For the best experience, open
https://m.punjabitribuneonline.com
on your mobile browser.
Advertisement

ਮੱਧ ਪੂਰਬ ਦੇ ਹਾਲਾਤ ਅਤੇ ਵਿਸ਼ਵ ਸਿਆਸਤ

07:49 AM May 13, 2024 IST
ਮੱਧ ਪੂਰਬ ਦੇ ਹਾਲਾਤ ਅਤੇ ਵਿਸ਼ਵ ਸਿਆਸਤ
Advertisement

ਮਨਦੀਪ
ਅਮਰੀਕਾ ਵੱਲੋਂ ਇਜ਼ਰਾਈਲ ਨਾਲ ਮਿਲ ਕੇ ਫ਼ਲਸਤੀਨ ਦੀ ਨਸਲਕੁਸ਼ੀ ਜਾਰੀ ਹੈ। ਪੱਛਮੀ ਤਾਕਤਾਂ ਦੇ ਸਾਂਝੇ ਸਹਿਯੋਗ ਨਾਲ ਚਲਾਈ ਜਾ ਰਹੀ ਇਸ ਕਵਾਇਦ ਵਿੱਚ ਇਜ਼ਰਾਈਲ ਨੇ ਪਿਛਲੇ 6 ਮਹੀਨਿਆਂ ਵਿੱਚ 36000 ਤੋਂ ਵੱਧ ਬੇਕਸੂਰ ਲੋਕ ਮਾਰ ਦਿੱਤੇ ਹਨ। ਗਾਜ਼ਾ ਪੱਟੀ ਨੂੰ ਮਲਬੇ ਦੇ ਢੇਰ ਵਿੱਚ ਅਤੇ ਰਾਫਾਹ ਦੇ ‘ਸੁਰੱਖਿਅਤ ਲਾਂਘੇ’ ਨੂੰ ਸੰਸਾਰ ਦੇ ਵੱਡੇ ‘ਕੈਦਖਾਨੇ’ ਵਿੱਚ ਬਦਲ ਦਿੱਤਾ ਹੈ ਦਿੱਤਾ ਹੈ ਜਿੱਥੇ 10 ਲੱਖ ਤੋਂ ਵੱਧ ਲੋਕ ਭੋਜਨ, ਪਾਣੀ ਤੇ ਇਲਾਜ ਦੀ ਥੁੜ੍ਹ ਦਾ ਸਾਹਮਣਾ ਕਰ ਰਹੇ ਹਨ। ‘ਸੰਸਾਰ ਸ਼ਾਂਤੀ’ ਅਤੇ ‘ਮਾਨਵਤਾਵਾਦ’ ਦਾ ਦਮ ਭਰਨ ਵਾਲੀਆਂ ਸਾਰੀਆਂ ਸਾਮਰਾਜੀ ਜੰਗਬਾਜ਼ ਤਾਕਤਾਂ ਇਜ਼ਰਾਈਲ ਦੀ ਪਿੱਠ ’ਤੇ ਹਨ। ਅਮਰੀਕਾ ਅੰਦਰ ਫ਼ਲਸਤੀਨ ਦੇ ਪੱਖ ਵਿੱਚ ਜ਼ੋਰਦਾਰ ਆਵਾਜ਼ ਉਠਾਈ ਜਾ ਰਹੀ ਹੈ ਅਤੇ ਸੰਸਾਰ ਭਰ ਵਿੱਚ ਫ਼ਲਸਤੀਨੀਆਂ ਦੀ ਨਸਲਕੁਸ਼ੀ ਵਿਰੁੱਧ ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਜੰਗਬੰਦੀ ਦੀ ਬਜਾਇ ਇਹ ਟਕਰਾਅ ਮੱਧ ਪੂਰਬ ਵੱਲ ਵਧ ਰਿਹਾ ਹੈ।
ਇਹ ਟਕਰਾਅ ਇਜ਼ਰਾਈਲ ਦੇ ਗੁਆਂਢ ਇਰਾਨ, ਲਿਬਨਾਨ, ਯਮਨ, ਸੀਰੀਆ ਅਤੇ ਫ਼ਲਸਤੀਨ ਦੇ ਕਰੀਬੀ ਦੇਸ਼ਾਂ ਦੁਆਲੇ ਪੈਦਾ ਹੋ ਰਿਹਾ ਹੈ। ਅਮਰੀਕਾ ਨੇ ਆਪਣੇ ਸਾਮਰਾਜੀ ਵਪਾਰਕ ਤੇ ਸਿਆਸੀ ਹਿੱਤਾਂ ਲਈ ਯੂਕਰੇਨ ਅਤੇ ਇਜ਼ਰਾਈਲ ਨੂੰ ਜੰਗ ਦੀ ਭੱਠੀ ਵਿੱਚ ਝੋਕਿਆ। ਯੂਕਰੇਨ ਅਤੇ ਇਜ਼ਰਾਈਲ ਨੂੰ ਹਥਿਆਰ, ਫ਼ੌਜੀ ਤੇ ‘ਹਰ ਪ੍ਰਕਾਰ’ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਯੂਕਰੇਨ ਜੰਗ ਕਾਰਨ ਦੁਨੀਆ ਭਰ ਵਿੱਚ ਮਹਿੰਗਾਈ ਤੇ ਟੈਕਸ ਬੋਝ ਦੇ ਸੰਕਟ ਨਾਲ ਸਾਰੇ ਸੰਸਾਰ ਅੰਦਰ ਆਰਥਿਕ-ਸਿਆਸੀ ਸੰਕਟ ਪੈਦਾ ਹੋ ਰਿਹਾ ਹੈ ਜਿਸ ਕਰ ਕੇ ਅਮਰੀਕਾ ਸਮੇਤ ਪੱਛਮੀ ਸਾਮਰਾਜੀ ਤਾਕਤਾਂ ਲਈ ਨਿੱਤ ਨਵੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਰਹੀਆਂ ਹਨ।
ਜੰਗ ਵਿੱਚ ਹਿੱਸੇਦਾਰ ਤਾਕਤਾਂ ਦੇ ਸਿਆਸੀ ਨੇਤਾਵਾਂ ਦੇ ਰਾਜਨੀਤਕ ਕਰੀਅਰ ਦਾਅ ’ਤੇ ਹਨ। ਜਾਪਾਨ ’ਤੇ ਦੂਜੀ ਸੰਸਾਰ ਜੰਗ ਸਮੇਂ ਫੌਜੀ ਹਥਿਆਰ ਬਣਾਉਣ ਉਤੇ ਲੱਗੀ ਰੋਕ ਹਟਾਈ ਜਾ ਰਹੀ ਹੈ ਅਤੇ ਅਮਰੀਕਾ ਵਿੱਚ ਚੋਣਾਂ ਨਜ਼ਦੀਕ ਹੋਣ ਕਰ ਕੇ ਬਾਇਡਨ ਪ੍ਰਸ਼ਾਸਨ ਬੁਰੀ ਤਰ੍ਹਾਂ ਘਿਰ ਗਿਆ ਹੈ। ਇਸ ਨੇ ਯੂਕਰੇਨ ਤੇ ਇਜ਼ਰਾਈਲ ਨੂੰ ਵੱਖ-ਵੱਖ ਤਰ੍ਹਾਂ ਦੀ ਸਹਾਇਤਾ ਸਪਲਾਈ ਵਿੱਚ ਕਮੀ ਲਿਆਂਦੀ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ; ਹੁਣ ਇਹ ਜੰਗ ਹਾਰ ਰਹੇ ਯੂਕਰੇਨ ਨੂੰ ਅਰਬਾਂ ਡਾਲਰਾਂ ਦੀ ਸਹਾਇਤਾ ਅਤੇ ਹਥਿਆਰ ਸਪਲਾਈ ਕਰ ਰਿਹਾ ਹੈ; ਹੋਰ ਵਿਸ਼ੇਸ਼ ਪੈਕੇਜਾਂ ਦੀ ਜ਼ਰੂਰਤ ਕਾਰਨ ਯੂਕਰੇਨ ਤੇ ਇਜ਼ਰਾਇਲੀ ਹਾਕਮ ਇੱਕ ਪਾਸੇ ਅਮਰੀਕਾ ਤੇ ਪੱਛਮੀ ਤਾਕਤਾਂ ਨਾਲ ਬਗਲਗੀਰ ਹਨ, ਦੂਜੇ ਪਾਸੇ ਉਹ ਇਨ੍ਹਾਂ ਤਾਕਤਾਂ ਵੱਲੋਂ ਹਥਿਆਰਾਂ ਤੇ ਵਿਸ਼ੇਸ਼ ਫੰਡਾਂ ਦੀ ਘਾਟ ਕਰ ਕੇ ਨਾਰਾਜ਼ਗੀ ਵੀ ਜ਼ਾਹਿਰ ਕਰਦੇ ਰਹਿੰਦੇ ਹਨ। ਇਜ਼ਰਾਈਲ ਨੇ ਪਹਿਲੀ ਅਪਰੈਲ ਨੂੰ ਦਮਸ਼ਕ (ਸੀਰੀਆ) ਸਥਿਤ ਇਰਾਨ ਦੇ ਸ਼ਰਾਫਤਖਾਨੇ ਉੱਤੇ ਹਮਲਾ ਕਰ ਕੇ ਇਰਾਨੀ ਸਰਕਾਰ ਨੂੰ ਜਵਾਬੀ ਹਮਲਾ ਕਰਨ ਲਈ ਮਜਬੂਰ ਕੀਤਾ। ਇਸ ਹਮਲੇ ਨੇ ਅਮਰੀਕਾ ਨੂੰ ਅਸਿੱਧੇ ਤੌਰ ’ਤੇ ਜੰਗ ਵਿੱਚ ਖਿੱਚ ਲਿਆ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਰਾਨ ਨਾਲ ਯੁੱਧ ਭੜਕਾਉਣ ਦੀ ਕੋਸ਼ਿਸ਼ ਕਰ ਕੇ ਖਿੱਤੇ ਵਿੱਚ ਤਣਾਅ ਪੈਦਾ ਕਰ ਦਿੱਤਾ। ਇਹ ਜੰਗੀ ਘਟਨਾਵਾਂ ਮੱਧ ਪੂਰਬ ਦੇ ਨਾਲ-ਨਾਲ ਪੱਛਮ ਅਤੇ ਕੁੱਲ ਆਲਮ ਉੱਤੇ ਮਾੜਾ ਪ੍ਰਭਾਵ ਪਾਉਣ ਵਾਲੀਆਂ ਹਨ। ਇਨ੍ਹਾਂ ਘਟਨਾਵਾਂ ਬਾਅਦ ਸੰਸਾਰ ਭਰ ਵਿੱਚ ਜੰਗੀ ਤਣਾਅ ਦੇ ਨਾਲ-ਨਾਲ ਗਲੋਬਲ ਸ਼ੇਅਰ ਮਾਰਕਿਟ ਵਿੱਚ ਹਲਚਲ ਪੈਦਾ ਹੋਈ। ਸੋਨੇ ਤੇ ਤੇਲ ਕੀਮਤਾਂ ਵਿੱਚ ਵਾਧਾ ਅਤੇ ਅਰਬ ਖਿੱਤੇ ਦੀ ਭੂ-ਸਿਆਸੀ ਹਾਲਤ ਵਿੱਚ ਵੱਡੀਆਂ ਚੁਣੌਤੀਆਂ ਖੜ੍ਹੀਆਂ ਹੋ ਗਈਆਂ।
