ਮਨਮੋਹਨ ਸਿੰਘ ਢਿਲੋਂਜੂਨ 1984 ਵਿੱਚ ਨੀਲਾ ਤਾਰਾ ਸਾਕਾ ਜਿਨ੍ਹਾਂ ਦੇਖਿਆ-ਹੰਢਾਇਆ ਹੈ, ਉਸ ਦਾ ਸਿਆਹ ਪਰਛਾਵਾਂ ਉਨ੍ਹਾਂ ਦੇ ਚੇਤਿਆਂ ਵਿੱਚ ਹਮੇਸ਼ਾ ਰਹੇਗਾ। ਸਾਕੇ ਤੋਂ ਪਹਿਲਾਂ ਹੀ ਅੰਮ੍ਰਿਤਸਰ ਸ਼ਹਿਰ ਵਿੱਚ ਹੀ ਨਹੀਂ ਸਗੋਂ ਬਾਹਰਲੇ ਇਲਾਕਿਆਂ ਵਿੱਚ ਵੀ ਸਰਕਾਰ ਵੱਲੋਂ ਸੀਆਰਪੀਐੱਫ ਤਾਇਨਾਤ ਕਰ ਦਿੱਤੀ ਗਈ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਖ਼ਾਲਸਾ ਕਾਲਜ ਦੇ ਅੰਦਰ ਵੀ ਅਤੇ ਬਾਹਰ ਵੀ, ਵੱਡੀ ਗਿਣਤੀ ਵਿੱਚ ਫੋਰਸ ਲਾਈ ਗਈ ਸੀ। ਹਰੇਕ ਸਿੱਖ ਨੌਜਵਾਨ ਨੂੰ ਸੀਆਰਪੀਐੱਫ ਦੇ ਮੁਲਾਜ਼ਮ ਸ਼ੱਕ ਦੀ ਨਜ਼ਰ ਨਾਲ ਦੇਖਦੇ ਅਤੇ ਉਨ੍ਹਾਂ ਨਾਲ ਮਾੜਾ ਵਰਤਾਓ ਕਰਦੇ। ਸਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਗਿਆ ਸੀ। ਲੋਕੀਂ ਘਰੋਂ ਬਾਹਰ ਜਾਣ ਤੋਂ ਵੀ ਗੁਰੇਜ਼ ਕਰਨ ਲੱਗ ਪਏ ਸਨ ਤੇ ਮਜਬੂਰੀ ਵੱਸ ਹੀ ਬਾਜ਼ਾਰ ਵੱਲ ਨਿਕਲਦੇ ਸਨ।ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਵਿੱਚ ਚੱਲੀ ਗੋਲੀ ਨੇ ਲੋਕਾਂ ਵਿੱਚ ਹੋਰ ਵੀ ਦਹਿਸ਼ਤ ਪੈਦਾ ਕਰ ਦਿੱਤੀ ਸੀ। ਪਹਿਲੀ ਜੂਨ ਨੂੰ ਸ਼ਹਿਰ ਵਿੱਚ ਕਰਫਿਊ ਲਾ ਦਿੱਤਾ ਗਿਆ। ਲੋਕ ਘਰਾਂ ਵਿੱਚ ਹੀ ਨਜ਼ਰਬੰਦ ਹੋ ਗਏ। ਕਈ ਦਿਨਾਂ ਮਗਰੋਂ ਜਦੋਂ ਥੋੜ੍ਹੇ ਸਮੇਂ ਲਈ ਕਰਫਿਊ ਵਿੱਚ ਢਿੱਲ ਦਿੱਤੀ ਗਈ ਤਾਂ ਘਰਾਂ ਵਿੱਚ ਬੰਦ ਲੋਕ ਬਾਜ਼ਾਰਾਂ ਵਿੱਚ ਜ਼ਰੂਰਤ ਦੀਆਂ ਵਸਤਾਂ ਲੈਣ ਨਿਕਲੇ। ਉਸ ਵੇਲੇ ਵੀ ਸੀਆਰਪੀਐੱਫ ਦੇ ਮੁਲਾਜ਼ਮਾਂ ਨੇ ਆਮ ਜਨਤਾ ਨਾਲ ਬਦਸਲੂਕੀ ਕੀਤੀ। ਕਰਫਿਊ ਵਿੱਚ ਢਿੱਲ ਮਿਲਣ ਮੌਕੇ ਭੱਜ-ਨੱਠ ਕਾਰਨ ਸਿਰ ’ਤੇ ਪਗੜੀ ਬੰਨ੍ਹਣ ਦਾ ਮੌਕਾ ਨਹੀਂ ਮਿਲਦਾ ਸੀ, ਬਹੁਤ ਸਾਰੇ ਬੰਦੇ ਪਰਨਾ ਜਾਂ ਪਟਕਾ ਬੰਨ੍ਹ ਕੇ ਹੀ ਬਾਜ਼ਾਰਾਂ ਵੱਲ ਭੱਜੇ।ਪ੍ਰਸ਼ਾਸਨ ਵੱਲੋਂ ਕਰਫਿਊ ਵਿੱਚ ਦਿੱਤੀ ਢਿੱਲ ਮੌਕੇ ਸਿਰ ’ਤੇ ਪੀਲਾ ਪਟਕਾ ਬੰਨ੍ਹਣ ਅਤੇ ਸਾਈਕਲ ਉੱਤੇ ਦੋ ਸਵਾਰੀਆਂ ਬੈਠਣ ’ਤੇ ਪਾਬੰਦੀ ਹੋਣ ਬਾਰੇ ਕੋਈ ਐਲਾਨ ਨਹੀਂ ਸੀ ਕੀਤਾ ਗਿਆ, ਪਰ ਇਸ ਢਿੱਲ ਦੌਰਾਨ ਜਿਨ੍ਹਾਂ ਨੇ ਸਿਰਾਂ ’ਤੇ ਪਟਕੇ ਬੰਨ੍ਹੇ ਹੁੰਦੇ ਸਨ, ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਉਨ੍ਹਾਂ ਦੇ ਡੰਡੇ ਵੀ ਮਾਰੇ ਗਏ। ਜੇ ਸਾਈਕਲ ’ਤੇ ਦੋ ਸਵਾਰੀਆਂ ਹੁੰਦੀਆਂ ਤਾਂ ਉਨ੍ਹਾਂ ਦੇ ਵੀ ਡੰਡੇ ਮਾਰੇ ਗਏ।ਕਰਫਿਊ ਵਿੱਚ ਢਿੱਲ ਦਾ ਪਤਾ ਟੀਵੀ ਤੋਂ ਹੀ ਲਗਦਾ ਸੀ। ਉਦੋਂ ਟੀਵੀ ਬਹੁਤ ਘੱਟ ਹੁੰਦੇ ਸਨ, ਪਰ ਆਂਢ-ਗੁਆਂਢ ਦੇ ਲੋਕੀਂ, ਜਿਨ੍ਹਾਂ ਘਰ ਟੀਵੀ ਸਨ, ਉਹ ਕਰਫਿਊ ਵਿੱਚ ਢਿੱਲ ਬਾਰੇ ਸਭ ਨੂੰ ਤੁਰੰਤ ਦੱਸ ਦਿੰਦੇ ਸਨ। ਕਰਫਿਊ ਵਿੱਚ ਦਿੱਤੀ ਜਾਂਦੀ ਢਿੱਲ ਦਾ ਸਮਾਂ ਦਹਿਸ਼ਤ ਭਰਿਆ ਹੁੰਦਾ ਸੀ ਜਿਸ ਨੂੰ ਭੁੱਲਿਆ ਨਹੀਂ ਜਾ ਸਕਦਾ।ਤੱਥ ਦਰਸਾਉਂਦੇ ਹਨ ਕਿ ਨੀਲਾ ਤਾਰਾ ਸਾਕੇ ਦੌਰਾਨ 6 ਜੂਨ 1984 ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਉਨ੍ਹਾਂ ਦੇ ਸਾਥੀ ਜਨਰਲ ਸੁਬੇਗ ਸਿੰਘ, ਬਾਬਾ ਠਾਹਰਾ ਸਿੰਘ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਫ਼ੌਜ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ ਸਨ। ਸੰਤ ਭਿੰਡਰਾਂਵਾਲੇ ਦੀ ਦੇਹ ਦੀ ਸ਼ਨਾਖ਼ਤ ਉਨ੍ਹਾਂ ਦੇ ਭਰਾ ਸੂਬੇਦਾਰ ਮੇਜਰ ਹਰਚਰਨ ਸਿੰਘ ਰੋਡੇ, ਜਿਹੜੇ ਕੈਪਟਨ ਵਜੋਂ ਸੇਵਾਮੁਕਤ ਹੋਏ ਸਨ, ਨੇ ਸੁਪਰਡੈਂਟ ਪੁਲੀਸ, ਸਿਵਲ ਅਧਿਕਾਰੀਆਂ ਅਤੇ ਫ਼ੌਜੀ ਅਫਸਰਾਂ ਦੀ ਹਾਜ਼ਰੀ ਵਿੱਚ ਕੀਤੀ ਸੀ।ਸਾਕਾ ਨੀਲਾ ਤਾਰਾ ਸਮੇਂ ਡੀਐੱਸਪੀ (ਸਿਟੀ) ਰਹੇ ਤੇ ਐੱਸਪੀ ਵਜੋਂ ਸੇਵਾ ਮੁਕਤ ਹੋਏ ਸ੍ਰੀ ਅਪਾਰ ਸਿੰਘ ਬਾਜਵਾ ਨੇ ਉਸ ਵੇਲੇ ਕਾਫ਼ੀ ਅਹਿਮ ਭੂਮਿਕਾ ਨਿਭਾਈ ਸੀ, ਜਿਸ ਵਿੱਚ ਦਰਬਾਰ ਸਾਹਿਬ ਸਮੂਹ ਵਿੱਚੋਂ 800 ਤੋਂ ਵੱਧ ਲਾਸ਼ਾਂ ਹਟਾਉਣਾ ਵੀ ਸ਼ਾਮਿਲ ਸੀ। ਇਨ੍ਹਾਂ ਕੋਲ ਫ਼ੌਜੀ ਕਾਰਵਾਈ ਬਾਰੇ ਵੀ ਅਹਿਮ ਜਾਣਕਾਰੀ ਸੀ। ਇਕ ਮੁਲਾਕਾਤ ਦੌਰਾਨ ਉਨ੍ਹਾਂ ਦੱਸਿਆ ਕਿ ਸੰਤ ਭਿੰਡਰਾਂਵਾਲੇ ਦੀ ਸ਼ਨਾਖ਼ਤ ਉਨ੍ਹਾਂ ਦੇ ਭਰਾ ਨੇ ਕੀਤੀ ਸੀ। ਗੈਰ-ਸਰਕਾਰੀ ਤੌਰ ’ਤੇ ਉਨ੍ਹਾਂ ਪਾਸੋਂ ਵੀ ਦੇਹ ਦੀ ਪਛਾਣ ਕਰਵਾਈ ਗਈ ਸੀ। ਉਨ੍ਹਾਂ ਅਨੁਸਾਰ, ਉਹ 13 ਅਪਰੈਲ 1978 ਨੂੰ ਵਾਪਰੇ ਨਿਰੰਕਾਰੀ ਕਾਂਡ ਦੇ ਜਾਂਚ ਅਧਿਕਾਰੀ ਵੀ ਸਨ, ਜਿਸ ਕਰ ਕੇ ਉਹ ਸੰਤ ਭਿੰਡਰਾਂਵਾਲਿਆਂ ਅਤੇ ਦਮਦਮੀ ਟਕਸਾਲ ਦੇ ਆਗੂਆਂ ਨੂੰ ਜਾਣਦੇ ਸਨ। ਗੁਰਦੁਆਰਾ ਸ਼ਹੀਦਾਂ ਨੇੜੇ ਸ਼ਮਸ਼ਾਨਘਾਟ ਵਿੱਚ ਸੰਤ ਭਿੰਡਰਾਂਵਾਲੇ ਦਾ ਸਸਕਾਰ ਕੀਤਾ ਗਿਆ। ਉੱਥੇ ਉਸ ਵੇਲੇ ਕੇਵਲ ਫ਼ੌਜ ਦਾ ਕੰਟਰੋਲ ਸੀ, ਪੁਲੀਸ ਅਤੇ ਸਿਵਲ ਅਧਿਕਾਰੀਆਂ ਨੂੰ ਉੱਥੇ ਜਾਣ ਦੀ ਆਗਿਆ ਨਹੀਂ ਸੀ। ਉਸ ਵੇਲੇ ਡਿਪਟੀ ਕਮਿਸ਼ਨਰ ਰਮੇਸ਼ਇੰਦਰ ਸਿੰਘ, ਬ੍ਰਿਗੇਡੀਅਰ ਤਲਵਾੜ, ਬ੍ਰਿਗੇਡੀਅਰ ਚੱਢਾ, ਐੱਸਪੀ (ਸੀਆਈਡੀ) ਹਰਜੀਤ ਸਿੰਘ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੈਨਿਕ ਮੌਜੂਦ ਸਨ। ਉਨ੍ਹਾਂ ਇਹ ਵੀ ਦੱਸਿਆ, “ਇਸ ਮੰਤਵ ਲਈ ਮੈਨੂੰ 7 ਜੂਨ ਨੂੰ ਸਵੇਰੇ ਵਿਸ਼ੇਸ਼ ਤੌਰ `ਤੇ ਸੱਦਿਆ ਗਿਆ ਸੀ।”ਉਨ੍ਹਾਂ ਮੁਤਾਬਿਕ, ਡਿਊਟੀ ਦੌਰਾਨ ਉਨ੍ਹਾਂ ਦੇਖਿਆ ਕਿ ਫੌਜੀ ਆਤਮ-ਸਮਰਪਣ ਕਰਨ ਵਾਲੇ ਮਰਦਾਂ ਤੇ ਔਰਤਾਂ ਨਾਲ ਬਹੁਤ ਮਾੜਾ ਵਿਹਾਰ ਕਰ ਰਹੇ ਸਨ। ਉਨ੍ਹਾਂ ਸਾਰਿਆਂ ਨੂੰ ਉਂਝ ਹੀ ਛਾਉਣੀ ਵਿੱਚ ਸਥਿਤ ਸਕੂਲ ਵਿੱਚ ਸੁੱਟ ਦਿੱਤਾ ਗਿਆ ਸੀ। ਤਿੰਨ ਦਿਨਾਂ ਤੋਂ ਪਾਣੀ ਨਾ ਮਿਲਣ ਕਾਰਨ ਲੋਕ ਗੰਦਾ ਪਾਣੀ ਪੀ ਰਹੇ ਸਨ। ਉਨ੍ਹਾਂ ਦੱਸਿਆ, “ਇੱਕ ਫ਼ੌਜੀ ਅਫਸਰ ਨੂੰ ਬੇਨਤੀ ਕਰ ਕੇ ਮੈਂ ਬਾਗ ਵਾਲੀ ਗਲੀ ਵਿੱਚੋਂ ਪਾਣੀ ਦਾ ਪ੍ਰਬੰਧ ਕੀਤਾ ਤੇ ਉਨਾਂ ਨੂੰ ਪਾਣੀ ਪਿਆਇਆ, ਜਿਸ ਦਾ ਕੁਝ ਫ਼ੌਜੀਆਂ ਨੇ ਵਿਰੋਧ ਵੀ ਕੀਤਾ।”ਸ੍ਰੀ ਬਾਜਵਾ ਨੇ ਦੱਸਿਆ ਕਿ 7 ਜੂਨ ਨੂੰ ਹੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਗੁਰੂ ਨਾਨਕ ਨਿਵਾਸ ਤੋਂ ਬਾਹਰ ਆਏ ਸਨ, ਜਿਨ੍ਹਾਂ ਨੂੰ ਫ਼ੌਜ ਐੱਮਈਐੱਸ ਦੇ ਬੰਗਲੇ ਵਿੱਚ ਲੈ ਗਈ। ਉਸੇ ਦਿਨ ਹੀ ਭਾਈ ਹਰਮਿੰਦਰ ਸਿੰਘ ਗਿੱਲ, ਭਾਈ ਹਰਮਿੰਦਰ ਸਿੰਘ ਸੰਧੂ, ਭਾਈ ਮਨਜੀਤ ਸਿੰਘ, ਅਮਰਜੀਤ ਸਿੰਘ ਚਾਵਲਾ ਅਤੇ ਭਾਈ ਰਾਜਿੰਦਰ ਸਿੰਘ ਮਹਿਤਾ ਨੂੰ ਵੀ ਫ਼ੌਜ ਨੇ ਘੇਰੇ ਵਿੱਚ ਲੈ ਕੇ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਆਰਜ਼ੀ ਜੇਲ੍ਹ ਵਿੱਚ ਰੱਖਿਆ ਗਿਆ।ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਨ੍ਹਾਂ ਵਿੱਚੋਂ ਕਿਸੇ ਵੀ ਆਗੂ ਨੇ ਆਤਮ-ਸਮਰਪਣ ਨਹੀਂ ਸੀ ਕੀਤਾ, ਨਾ ਹੀ ਕੋਈ ਹੱਥ ਖੜ੍ਹੇ ਕਰ ਕੇ ਬਾਹਰ ਆਇਆ ਸੀ। ਸੰਤ ਭਿੰਡਰਾਂਵਾਲੇ ਦੀ ਮੌਤ ਬਾਰੇ ਖ਼ਬਰ 7 ਜੂਨ ਨੂੰ ਟੀਵੀ ਤੋਂ ਆ ਗਈ ਸੀ। ਸ੍ਰੀ ਬਾਜਵਾ ਨੇ ਇਹ ਵੀ ਦੱਸਿਆ ਕਿ ਦਮਦਮੀ ਟਕਸਾਲ ਦੇ ਕੁਝ ਆਗੂ ਵੀ ਉਨ੍ਹਾਂ ਕੋਲ ਸੰਤ ਬਾਰੇ ਅਸਲੀਅਤ ਜਾਨਣ ਲਈ ਆਏ ਸਨ ਅਤੇ ਉਨ੍ਹਾਂ ਨੇ ਇਨ੍ਹਾਂ ਆਗੂਆਂ ਨੂੰ ਵੀ ਸਪੱਸ਼ਟ ਦੱਸ ਦਿੱਤਾ ਸੀ। ਸੰਤ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਪੁੱਛਣ ਲਈ ਕਦੇ ਪਹੁੰਚ ਨਹੀਂ ਸੀ ਕੀਤੀ।ਨੀਲਾ ਤਾਰਾ ਸਾਕੇ ਤੋਂ ਬਾਅਦ ਸਰਕਾਰ ਵੱਲੋਂ ਜਦੋਂ ਪਹਿਲੀ ਵਾਰ ਦਰਬਾਰ ਸਾਹਿਬ ਦੇ ਕਿਵਾੜ ਖੋਲ੍ਹੇ ਗਏ ਸਨ ਤਾਂ ਮੈਂ ਅਤੇ ਮੇਰੀ ਪਤਨੀ ਵੀ ਦਰਬਾਰ ਸਾਹਿਬ ਜਾਣ ਵਾਲੀ ਸੰਗਤ ਵਿੱਚ ਸ਼ਾਮਿਲ ਸਾਂ। ਉਸ ਵੇਲੇ ਜੋ ਮੰਜ਼ਰ ਦੇਖਿਆ, ਉਸ ਦੇ ਅਸੀਂ ਚਸ਼ਮਦੀਦ ਗਵਾਹ ਹਾਂ। ਜਿਥੇ ਅੱਜ ਗਲਿਆਰਾ ਬਣਿਆ ਹੈ, ਉਥੋਂ ਲੈ ਕੇ ਦਰਬਾਰ ਸਾਹਿਬ ਦੇ ਮੁੱਖ ਗੇਟ ਤਕ ਫ਼ੌਜ ਦੇ ਜਵਾਨ ਖਲੋਤੇ ਸਨ। ਉਹ ਇਸ ਤਰ੍ਹਾਂ ਦੇਖ ਰਹੇ ਸਨ, ਜਿਵੇਂ ਕਿਸੇ ਬਗਾਨੇ ਦੇਸ਼ ਦੀ ਸਰਹੱਦ ਵੱਲੋਂ ਆਉਣ ਵਾਲੇ ਦੁਸ਼ਮਣਾਂ ਦੀ ਘੁਸਪੈਠ ਰੋਕਣ ਲਈ ਖਲੋਤੇ ਹੋਣ। ਜਿਵੇਂ-ਜਿਵੇਂ ਸ਼ਰਧਾਲੂ ਦਰਬਾਰ ਸਾਹਿਬ ਵੱਲ ਆ ਰਹੇ ਸਨ, ਲੋਕਾਂ ਦੇ ਚਿਹਰਿਆਂ ’ਤੇ ਖੌਫ ਤੇ ਗੁੱਸਾ ਵਧ ਰਿਹਾ ਸੀ ਅਤੇ ਉਹ ਭਾਵੁਕ ਹੋ ਰਹੇ ਸਨ, ਪਰ ਹਾਲਾਤ ਨੂੰ ਸਮਝਦਿਆਂ ਉਹ ਅੱਗੇ ਵਧ ਰਹੇ ਸਨ।