ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐਮ.ਐਫ.ਹੁਸੈਨ : ਭਾਰਤ ਦਾ ਪਿਕਾਸੋ

12:40 PM Jun 16, 2024 IST

ਪ੍ਰੋ. ਨਵ ਸੰਗੀਤ ਸਿੰਘ

ਐਮ.ਐਫ. ਹੁਸੈਨ ਨੂੰ ਭਾਰਤ ਵਿੱਚ ਆਧੁਨਿਕ ਚਿੱਤਰਕਲਾ ਦੀ ਸਭ ਤੋਂ ਉੱਘੀ ਹਸਤੀ ਵਜੋਂ ਜਾਣਿਆ ਜਾਂਦਾ ਹੈ। ‘ਭਾਰਤ ਦਾ ਪਿਕਾਸੋ’ ਸੱਦੇ ਜਾਂਦੇ ਐਮ.ਐਫ. ਹੁਸੈਨ ਦਾ ਪੂਰਾ ਨਾਂ ਮਕਬੂਲ ਫ਼ਿਦਾ ਹੁਸੈਨ ਸੀ। ਉਸ ਦਾ ਜਨਮ 17 ਸਤੰਬਰ 1915 ਨੂੰ ਮਹਾਰਾਸ਼ਟਰ ਦੇ ਇੱਕ ਛੋਟੇ ਜਿਹੇ ਕਸਬੇ ਪੰਡਰਪੁਰ ਵਿਖੇ ਹੋਇਆ। ਇਸ ਛੋਟੇ ਕਸਬੇ ਵਿੱਚ ਰਹਿ ਕੇ ਆਪਣੇ ਸੁਪਨਿਆਂ ਨੂੰ ਜਿਉਂਦਾ ਰੱਖਣਾ ਬੜਾ ਔਖਾ ਸੀ। ਅਜੇ ਉਹ ਦੋ ਸਾਲਾਂ ਦਾ ਹੀ ਸੀ ਕਿ ਉਸ ਦੀ ਮਾਂ ਦੀ ਮੌਤ ਹੋ ਗਈ। ਮਾਂ ਦੀ ਮੌਤ ਪਿੱਛੋਂ ਹੁਸੈਨ ਦੇ ਜੀਵਨ ਵਿੱਚ ਸੰਘਰਸ਼ ਦਾ ਦੌਰ ਜਾਰੀ ਰਿਹਾ। ਮਹਾਰਾਸ਼ਟਰ ਛੱਡ ਕੇ ਇੰਦੌਰ ਵਿੱਚ ਸ਼ਿਫਟ ਹੋਣ ਪਿੱਛੋਂ ਹੁਸੈਨ ਨੇ ਉੱਥੇ ਆਪਣੀ ਪੜ੍ਹਾਈ ਪੂਰੀ ਕੀਤੀ। ਫਿਰ ਅਗਲੇਰੀ ਪੜ੍ਹਾਈ ਲਈ ਦੁਬਾਰਾ ਮੁੰਬਈ ਚਲਾ ਗਿਆ। ਉੱਥੇ 1935 ਵਿੱਚ ਉਸ ਨੇ ਸਰ ਜੇ.ਜੇ. ਸਕੂਲ ਆਫ ਆਰਟ ਵਿੱਚ ਦਾਖਲਾ ਲੈ ਲਿਆ।
