਾ ਚਲਦਾ।’’ ਇਹ ਹੈ ਪਰਵਾਸੀ ਪੰਜਾਬੀਆਂ ਦੇ ਨਿੱਤ ਦੇ ਜੀਵਨ ਦੀ ਕਹਾਣੀ, ਉਨ੍ਹਾਂ ਦੀ ਮਿਹਨਤ-ਮੁਸ਼ੱਕਤ, ਖ਼ੁਸ਼ੀਆਂ, ਗ਼ਮਾਂ, ਤਰਸੇਵਿਆਂ, ਤਾਘਾਂ, ਲੜਾਈਆਂ, ਤੌਖ਼ਲਿਆਂ, ਡਰਾਂ, ਮਜਬੂਰੀਆਂ, ਫੜ੍ਹਾਂ, ਦਾਅਵਿਆਂ ਆਦਿ ਦੇ ਨਾਲ ਨਾਲ ਉਨ੍ਹਾਂ ਦੀ ਜ਼ਿੰਦਗੀ ਵਿਚਲੀ ਡਾਲਰ ਦੌੜ ਤੋਂ ਪੈਦਾ ਹੋਈ ਨੀਰਸਤਾ, ਅਕੇਵੇਂ ਤੇ ਹਉਮੈ ਦੀ ਕਹਾਣੀ।
ਸਵਾਲ ਪੈਦਾ ਹੁੰਦਾ ਹੈ ਕਿ ਇਸ ਜੀਵਨ-ਕਹਾਣੀ ’ਚ ਖਾਲਿਸਤਾਨ ਦਾ ਕੀ ਸਥਾਨ ਹੈ। ਕਲਪਿਤ ਮਾਂ-ਭੂਮੀਆਂ ਦੇ ਸੰਕਲਪ ਪਰਵਾਸੀਆਂ ਦੇ ਇਕਲਾਪੇ ਦੇ ਪ੍ਰਤੀਕ ਹੁੰਦੇ ਹਨ; ਉਨ੍ਹਾਂ ਦੇ ਆਪਣੀ ਪ੍ਰਸੰਗਿਕਤਾ ਨੂੰ ਬਣਾਈ ਰੱਖਣ ਦੇ ਆਸਰੇ ਤੇ ਟੇਕਾਂ। ਕੀ ਅਜਿਹੇ ਰੁਝਾਨ ਖ਼ਤਰਨਾਕ ਹੋ ਸਕਦਾ ਹਨ? ਨਿਸ਼ਚੇ ਹੀ, ਧਰਮ ਦੇ ਆਧਾਰ ’ਤੇ ਉਸਰਨ ਵਾਲੀ ਹਰ ਸਿਆਸੀ ਲਹਿਰ ’ਚ ਅਜਿਹੇ ਖ਼ਤਰੇ ਮੌਜੂਦ ਹੁੰਦੇ ਹਨ, ਚਾਹੇ ਉਹ ਖਾਲਿਸਤਾਨੀ ਹੋਵੇ ਜਾਂ ਹਿੰਦੂਤਵਵਾਦੀ, ਸਿਆਸੀ ਇਸਲਾਮੀ ਨਜ਼ਰੀਏ ’ਤੇ ਉਸਰਨ ਵਾਲੀ ਦਹਿਸ਼ਤਗਰਦੀ ਹੋਵੇ ਜਾਂ ਗੋਰਿਆਂ ਦਾ ਨਸਲਵਾਦ। ਪਰਵਾਸੀ ਪੰਜਾਬੀਆਂ ਤੇ ਸਿੱਖਾਂ ਦੀ ਬਹੁਗਿਣਤੀ ਦੇ ਮਨਾਂ ’ਚ ਖਾਲਿਸਤਾਨ ਲਈ ਕੋਈ ਥਾਂ ਨਹੀਂ ਹੈ।
ਇਸ ਦੇ ਨਾਲ ਨਾਲ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਪੰਜਾਬ ਵਿਚ ਵੱਸਦੇ ਪੰਜਾਬੀਆਂ ਦੇ ਮਨ ਵਿਚ ਖਾਲਿਸਤਾਨ ਲਈ ਕੀ ਥਾਂ ਹੈ? 