ਇਰਾਨ ਤੇਲ ਉਤਪਾਦਕ ਦੇਸ਼ ਹੈ। ਜੇ ਇਹ ਤਣਾਅ ਹੋਰ ਵਧਦਾ ਹੈ ਤਾਂ ਮੱਧ ਪੂਰਬ ਦੇ ਤੇਲ ਉਤਪਾਦਕ ਦੇਸ਼ ਇਸ ਜੰਗ ਜਾਂ ਟਕਰਾਅ ਤੋਂ ਅਛੂਤੇ ਨਹੀਂ ਰਹਿਣਗੇ। ਮੱਧ ਪੂਰਬ ਵਿੱਚ ਜੰਗ ਜਾਂ ਜੰਗੀ ਝਗੜਿਆਂ ਦਾ ਸਪੱਸ਼ਟ ਨਤੀਜਾ ਹੋਵੇਗਾ ਕਿ ਖੇਤਰ ਵਿੱਚ ਕੌਮਾਂਤਰੀ ਵਪਾਰਕ ਲਾਂਘਿਆਂ ਵਿੱਚ ਔਕੜਾਂ ਆਉਣਗੀਆਂ। ਮੱਧ ਪੂਰਬੀ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਨਾਲ ਕੌਮਾਂਤਰੀ ਮੰਡੀ ਵਿੱਚ ਤੇਲ ਕੀਮਤਾਂ ਵਿੱਚ ਵਾਧਾ ਹੋਵੇਗਾ ਜਿਸ ਨਾਲ ਢੋਆ-ਢੁਆਈ ਤੇ ਸਭ ਜ਼ਰੂਰੀ ਵਸਤਾਂ ਦੇ ਭਾਅ ਵਧ ਜਾਣਗੇ। ਮਹਿੰਗਾਈ ਵਧਣ ਨਾਲ ਕੇਂਦਰੀ ਬੈਂਕਾਂ ਦੀਆਂ ਵਿਆਜ ਦਰਾਂ ਵਿੱਚ ਵਾਧਾ ਹੋਵੇਗਾ ਜਿਸ ਨਾਲ ਲੋਕਾਂ ਦੀ ਖਰੀਦ ਸ਼ਕਤੀ ਪ੍ਰਭਾਵਿਤ ਹੋਵੇਗੀ। ਇਰਾਨ-ਇਜ਼ਰਾਈਲ ਟਕਰਾਅ ਕਾਰਨ ਅਮਰੀਕਾ ਨੇ ਇਰਾਨ ਦੀਆਂ ਸਟੀਲ, ਕਾਰ, ਮੈਨੂਫੈਕਚਰਿੰਗ ਆਦਿ ਕੰਪਨੀਆਂ ਉੱਤੇ ਆਰਥਿਕ ਰੋਕਾਂ ਲਾ ਦਿੱਤੀਆਂ ਹਨ। ਇਰਾਨ ਨੇ ਪਾਕਿਸਤਾਨ, ਸ੍ਰੀਲੰਕਾ ਤੇ ਬਾਕੀ ਮੁਸਲਿਮ ਦੇਸ਼ਾਂ ਨਾਲ ਵਪਾਰਕ ਸਬੰਧਾਂ ਵਿੱਚ ਤੇਜ਼ੀ ਲਿਆਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਵੱਖ-ਵੱਖ ਦੇਸ਼ਾਂ ਵਿਚਕਾਰ ਭੂ-ਸਿਆਸੀ, ਵਪਾਰਕ ਤੇ ਕੂਟਨੀਤਕ ਸਬੰਧਾਂ ਦੀਆਂ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ। ਇਉਂ ਸੰਸਾਰ ਵਿੱਚ ਵੱਖ-ਵੱਖ ਤਾਕਤਾਂ ਵਿਚਕਾਰ ਧਰੁਵੀਕਰਨ ਲਗਾਤਾਰ ਤੇਜ਼ ਅਤੇ ਤਿੱਖਾ ਹੋ ਰਿਹਾ ਹੈ।