ਆਪਣੇ ਪੇਸ਼ੇਵਰ ਜੀਵਨ ਦੇ ਮੁੱਢਲੇ ਦਿਨਾਂ ਵਿੱਚ ਹੁਸੈਨ ਨੇ ਕਈ ਪਾਪੜ ਵੇਲੇ। ਸੰਘਰਸ਼ ਦੇ ਦਿਨਾਂ ਵਿੱਚ ਉਹ ਫਿਲਮਾਂ ਲਈ ਬੈਨਰ, ਪੋਸਟਰ ਅਤੇ ਹੋਰਡਿੰਗ ਬਣਾਇਆ ਕਰਦਾ ਸੀ। ਇੱਕ ਸਮਾਂ ਅਜਿਹਾ ਵੀ ਆਇਆ, ਜਦੋਂ ਨਿਰਮਾਤਾ ਅਹਿਸਾਨ ਮੀਆਂ ਨੇ ਉਸ ਨੂੰ ਬਾਹਰ ਦਾ ਦਰਵਾਜ਼ਾ ਦਿਖਾ ਦਿੱਤਾ।
ਚਿਤਰਕਲਾ ਹੁਸੈਨ ਦਾ ਪਹਿਲਾ ਪਿਆਰ ਨਹੀਂ ਸੀ ਸਗੋਂ ਉਹ ਤਾਂ ਸਿਨੇਮਾ ਦਾ ਹੀ ਦੀਵਾਨਾ ਸੀ। ਉਹ ਮੁਹੱਬਤ ਤਾਂ ਸਿਨੇਮਾ ਨੂੰ ਕਰਦਾ ਸੀ, ਪਰ ਇਸ਼ਕ ਦਾ ਇਜ਼ਹਾਰ ਉਸ ਨੇ ਚਿੱਤਰਕਾਰੀ ਨਾਲ ਕੀਤਾ। ਉਹ ਮੁੰਬਈ ਵੀ ਇਸੇ ਲਈ ਰਹਿ ਰਿਹਾ ਸੀ ਕਿਉਂਕਿ ਨਿਰਦੇਸ਼ਕ ਬਣਨਾ ਚਾਹੁੰਦਾ ਸੀ। ਸ਼ੁਰੂ ਵਿੱਚ ਮੁੰਬਈ ’ਚ ਆਪਣਾ ਖਰਚ ਚਲਾਉਣ ਲਈ ਉਹ ਬਿਲਬੋਰਡ ਬਣਾਉਣ ਦਾ ਕੰਮ ਕਰਦਾ ਸੀ। ਹੋਰਡਿੰਗ ਬਣਾਉਂਦੇ ਸਮੇਂ ਹੀ ਹੁਸੈਨ ਦਾ ਚਿੱਤਰਕਲਾ ਲਈ ਪਿਆਰ ਜਾਗਿਆ ਅਤੇ ਫਿਰ ਉਸ ਨੇ ਆਪਣਾ ਪੂਰਾ ਧਿਆਨ ਇਸ ਪਾਸੇ ਲਾ ਦਿੱਤਾ। 1940 ਵਿੱਚ ਉਸ ਨੂੰ ਆਪਣੇ ਬਣਾਏ ਚਿੱਤਰਾਂ ਕਰਕੇ ਕੌਮੀ ਪਛਾਣ ਮਿਲੀ। ਉਹਦੀ ਪਹਿਲੀ (ਇਕੱਲੇ ਦੀ) ਚਿੱਤਰ ਪ੍ਰਦਰਸ਼ਨੀ 1952 ਵਿੱਚ ਜਿਊੂਰਿਖ ਵਿੱਚ ਲੱਗੀ। ਇਸ ਤੋਂ ਬਾਅਦ ਯੂਰਪ ਅਤੇ ਅਮਰੀਕਾ ਵਿੱਚ ਉਸ ਦੀਆਂ ਕਲਾਕ੍ਰਿਤਾਂ ਦੀਆਂ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਲੱਗੀਆਂ। ਵੱਖਰੀ ਸ਼ੈਲੀ ਅਤੇ ਲੀਕ ਤੋਂ ਹਟ ਕੇ ਵੱਖ-ਵੱਖ ਵਿਸ਼ਿਆਂ ’ਤੇ ਚਿੱਤਰ ਬਣਾਉਣ ਵਾਲੇ ਐਮ.ਐਫ. ਹੁਸੈਨ ਨੇ ਫਿਰ ਜੀਵਨ ਵਿੱਚ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। 1955 ਵਿੱਚ ਉਸ ਨੂੰ ਕਲਾ ਦੇ ਖੇਤਰ ਵਿੱਚ ਬਿਹਤਰੀਨ ਯੋਗਦਾਨ ਲਈ ‘ਪਦਮ ਸ੍ਰੀ’ ਦਾ ਪੁਰਸਕਾਰ ਪ੍ਰਦਾਨ ਕੀਤਾ ਗਿਆ।
1967 ਵਿੱਚ ਉਸ ਨੇ ਪਹਿਲੀ ਫਿਲਮ ਬਣਾਈ ‘ਥਰੂ ਦਿ ਆਈਜ਼ ਆਫ ਏ ਪੇਂਟਰ’। ਇਸ ਨੂੰ ਬਰਲਿਨ ਫਿਲਮ ਮੇਲੇ ਵਿੱਚ ‘ਗੋਲਡਨ ਬੀਅਰ’ ਦਾ ਐਵਾਰਡ ਮਿਲਿਆ। 1971 ਵਿੱਚ ਉਸ ਨੂੰ ਵਿਸ਼ਵ ਪ੍ਰਸਿੱਧ ਚਿੱਤਰਕਾਰ ਪਾਬਲੋ ਪਿਕਾਸੋ ਵੱਲੋਂ ਇੱਕ ਪ੍ਰਦਰਸ਼ਨੀ ਵਿੱਚ ਮਿਲਣ ਦੀ ਪੇਸ਼ਕਸ਼ ਹੋਈ। ਪਾਬਲੋ ਪਿਕਾਸੋ ਨੂੰ ਦੁਨੀਆ ਦੇ ਮਹਾਨਤਮ ਚਿੱਤਰਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ ਅਤੇ ਕਿਹਾ ਜਾਂਦਾ ਹੈ ਕਿ ਐਮ.ਐਫ. ਹੁਸੈਨ ਅਤੇ ਪਾਬਲੋ ਪਿਕਾਸੋ ਦੀ ਸ਼ੈਲੀ ਵਿੱਚ ਕਾਫ਼ੀ ਸਮਾਨਤਾ ਹੈ।
1973 ਵਿੱਚ ਉਸ ਨੂੰ ‘ਪਦਮ ਭੂਸ਼ਨ’ ਅਤੇ 1991 ਵਿੱਚ ‘ਪਦਮ ਵਿਭੂਸ਼ਣ’ ਨਾਲ ਨਿਵਾਜਿਆ ਗਿਆ। 1986 ਵਿੱਚ ਕਲਾ ਦੇ ਖੇਤਰ ਵਿੱਚ ਵਿਸ਼ਿਸ਼ਟ ਕਾਰਜ ਲਈ ਉਸ ਨੂੰ ਰਾਜ ਸਭਾ ਲਈ ਵੀ ਨਾਮਜ਼ਦ ਕੀਤਾ ਗਿਆ। 92 ਸਾਲ ਦੀ ਉਮਰ ਵਿੱਚ ਉਸ ਨੂੰ ਕੇਰਲ ਸਰਕਾਰ ਨੇ ‘ਰਾਜਾ ਰਵੀ ਵਰਮਾ ਪੁਰਸਕਾਰ’ ਦੇ ਕੇ ਸਨਮਾਨਿਤ ਕੀਤਾ। ਕ੍ਰਿਸਟੀਜ਼ ਆਕਸ਼ਨ ਵਿੱਚ ਉਸ ਦਾ ਬਣਾਇਆ ਇੱਕ ਚਿੱਤਰ ਵੀਹ ਲੱਖ ਅਮਰੀਕੀ ਡਾਲਰ ਵਿੱਚ ਵਿਕਿਆ। ਇਸ ਦੇ ਨਾਲ ਹੀ ਉਹ ਭਾਰਤ ਦਾ ਸਭ ਤੋਂ ਮਹਿੰਗਾ ਚਿੱਤਰਕਾਰ ਬਣ ਗਿਆ। ਉਸ ਦੇ ਪ੍ਰਸਿੱਧ ਚਿੱਤਰਾਂ ਵਿੱਚ ‘ਹੌਰਸਿਜ਼’, ‘ਮਦਰ ਇੰਡੀਆ’, ‘ਮਦਰ ਟੈਰੇਸਾ’, ‘ਗੰਗਾ ਐਂਡ ਯਮੁਨਾ’, ‘ਲੇਡੀ ਵਿਦ ਵੀਨਾ’, ‘ਸੈਲਫ ਪੋਰਟਰੇਟ’, ‘ਵਿਮੈੱਨ ਐਟ ਵਰਕ’, ‘ਬਲੈਕ ਹਿੱਲ’, ‘ਪੋਸਟ ਕਾਰਡ’, ‘ਰਾਜਸਥਾਨੀ ਵਿਮੈੱਨ’ ਆਦਿ ਕਾਫ਼ੀ ਚਰਚਿਤ ਹਨ। ਉਸ ਦੀ ਆਤਮਕਥਾ ’ਤੇ ਇੱਕ ਫਿਲਮ ਵੀ ਨਿਰਮਾਣ ਅਧੀਨ ਹੈ।
ਜਿਸ ਦੀ ਚਿੱਤਰਕਲਾ ਦੀ ਪੂਰੀ ਦੁਨੀਆ ਦੀਵਾਨੀ ਸੀ, ਉਹ ਐਮ ਐਫ ਹੁਸੈਨ ‘ਧਕ ਧਕ ਗਰਲ’ ਮਾਧੁਰੀ ਦੀਕਸ਼ਿਤ ਦਾ ਦੀਵਾਨਾ ਸੀ। ਮਾਧੁਰੀ ਦੀ ਫਿਲਮ ‘ਹਮ ਆਪਕੇ ਹੈਂ ਕੌਨ’ ਉਸ ਨੇ 67 ਵਾਰ ਵੇਖੀ। ਇਸ ਫਿਲਮ ਨੂੰ ਵੇਖਣ ਪਿੱਛੋਂ ਹੁਸੈਨ ਨੇ ਉਹਦੇ ’ਤੇ ਇੱਕ ਪੂਰੀ ਚਿੱਤਰ ਲੜੀ ਬਣਾ ਦਿੱਤੀ। ਹਾਲਾਂਕਿ ਜਦੋਂ ਹੁਸੈਨ 85 ਸਾਲ ਦਾ ਸੀ, ਉਦੋਂ ਉਸ ਨੇ ਆਪਣਾ ਨਿਰਦੇਸ਼ਕ ਬਣਨ ਦਾ ਸੁਪਨਾ ਵੀ ਪੂਰਾ ਕਰ ਲਿਆ ਅਤੇ ਨਾਲ ਹੀ ਆਪਣੀ ਪਸੰਦੀਦਾ ਐਕਟ੍ਰੈੱਸ ਮਾਧੁਰੀ ਦੀਕਸ਼ਤ ਨੂੰ ਵੀ ਆਪਣੀ ਫਿਲਮ ਵਿੱਚ ਕਾਸਟ ਕੀਤਾ। ਇਸ ਫ਼ਿਲਮ ਦਾ ਨਾਮ ਸੀ ‘ਗਜਗਾਮਿਨੀ’।