1997 ਵਿਚ ਪੰਜਾਬੀਆਂ ਨੇ ਸੱਤਾ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੂੰ ਸੌਂਪੀ ਅਤੇ 2002 ਵਿਚ ਕਾਂਗਰਸ ਨੂੰ। 2007 ਤੋਂ 2017 ਤਕ ਅਕਾਲੀ ਦਲ-ਭਾਜਪਾ ਗੱਠਜੋੜ ਨੇ ਪੰਜਾਬ ’ਤੇ ਰਾਜ ਕੀਤਾ ਅਤੇ 2017 ਤੋਂ 2022 ਤਕ ਕਾਂਗਰਸ ਨੇ। 2022 ਵਿਚ ਪੰਜਾਬੀਆਂ ਨੇ ਸੱਤਾ ਆਮ ਆਦਮੀ ਪਾਰਟੀ ਨੂੰ ਸੌਂਪੀ। ਇਹ ਵੀ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਲੋਕ ਸਭਾ ਦੇ ਸੰਗਰੂਰ ਹਲਕੇ ਦੀ ਜ਼ਿਮਨੀ ਚੋਣ ਵਿਚ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਖਾਲਿਸਤਾਨ ਦੀ ਹਮਾਇਤ ਕਰ ਕੇ ਨਹੀਂ ਸੀ, ਉਸ ਦੇ ਕਾਰਨ ਹੋਰ ਸਨ। ਇੱਥੇ ਇਹ ਵੀ ਯਾਦ ਰੱਖਣ ਯੋਗ ਹੈ ਕਿ ਕੁਝ ਖਾਲਿਸਤਾਨ ਪੱਖੀਆਂ ਨੇ 2020-21 ਦੇ ਕਿਸਾਨ ਅੰਦੋਲਨ ’ਤੇ ਵੀ ਛੱਪਾ ਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਸੀ ਮਿਲੀ; ਕਿਸਾਨਾਂ ਨੇ ਉਨ੍ਹਾਂ ਨੂੰ ਮੂੰਹ-ਤੋੜ ਜਵਾਬ ਦਿੱਤਾ ਸੀ।
ਅੱਜ ਪੰਜਾਬੀਆਂ ਦੇ ਮਨਾਂ ਵਿਚਲੇ ਫ਼ਿਕਰ ਕੁਝ ਹੋਰ ਤਰ੍ਹਾਂ ਦੇ ਹਨ। ਕੋਈ ਪਰਿਵਾਰ ਆਪਣੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦਾ ਕੱਟੜਪੰਥੀ ਨਹੀਂ ਬਣਾਉਣਾ ਚਾਹੁੰਦਾ; ਹਾਂ, ਉਹ ਉਨ੍ਹਾਂ ਨੂੰ ਵਿਦੇਸ਼ਾਂ ਨੂੰ ਜ਼ਰੂਰ ਤੋਰਨਾ ਚਾਹੁੰਦੇ ਹਨ; ਉਨ੍ਹਾਂ ਨੂੰ ਚਿੰਤਾ ਹੈ ਕਿ ਕੈਨੇਡਾ ਨਾਲ ਹੋ ਰਹੇ ਸਫ਼ਾਰਤੀ ਟਕਰਾਅ ਦੇ ਸਿੱਟੇ ਕੀ ਹੋਣਗੇ; ਕਿਤੇ ਉਨ੍ਹਾਂ ਵਿਦਿਆਰਥੀਆਂ ਜਿਹੜੇ ਕੈਨੇਡਾ ਵਿਚ ਪੜ੍ਹ ਰਹੇ ਹਨ, ਨੂੰ ਵਰਕ ਪਰਮਿਟ ਤੇ ਪੱਕੀ ਰਿਹਾਇਸ਼ ਦੇ ਕਾਗਜ਼ਾਤ ਮਿਲਣ ਵਿਚ ਢਿੱਲ-ਮੱਠ ਤਾਂ ਨਹੀਂ ਹੋਵੇਗੀ; ਜਿਨ੍ਹਾਂ ਨੇ ਫੀਸਾਂ ਭਰ ਦਿੱਤੀਆਂ ਹਨ, ਉਨ੍ਹਾਂ ਨੂੰ ਫ਼ਿਕਰ ਹੈ ਕਿ ਉਨ੍ਹਾਂ ਨੂੰ ਵੀਜ਼ਾ ਸਮੇਂ ਸਿਰ ਮਿਲੇ। ਕੈਨੇਡਾ ਵਿਚ ਵੱਸਦੇ ਪੰਜਾਬੀਆਂ ਜਿਹੜੇ ਕੈਨੇਡੀਅਨ ਨਾਗਰਿਕ ਬਣ ਚੁੱਕੇ ਹਨ, ਨੇ ਵੀ ਪੰਜਾਬ ਆਉਂਦੇ-ਜਾਂਦੇ ਰਹਿਣਾ ਹੈ। ਕੇਂਦਰ ਸਰਕਾਰ ਨੂੰ ਪੰਜਾਬੀਆਂ ਦੇ ਇਨ੍ਹਾਂ ਫ਼ਿਕਰਾਂ ਬਾਰੇ ਚਿੰਤਾ ਹੋਣੀ ਚਾਹੀਦੀ ਹੈ।
ਭਾਰਤ ਸਰਕਾਰ ਨੂੰ ਗ਼ੈਰ-ਕਾਨੂੰਨੀ ਕੰਮ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ, ਚਾਹੇ ਉਹ ਖਾਲਿਸਤਾਨੀ ਲਹਿਰ ਨਾਲ ਸਬੰਧਿਤ ਹੋਣ ਜਾਂ ਹਿੰਦੂਤਵੀ ਸੰਗਠਨਾਂ ਜਾਂ ਮੁਸਲਿਮ ਦਹਿਸ਼ਤਗਰਦੀ ਜਥੇਬੰਦੀਆਂ ਨਾਲ। ਕੈਨੇਡਾ, ਅਮਰੀਕਾ, ਇੰਗਲੈਂਡ ਆਦਿ ਦੇਸ਼ਾਂ ਵਿਚ ਰਹਿਣ ਵਾਲੇ ਸਾਰੇ ਸਿੱਖਾਂ ਨੂੰ ਖਾਲਿਸਤਾਨੀ ਦੱਸਣਾ ਤੇ ਪੇਸ਼ ਕਰਨਾ, ਗ਼ਲਤ ਬਿਆਨੀ ਹੈ; ਸੋਸ਼ਲ ਮੀਡੀਆ ’ਤੇ ਇਸ ਤਰ੍ਹਾਂ ਦੀ ਪੇਸ਼ਕਾਰੀ ਕਰ ਰਿਹਾ ਸ਼ਬਦਾਂ ਦਾ ਤੂਫਾਨ ਪੰਜਾਬ ਅਤੇ ਪੰਜਾਬੀਆਂ ਦੀਆਂ ਦੇਸ਼ ਆਜ਼ਾਦ ਕਰਾਉਣ ਤੇ ਇਸ ਦੀ ਸੁਰੱਖਿਆ ਲਈ ਕੀਤੀਆਂ ਕੁਰਬਾਨੀਆਂ ਦਾ ਅਪਮਾਨ ਹੈ। ਇਹ ਗ਼ਲਤ ਬਿਆਨੀ ਬੰਦ ਹੋਣੀ ਚਾਹੀਦੀ ਹੈ।

Advertisement
Advertisement