ਚਿੱਟੇ ਦੇ ਵਪਾਰੀਓ
ਮਹਿੰਦਰ ਸਿੰਘ ਮਾਨ
ਚਿੱਟੇ ਦੇ ਵਪਾਰੀਓ
ਹਾਲੇ ਤੁਸੀਂ
ਦੂਜਿਆਂ ਦੇ ਘਰਾਂ ਵਿੱਚ
ਹਨੇਰਾ ਕਰੀ ਜਾਂਦੇ ਹੋ।
ਕਿਸੇ ਮਾਂ ਦਾ ਪੁੱਤ
ਖੋਹੀ ਜਾਂਦੇ ਹੋ,
ਕਿਸੇ ਭੈਣ ਦਾ ਵੀਰ
ਖੋਹੀ ਜਾਂਦੇ ਹੋ,
ਆਪਣੀਆਂ ਜੇਬਾਂ
ਮਾਇਆ ਨਾਲ
ਭਰੀ ਜਾਂਦੇ ਹੋ,
ਪਰ ਜਦ
ਅੱਕੇ ਹੋਏ ਲੋਕਾਂ ਦਾ ਹੜ੍ਹ
ਵਗਣਾ ਹੈ,
ਤਾਂ ਉਸ ਹੜ੍ਹ ਨੇ
ਤੁਹਾਡੀਆਂ ਜੜ੍ਹਾਂ
ਪੁੱਟ ਦੇਣੀਆਂ ਨੇ
ਤੇ ਤੁਸੀਂ
ਦੋ ਵੇਲੇ ਦੀ ਰੋਟੀ ਲਈ ਵੀ
ਤਰਸਦੇ ਫਿਰਨਾ ਹੈ।
ਇਸ ਕਰਕੇ
ਹਾਲੇ ਵੀ ਵੇਲਾ ਹੈ
ਸੰਭਲ ਜਾਓ,
ਚਿੱਟੇ ਦਾ ਵਪਾਰ ਛੱਡ ਕੇ
ਲੋਕ ਭਲਾਈ ਦੇ ਕੰਮ ਕਰੋ,
ਤਾਂ ਜੋ ਸ਼ਾਇਦ
ਤੁਹਾਡੇ ਪਹਿਲੇ ਕੀਤੇ ਕੁਕਰਮ
ਧੋਏ ਜਾ ਸਕਣ।
ਸੰਪਰਕ: 99158-03554
* * *
ਗ਼ਜ਼ਲ
ਗਗਨਦੀਪ ਸਿੰਘ ਬੁਗਰਾ
ਠੰਢ ਚੁੱਲ੍ਹੇ ਵਿੱਚ ਤਨ ਤੰਦੂਰ ਹੈ।
ਕਿਰਤ ਦਾ ਵੇਖੋ ਕੇਹਾ ਦਸਤੂਰ ਹੈ।
ਨੋਕ ਖੁੰਢੀ ਰੱਖ ਆਪਣੀ ਕਲਮ ਦੀ
ਹਾਕਮਾਂ ਨੂੰ ਗੱਲ ਇਹੋ ਮਨਜ਼ੂਰ ਹੈ।
ਰੋਜ਼ ਹੀ ਤਕਦੀਰ ਮਾਰੇ ਬਣ ਰਿਹਾ,
ਏਸ ਮਿੱਟੀ ਵਿੱਚ ਨਵਾਂ ਨਾਸੂਰ ਹੈ।
ਏਸ ਕਰਕੇ ਉੱਚ ਤਖ਼ਤੀਂ ਬੈਠਿਆ,
ਅੱਜ ਵਗਦੀ ਪੌਣ ਜੀਅ ਹਜ਼ੂਰ ਹੈ।
ਲੋਕ ਮਰਦੇ ਮਰਨ ਤਾਂ ਉਹ ਕੀ ਕਰੇ,
ਆਪ ਖ਼ੁਦ ਸੱਤਾ ਨਸ਼ੇ ਵਿੱਚ ਚੂਰ ਹੈ।
ਜਾਣ ਲੱਗੇ ਆਖਿਆ ਸੀ ਪੁੱਤ ਤੂੰ,
ਦੇਖ ਮਾਂ, ਰੋਟੀ ਇਹ ਕਿੰਨੀ ਦੂਰ ਹੈ।
ਪਿੰਡ ਬੁਗਰਾ ਵੇਖ ਸ਼ਿਮਲਾ ਜਾਪਦਾ,
ਪੌਣ ਰੁਮਕੇ ’ਤੇ ਜੁ ਪੈਂਦੀ ਭੂਰ ਹੈ।