ਇਰਾਨ ਅਤੇ ਇਜ਼ਰਾਈਲ ਮੱਧ ਪੂਰਬ ਵਿੱਚ ਪ੍ਰਭਾਵੀ ਖੇਤਰੀ ਸ਼ਕਤੀਆਂ ਹਨ ਜਿਨ੍ਹਾਂ ਵਿੱਚੋਂ ਇਜ਼ਰਾਈਲ ਜਿੱਥੇ ਅਮਰੀਕਾ ਦੇ ਮੱਧ ਪੂਰਬ ਵਿੱਚ ਫੌਜੀ ਤੇ ਰਣਨੀਤਕ ਅੱਡੇ ਸਮਾਨ ਹੈ, ਉੱਥੇ ਇਰਾਨ ਅਮਰੀਕਾ ਤੇ ਇਜ਼ਰਾਈਲ ਦਾ ਪੁਰਾਣਾ ਦੁਸ਼ਮਣ ਹੈ। ਇਰਾਨ ਇਜ਼ਰਾਈਲ ਵਿਚਕਾਰ ਧਾਰਮਿਕ ਤੇ ਵਿਚਾਰਧਾਰਕ ਮੱਤਭੇਦ ਰਹੇ ਹਨ। ਇਰਾਨ ਇਸਲਾਮੀ ਗਣਰਾਜ ਹੈ ਜੋ ਯੇਰੂਸ਼ਲਮ ਵਿੱਚ ਮੁਸਲਮਾਨਾਂ ਦਾ ਮੱਕਾ ਆਖੀ ਜਾਂਦੀ ਅਲ ਅਕਸਾ ਮਸਜਿਦ ’ਤੇ ਕੰਟਰੋਲ ਸਥਾਪਿਤ ਕਰ ਕੇ ਅਰਬ ਮੁਲਕਾਂ ਦੀ ਅਗਵਾਈ ਕਰਨਾ ਚਾਹੁੰਦਾ ਹੈ; ਇਜ਼ਰਾਈਲ ਨਸਲਵਾਦੀ ਯਹੂਦੀ ਸਟੇਟ ਹੈ ਜਿਸ ਦੇ ਆਪਣੇ ਖੇਤਰੀ ਤੇ ਨਸਲੀ ਮਨਸੂਬੇ ਹਨ। ਦੋਵਾਂ ਦਰਮਿਆਨ ਧਾਰਮਿਕ ਤੇ ਇਤਿਹਾਸਕ ਦੁਸ਼ਮਣੀ ਕਾਰਨ ਮੌਜੂਦਾ ਹਮਲਿਆਂ ਦੇ ਪਸਾਰ ਗੁੰਝਲਦਾਰ ਹਨ।
ਇਜ਼ਰਾਈਲ ਇਰਾਨ ਅਤੇ ਹਿਜ਼ਬੁੱਲਾ ਤੇ ਹਮਾਸ ਵਰਗੇ ਗਰੁੱਪਾਂ ਨੂੰ ਆਪਣੀ ਖੇਤਰੀ ਤੇ ਵਪਾਰਕ ਸੁਰੱਖਿਆ ਲਈ ਖ਼ਤਰੇ ਵਜੋਂ ਦੇਖਦਾ ਹੈ। ਇਜ਼ਰਾਈਲ ਇਰਾਨ ਦੇ ਪਰਮਾਣੂ ਪ੍ਰੋਗਰਾਮ ਦਾ ਵੀ ਲਗਾਤਾਰ ਵਿਰੋਧ ਕਰ ਰਿਹਾ ਹੈ। ਉੱਧਰ ਇਰਾਨ ਇਜ਼ਰਾਈਲ ਦੀ ਫੌਜੀ ਤਾਕਤ ਅਤੇ ਉਸ ਦੇ ਅਮਰੀਕਾ ਤੇ ਪੱਛਮੀ ਤਾਕਤਾਂ ਨਾਲ ਗਠਜੋੜ ਨੂੰ ਆਪਣੀ ਸੁਰੱਖਿਆ ਲਈ ਖ਼ਤਰਾ ਮੰਨਦਾ ਹੈ। ਕਿਸੇ ਸਮੇਂ ਅਮਰੀਕਾ ਦਾ ਪਿੱਠੂ ਰਿਹਾ ਇਰਾਨ 1979 ਦੇ ‘ਇਸਲਾਮੀ ਇਨਕਲਾਬ’ ਤੋਂ ਬਾਅਦ ਉਸ ਦਾ ਵੱਡਾ ਦੁਸ਼ਮਣ ਬਣ ਕੇ ਸਾਹਮਣੇ ਆਇਆ ਹੈ।
ਪਹਿਲੀ ਅਪਰੈਲ ਦੇ ਹਮਲਿਆਂ ਬਾਅਦ ਅਮਰੀਕਾ ਨੇ 18 ਬਿਲੀਅਨ ਡਾਲਰ ਤੋਂ ਵੱਧ ਦੇ ਸੌਦਿਆਂ ਵਿੱਚ ਇਜ਼ਰਾਈਲ ਨੂੰ 50 ਐੱਫ-15 ਲੜਾਕੂ ਜਹਾਜ਼ਾਂ ਦੀ ਵਿਕਰੀ ਨੂੰ ਮਨਜ਼ੂਰੀ ਦੇਣ ਲਈ ਕਾਂਗਰਸ ’ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ। ਉੱਧਰ, ਆਸਟਰੇਲੀਆ ਦੀਆਂ ਕੰਪਨੀਆਂ ਦੁਆਰਾ 13 ਮਿਲੀਅਨ ਡਾਲਰ ਦੇ ਹਥਿਆਰ ਅਤੇ ਗੋਲਾ ਬਾਰੂਦ ਇਜ਼ਰਾਈਲ ਨੂੰ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ਇੰਗਲੈਂਡ, ਜਰਮਨੀ, ਕੈਨੇਡਾ ਤੇ ਹੋਰ ਪੱਛਮੀ ਤਾਕਤਾਂ ਇਜ਼ਰਾਈਲ ਨੂੰ ਵਿੱਤੀ ਤੇ ਹਥਿਆਰਾਂ ਦੀ ਸਹਾਇਤਾ ਦੇ ਰਹੀਆਂ ਹਨ।
ਬੀਤੇ ਦਿਨੀਂ ਬਾਇਡਨ ਪ੍ਰਸ਼ਾਸਨ ਨੇ ‘ਸੰਸਾਰ ਸ਼ਾਂਤੀ’ ਦੇ ਬਹਾਨੇ ਯੂਕਰੇਨ, ਇਜ਼ਰਾਈਲ ਅਤੇ ਤਾਇਵਾਨ ਨੂੰ 95 ਬਿਲੀਅਨ ਡਾਲਰ ਦੇ ਵਿਦੇਸ਼ੀ ਸਹਾਇਤਾ ਪੈਕੇਜ ਦੇਣ ਲਈ ਕਾਨੂੰਨ ਬਣਾਉਣ ਦੀ ਪੇਸ਼ਕਸ਼ ਕੀਤੀ। ਇਸ ਨੇ ਇਸ ਕਾਨੂੰਨ ਰਾਹੀਂ ‘ਸੰਸਾਰ ਨੂੰ ਸੁਰੱਖਿਅਤ ਬਣਾਉਣ’ ਦਾ ਦਾਅਵਾ ਕੀਤਾ। ਵ੍ਹਾਈਟ ਹਾਊਸ ’ਚ ਬਾਇਡਨ ਨੇ ਕਿਹਾ ਕਿ ਅਮਰੀਕਾ ਕੁਝ ਘੰਟਿਆਂ ਦੇ ਅੰਦਰ ਯੂਕਰੇਨ ਨੂੰ ਹਥਿਆਰ ਅਤੇ ਸਾਜ਼ੋ-ਸਾਮਾਨ ਭੇਜਣਾ ਸ਼ੁਰੂ ਕਰ ਦੇਵੇਗਾ। ਇਸ ਕਾਨੂੰਨ ਵਿੱਚ ਯੂਕਰੇਨ ਨੂੰ 60.8 ਬਿਲੀਅਨ ਡਾਲਰ, ਇਜ਼ਰਾਈਲ ਲਈ 26.3 ਬਿਲੀਅਨ ਡਾਲਰ ਅਤੇ ਇੰਡੋ-ਪੈਸੇਫਿਕ ਖੇਤਰ ਲਈ 8.1 ਬਿਲੀਅਨ ਡਾਲਰ ਦੀ ‘ਸ਼ਾਂਤੀ ਸਹਾਇਤਾ’ ਸ਼ਾਮਲ ਹੈ। ਇਸ ਸਮੇਂ ਸੁਰੱਖਿਆ ਬਿੱਲ ਵਿੱਚ ਸ਼ੋਸ਼ਲ ਮੀਡੀਆ ਪਲੈਟਫਾਰਮ ਟਿਕ-ਟੌਕ ’ਤੇ ਦੇਸ਼-ਵਿਆਪੀ ਪਾਬੰਦੀ ਵੀ ਲਗਾਈ ਜਾ ਰਹੀ ਹੈ। ਜਦੋਂ ਬਾਇਡਨ ਇਹ ਸਭ ਬੋਲ ਰਿਹਾ ਸੀ, ਉਦੋਂ ਦੇਸ਼ ਦੀਆਂ ਦਰਜਨਾਂ ਵੱਕਾਰੀ ਯੂਨੀਵਰਸਿਟੀਆਂ ਦੇ ਵਿਦਿਆਰਥੀ ਯੁੱਧ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ।
ਸਾਮਰਾਜੀ ਅਮਰੀਕਾ ਤੇ ਨਸਲਵਾਦੀ ਇਜ਼ਰਾਈਲ ਦੇ ਨਾਲ-ਨਾਲ ਇਸਲਾਮੀ ਇਰਾਨੀ ਹੁਕਮਰਾਨ ਵੀ ਲੋਕਾਂ ਦੇ ਖੈਰ-ਖੁਆਹ ਨਹੀਂ। ਉਹ ਆਪਣੀ ਧਾਰਮਿਕ ਸੱਤਾ ਅਤੇ ਪਿਤਰਕੀ ਵਿਚਾਰਧਾਰਾ ਵਾਲਾ ਸ਼ਾਸਨ ਕਾਇਮ ਰੱਖਣ ਅਤੇ ਮੱਧ ਪੂਰਬ ’ਚ ਇਸ ਦੇ ਵਿਸਥਾਰ ਲਈ ਯਤਨਸ਼ੀਲ ਹਨ। ਇਰਾਨ ਦਹਾਕਿਆਂ ਤੋਂ ਸਾਊਦੀ ਅਰਬ, ਤੁਰਕੀ ਤੇ ਇਜ਼ਰਾਈਲ ਨਾਲ ਇਸਲਾਮੀ ਸਟੇਟ ਸਥਾਪਿਤ ਕਰਨ ਲਈ ਟਕਰਾਅ ਵਿੱਚ ਹੈ। ਜਾਪਾਨ ਨੂੰ ਦੂਜੀ ਸੰਸਾਰ ਜੰਗ ਸਮੇਂ ਹੀਰੋਸ਼ੀਮਾ ਅਤੇ ਨਾਗਾਸਾਕੀ ਵਿਚ ਅਮਰੀਕਾ ਦੇ ਪਰਮਾਣੂ ਬੰਬਾਂ ਕਾਰਨ ਵੱਡਾ ਨੁਕਸਾਨ ਉਠਾਉਣਾ ਪਿਆ ਸੀ ਅਤੇ ਉਸ ਉਪਰ ਹਥਿਆਰ ਬਣਾਉਣ ’ਤੇ ਪਾਬੰਦੀ ਲੱਗੀ ਹੋਈ ਸੀ ਪਰ ਹੁਣ ਉਸ ਨੇ ਵੀ ਜੰਗੀ ਤਿਆਰੀਆਂ ਵਿੱਢਣ ਲਈ ਕਾਨੂੰਨ ਪਾਸ ਕਰਨ ਦੇ ਮਨਸੂਬੇ ਬਣਾ ਲਏ ਹਨ। ਇਉਂ ਸੰਸਾਰ ਅੰਦਰ ਜੰਗੀ ਤਿਆਰੀਆਂ ਹੋ ਰਹੀਆਂ ਹਨ ਤੇ ਸੰਸਾਰ ਸ਼ਾਂਤੀ ਲਈ ਵੱਡੇ ਖ਼ਤਰੇ ਬਣ ਰਹੇ ਹਨ। ਇਸ ਲਈ ਸੰਸਾਰ ਸ਼ਾਂਤੀ ਲਈ ਜੰਗਬਾਜ਼ ਸਾਮਰਾਜੀ ਤਾਕਤਾਂ ਅਤੇ ਉਨ੍ਹਾਂ ਦੇ ਹੱਥ-ਠੋਕੇ ਵੱਖ-ਵੱਖ ਮੁਲਕਾਂ ਦੇ ਹਾਕਮਾਂ ਤੇ ਉਨ੍ਹਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਜ਼ਰੂਰੀ ਹੈ।
ਸੰਪਰਕ: +1-438-924-2052

Advertisement

Advertisement
Advertisement
Author Image

Advertisement