ਹੁਸੈਨ ਦੀ ਦੀਵਾਨਗੀ ਦਾ ਆਲਮ ਸੱਤ ਸਾਲ ਪਿੱਛੋਂ ਉਸ ਵੇਲੇ ਵੀ ਕਾਇਮ ਰਿਹਾ, ਜਦੋਂ ਮਾਧੁਰੀ ਦੀਕਸ਼ਿਤ ਫਿਲਮ ‘ਆਜਾ ਨੱਚ ਲੇ’ ਨਾਲ ਬੌਲੀਵੁੱਡ ਵਿੱਚ ਦੁਬਾਰਾ ਆਈ। ਹੁਸੈਨ ਉਨ੍ਹੀਂ ਦਿਨੀਂ ਦੁਬਈ ਵਿੱਚ ਸੀ। ਉਸ ਨੇ ਦੁਪਹਿਰ ਦੇ ਸ਼ੋਅ ਲਈ ਦੁਬਈ ਦੇ ਲੈਮਸੀ ਸਿਨੇਮਾ ਨੂੰ ਪੂਰੇ ਦਾ ਪੂਰਾ ਆਪਣੇ ਲਈ ਬੁੱਕ ਕਰਵਾ ਲਿਆ ਸੀ। ਮਾਧੁਰੀ ਦੇ ਨਾਲ ਨਾਲ ਉਹ ਤੱਬੂ, ਵਿਦਿਆ ਬਾਲਨ ਅਤੇ ਅੰਮ੍ਰਿਤਾ ਰਾਓ ਦਾ ਵੀ ਪ੍ਰਸ਼ੰਸਕ ਰਿਹਾ। ਉਸ ਨੇ ਤੱਬੂ ਨਾਲ ਵੀ ਫਿਲਮ ਬਣਾਈ ਜਿਸ ਦਾ ਨਾਮ ਸੀ ‘ਮੀਨਾਕਸ਼ੀ: ਏ ਟੇਲ ਆਫ ਥ੍ਰੀ ਸਿਟੀਜ਼’। ਇਉਂ ਹੀ ਹੁਸੈਨ ਅੰਮ੍ਰਿਤਾ ਨੂੰ ‘ਵਿਵਾਹ’ ਵਿੱਚ ਵੇਖ ਕੇ ਫਿਦਾ ਹੋ ਗਿਆ। ਇਸ ਤੋਂ ਬਾਅਦ ਉਸ ਨੇ ਫ਼ੈਸਲਾ ਕੀਤਾ ਕਿ ਉਹ ਉਸ ਦੇ ਚਿੱਤਰ ਵੀ ਬਣਾਵੇਗਾ। ਇਹੋ ਨਹੀਂ, ਅੰਮ੍ਰਿਤਾ ਦੇ ਜਨਮਦਿਨ ’ਤੇ ਹੁਸੈਨ ਨੇ ਉਸ ਨੂੰ ਤਿੰਨ ਚਿੱਤਰ ਤੋਹਫ਼ੇ ਵਜੋਂ ਦਿੱਤੇ ਜਿਨ੍ਹਾਂ ਦੀ ਕੀਮਤ ਲਗਪਗ ਇੱਕ ਕਰੋੜ ਰੁਪਏ ਦੱਸੀ ਜਾਂਦੀ ਹੈ।
1990 ਤੱਕ ਹੁਸੈਨ ਨੂੰ ਭਾਰਤ ਦੇ ਸਭ ਤੋਂ ਮਹਿੰਗੇ ਚਿੱਤਰਕਾਰਾਂ ਵਿੱਚ ਗਿਣਿਆ ਜਾਣ ਲੱਗ ਪਿਆ ਜਿਸ ਦੀ ਇੱਕ ਪੇਂਟਿੰਗ ਦੀ ਕੀਮਤ 20 ਲੱਖ ਡਾਲਰ ਸੀ। ਇਸੇ ਦੌਰਾਨ ਉਸ ਨਾਲ ਕਾਫ਼ੀ ਵਿਵਾਦ ਵੀ ਸਾਹਮਣੇ ਆਏ। ਉਸ ’ਤੇ ਦੇਵੀ-ਦੇਵਤਿਆਂ ਦੀਆਂ ਅਸ਼ਲੀਲ ਪੇਂਟਿੰਗਾਂ ਬਣਾਉਣ ਦੇ ਦੋਸ਼ ਲੱਗੇ। ਭਾਵੇਂ ਇਹ ਚਿੱਤਰ 1976 ਵਿੱਚ ਬਣਾਏ ਗਏ ਸਨ। ਉਸ ਉੱਤੇ 18 ਮਾਮਲੇ ਵੀ ਦਰਜ ਹੋਏ। ਫਿਰ 2006 ਵਿੱਚ ਇੱਕ ਹੋਰ ਮਾਮਲੇ ਵਿੱਚ ਉਸ ਨੂੰ ਦੇਵੀ-ਦੇਵਤਿਆਂ ਦਾ ਅਪਮਾਨ ਕਰਨ ਦਾ ਦੋਸ਼ੀ ਠਹਿਰਾਇਆ ਗਿਆ। ‘ਇੰਡੀਆ ਟੂਡੇ’ ਮੈਗਜ਼ੀਨ ਦੇ ਕਵਰ-ਪੇਜ ’ਤੇ ਭਾਰਤ ਮਾਤਾ ਦੀ ਤਸਵੀਰ ਬਣਾਉਣ ਨਾਲ ਉਸ ਦੀ ਕਾਫ਼ੀ ਆਲੋਚਨਾ ਹੋਈ। ਇਸ ਫੋਟੋ ਵਿੱਚ ਇੱਕ ਮੁਟਿਆਰ ਨੂੰ ਭਾਰਤ ਮਾਤਾ ਦੇ ਪ੍ਰਤੀਬਿੰਬ ਵਜੋਂ ਚਿਤਰਿਆ ਗਿਆ ਸੀ ਜੋ ਅਲਫ਼ ਨੰਗੀ ਸੀ ਅਤੇ ਭਾਰਤ ਦੇ ਨਕਸ਼ੇ ਉੱਤੇ ਲੇਟੀ ਹੋਈ ਸੀ।
ਅਜਿਹੇ ਵਿਵਾਦਿਤ ਚਿੱਤਰਾਂ ਕਰਕੇ ਭਾਰਤ ਦੇ ਕਈ ਹਿੱਸਿਆਂ ਵਿੱਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਏ। ਸ਼ਿਵਸੈਨਾ ਅਤੇ ਆਰੀਆ ਸਮਾਜ ਨੇ ਇਸ ਦਾ ਸਭ ਤੋਂ ਜ਼ਿਆਦਾ ਵਿਰੋਧ ਕੀਤਾ। ਪਿੱਛੋਂ 2006 ਵਿੱਚ ਹੁਸੈਨ ਨੇ ਹਿੰਦੋਸਤਾਨ ਛੱਡ ਦਿੱਤਾ ਅਤੇ ਉਹ ਕਤਰ ਵਿੱਚ ਰਹਿਣ ਲੱਗਿਆ। ਕੁਝ ਸਮੇਂ ਬਾਅਦ ਉਸ ਨੇ ਲੰਡਨ ਨੂੰ ਆਪਣੀ ਰਿਹਾਇਸ਼ ਬਣਾ ਲਿਆ। ਇੱਥੇ ਹੀ ਜਲਾਵਤਨੀ ਦਾ ਜੀਵਨ ਬਿਤਾਉਂਦਿਆਂ 9 ਜੂਨ 2011 ਨੂੰ ਉਸ ਦਾ ਦੇਹਾਂਤ ਹੋ ਗਿਆ।
ਐਮ.ਐਫ. ਹੁਸੈਨ ਆਪਣੇ ਨਾਮ ਮੁਤਾਬਕ ‘ਮਕਬੂਲ’ (ਪ੍ਰਸਿੱਧ) ਵੀ ਸੀ ਅਤੇ ਫ਼ਿਦਾ (ਮਾਧੁਰੀ ਦੀਕਸ਼ਤ ’ਤੇ) ਵੀ। ਉਸ ਦੀ ਵੱਖਰੀ ਪਛਾਣ ਉਸ ਦਾ ‘ਨੰਗੇ ਪੈਰੀਂ’ ਰਹਿਣਾ ਸੀ।

Advertisement

ਸੰਪਰਕ: 94176-92015

Advertisement
Advertisement