ਸਿਰਫ਼ ਚੋਣਾਂ ਦੇਸ਼ ਨੂੰ ਲੋਕਤੰਤਰ ਨਹੀਂ ਬਣਾ ਸਕਦੀਆਂ: ਵਾਂਗਚੁਕ
ਨਵੀਂ ਦਿੱਲੀ, 19 ਅਕਤੂਬਰ
ਕੌਮੀ ਰਾਜਧਾਨੀ ’ਚ 14 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਨੇ ਕਿਹਾ ਕਿ ਸਿਰਫ਼ ਚੋਣਾਂ ਹੀ ਦੇਸ਼ ਨੂੰ ਲੋਕਤੰਤਰ ਨਹੀਂ ਬਣਾ ਸਕਦੀਆਂ। ਅਜਿਹਾ ਸਿਰਫ਼ ਤਾਂ ਹੀ ਹੋ ਸਕਦਾ ਹੈ, ਜੇ ਲੋਕਾਂ ਦੀ ਗੱਲ ਸੁਣੀ ਜਾਵੇ। ਲੇਹ ਤੋਂ ਦਿੱਲੀ ਤੱਕ ਪੈਦਲ ਯਾਤਰਾ ਦੀ ਅਗਵਾਈ ਕਰਨ ਵਾਲੇ ਵਾਂਗਚੁਕ ਨੂੰ ਪਿਛਲੇ ਮਹੀਨੇ ਉਨ੍ਹਾਂ ਦੇ ਕਈ ਸਾਥੀਆਂ ਸਮੇਤ ਹਿਰਾਸਤ ’ਚ ਲੈ ਲਿਆ ਗਿਆ ਸੀ ਅਤੇ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ ਸੀ। ਉਦੋਂ ਤੋਂ ਉਹ ਦੇਸ਼ ਦੀ ਸਿਖਰਲੀ ਲੀਡਰਸ਼ਿਪ ਨਾਲ ਮੁਲਾਕਾਤ ਦੀ ਮੰਗ ਨੂੰ ਲੈ ਕੇ ਆਪਣੇ ਕਰੀਬ ਦੋ ਦਰਜਨ ਹਮਾਇਤੀਆਂ ਨਾਲ ਇੱਥੇ ਲੱਦਾਖ ਭਵਨ ’ਚ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ’ਤੇ ਬੈਠੇ ਹੋਏ ਹਨ। ਵਾਂਗਚੁੱਕ ਨੇ ਇਹ ਦੋਸ਼ ਵੀ ਲਾਇਆ ਕਿ ਉਸ ਦੇ ਹਮਾਇਤੀਆਂ ਨੂੰ ਮਿਲਣ ਤੋਂ ਰੋਕਣ ਲਈ ਇਮਾਰਤ ਦੁਆਲੇ ਬੈਰੀਕੇਡਿੰਗ ਕੀਤੀ ਗਈ ਹੈ। ਉਨ੍ਹਾਂ ਪੀਟੀਆਈ ਨਾਲ ਇੰਟਰਵਿਊ ਦੌਰਾਨ ਕਿਹਾ, ‘ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ (ਲੱਦਾਖ ਭਵਨ) ’ਚ ਪਾਬੰਦੀਆਂ ਲਾਈਆਂ ਗਈਆਂ ਹਨ। ਇਸ ਗੱਲ ’ਤੇ ਕੰਟਰੋਲ ਰੱਖਿਆ ਜਾ ਰਿਹਾ ਹੈ ਕਿ ਕੌਣ ਅੰਦਰ ਆਵੇਗਾ ਤੇ ਕੌਣ ਬਾਹਰ ਜਾਵੇਗਾ। ਲੋਕਾਂ ਨੂੰ ਪਾਰਕ ’ਚ ਵੀ ਇਕੱਠੇ ਨਹੀਂ ਹੋਣ ਦਿੱਤਾ ਜਾ ਰਿਹਾ। ਸ਼ਾਇਦ ਸਾਨੂੰ ਮਿਲ ਰਹੀ ਹਮਾਇਤ ਦਾ ਡਰ ਹੈ। ਉਹ ਉਨ੍ਹਾਂ ਲੋਕਾਂ ਤੋਂ ਡਰਦੇ ਹਨ ਜੋ ਸ਼ਾਂਤਮਈ ਢੰਗ ਨਾਲ ਭੁੱਖ ਹੜਤਾਲ ’ਤੇ ਬੈਠਣਾ ਚਾਹੁੰਦੇ ਹਨ।’ ਵਾਂਗਚੁਕ ਨੇ ਕਿਹਾ ਕਿ ਉਸ ਨੂੰ ਲੱਦਾਖ ਭਵਨ ਅੰਦਰ ਨਜ਼ਰਬੰਦ ਕੀਤਾ ਹੋਇਆ ਹੈ। -ਪੀਟੀਆਈ