ਦਰਬਾਰ ਸਾਹਿਬ ਦੇ ਮੁੱਖ ਗੇਟ ਤੋਂ ਥੱਲੇ ਪੌੜੀਆਂ ਉਤਰਦਿਆਂ ਸਾਹਮਣੇ ਦਾ ਮੰਜ਼ਰ ਹੋਰ ਵੀ ਖੌਫਨਾਕ ਸੀ। ਦਰਬਾਰ ਸਾਹਿਬ ਵੱਲ ਅੰਦਰ ਨੂੰ ਜਾਂਦਿਆਂ ਮੁੱਖ ਗੇਟ ਤੋਂ ਪਹਿਲਾਂ ਹੀ ਫ਼ੌਜੀ ਗੰਨਾਂ ਲੈ ਕੇ ਖਲੋਤੇ ਸਨ, ਉਹ ਇਹ ਵੀ ਕਹਿ ਰਹੇ ਸਨ, “ਇਧਰ ਮੱਤ ਜਾਉ, ਉਧਰ ਮੱਤ ਜਾਉ” ਪਰ ਕੋਈ ਵੀ ਸ਼ਰਧਾਲੂ ਪ੍ਰਵਾਹ ਨਹੀਂ ਸੀ ਕਰ ਰਿਹਾ।ਦਰਬਾਰ ਸਾਹਿਬ ਦੀ ਉਪਰਲੀ ਮੰਜ਼ਿਲ ’ਤੇ ਗਏ ਤਾਂ ਸਾਹਮਣੇ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ (ਹੱਥ ਲਿਖਤ) ਦਾ ਪ੍ਰਕਾਸ਼ ਕੀਤਾ ਹੋਇਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲੱਗੀ ਗੋਲੀ ਵੀ ਸਪੱਸ਼ਟ ਨਜ਼ਰ ਆ ਰਹੀ ਸੀ।ਲੰਗਰ ਹਾਲ ਵੱਲੋਂ ਦਰਬਾਰ ਸਾਹਿਬ ਦੀ ਪਰਿਕਰਮਾ ਵੱਲ ਉਤਰਦੀਆਂ ਪੌੜੀਆਂ ਟੁੱਟੀਆਂ ਹੋਈਆਂ ਸਨ ਕਿਉਂਕਿ ਇਨ੍ਹਾਂ ਪੌੜੀਆਂ ਰਾਹੀਂ ਟੈਂਕ ਪਰਿਕਰਮਾ ਅੰਦਰ ਆਏ ਸਨ। ਟੈਂਕਾਂ ਨੇ ਪਰਿਕਰਮਾ ਦੇ ਸੰਗਮਰਮਰ ਦੇ ਪੱਥਰ ਤੋੜ ਸੁੱਟ ਸਨ। ਕਈ ਥਾਵਾਂ ’ਤੇ ਟੈਂਕਾਂ ਨੇ ਟਾਈਲਾਂ ਤੋੜ ਕੇ ਪਰਿਕਰਮਾ ਨੂੰ ਹੇਠਾਂ ਦਬਾਅ ਦਿੱਤਾ ਸੀ। ਅੰਦਰਲਾ ਮੰਜ਼ਰ ਦੇਖ ਕੇ ਸ਼ਰਧਾਲੂ ਗੁੱਸੇ ਅਤੇ ਭਾਵੁਕਤਾ ਵਿੱਚ ਵਹਿ ਰਹੇ ਸਨ। ਉਹ ਚੁੱਪ ਰਹਿਣ ਲਈ ਮਜਬੂਰ ਸਨ। ਇਸ ਸਾਕੇ ਨੂੰ ਚਾਰ ਦਹਾਕੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਲੋਕਾਂ ਦੇ ਮਨਾਂ ਅੰਦਰ ਉਹ ਭਾਵੁਕਤਾ ਜਿਉਂ ਦੀ ਤਿਉਂ ਕਾਇਮ ਹੈ।ਸੰਪਰਕ: 98784-47635