ਸੰਪਰਕ: 98149-19299
* * *
ਵੋਟਾਂ ਨੇੜੇ ਵੇਖ ਕੇ
ਨਿਰਮਲ ਸਿੰਘ ਰੱਤਾ
ਵੋਟਾਂ ਨੇੜੇ ਵੇਖ ਕੇ ਹੋ ਗਏ ਸ਼ੁਰੂ ਪਾਖੰਡ
ਬਸਤੀ ਦੇ ਵਿੱਚ ਵੰਡਦੇ ਆਟਾ ਦਾਲਾਂ ਖੰਡ
ਵੋਟਾਂ ਨੇੜੇ ਵੇਖ ਕੇ ਉੱਠੇ ਬੇਰੁਜ਼ਗਾਰ
ਕਰਦੇ ਰੋਸ ਮੁਜ਼ਾਹਰੇ ਜਾਗ ਪਵੇ ਸਰਕਾਰ
ਵੋਟਾਂ ਨੇੜੇ ਵੇਖ ਕੇ ਘਰ ਘਰ ਪੁੱਛਣ ਦੁੱਖ
ਲੋਕਾਂ ਦੇ ਦੁੱਖ ਤੋਲ ਕੇ ਭਾਲ ਰਹੇ ਨੇ ਸੁੱਖ
ਵੋਟਾਂ ਨੇੜੇ ਵੇਖ ਕੇ ਖੁੱਲ੍ਹ ਰਹੇ ਨੇ ਬਾਰ
ਛੱਡੇ ਏਸੀ ਬੰਗਲੇ ਪੁੱਜੇ ਜਨਤਾ ਦੁਆਰ
ਵੋਟਾਂ ਨੇੜੇ ਵੇਖ ਕੇ ਜਾਗ ਰਹੇ ਨੇ ਘਾਗ
ਕਰਦੇ ਫਿਰਦੇ ਬੇਨਤੀ ਖੋਲ੍ਹੋ ਸਾਡੇ ਭਾਗ
ਵੋਟਾਂ ਨੇੜੇ ਵੇਖ ਕੇ ਅਮਲੀ ਚੜ੍ਹਿਆ ਚਾਅ
ਕੁਝ ਨਾ ਕੁਝ ਤਾਂ ਵੱਟਣਾ ਵੋਟਾਂ ਦਾ ਹੈ ਭਾਅ
ਵੋਟਾਂ ਨੇੜੇ ਵੇਖ ਕੇ ਜਨਤਾ ਕਰਦੀ ਗੱਲ
ਆਵੇ ਕੋਈ ਸੂਰਮਾ ਲੈ ਕੇ ਸਾਰੇ ਹੱਲ
ਵੋਟਾਂ ਨੇੜੇ ਵੇਖ ਕੇ ਨੇਤਾ ਕਰਦਾ ਗੱਲ
ਇੱਕੋ ਮੌਕਾ ਮੰਗਦਾ ਮਸਲੇ ਕਰਦੂੰ ਹੱਲ
ਵੋਟਾਂ ਨੇੜੇ ਵੇਖ ਕੇ ਵੇਖਣ ਕੁਰਸੀ ਵੱਲ
ਮਨ ਵਿੱਚ ਪੱਕਾ ਧਾਰਿਆ ਲੈਣਾ ਇਸ ਨੂੰ ਮੱਲ
ਵੋਟਾਂ ਨੇੜੇ ਵੇਖ ਕੇ ਸੋਚ ਰਹੇ ਨੇ ਚਾਲ
ਕਿੱਥੇ ਕਿਵੇਂ ਸੁੱਟਣਾ ਵੋਟਾਂ ਵਾਲਾ ਜਾਲ
ਵੋਟਾਂ ਨੇੜੇ ਵੇਖ ਕੇ ਮੰਦਰ ਮਸਜਿਦ ਜਾਣ
ਅੰਦਰ ਭਰਿਆ ਝੂਠ ਹੈ ਕਰਨ ਬੜੇ ਵਖਿਆਣ
ਵੋਟਾਂ ਨੇੜੇ ਵੇਖ ਕੇ ਖੇਡ ਰਹੇ ਨੇ ਖੇਡ
ਲਾਰੇ ਲਾ ਕੇ ਹੱਸਦੇ ਰਲ਼-ਮਿਲ਼ ਕਰਦੇ ਝੇਡ
ਵੋਟਾਂ ਨੇੜੇ ਵੇਖ ਕੇ ਜਨਤਾ ਆਵੇ ਯਾਦ
ਨਿਕਲ ਘਰਾਂ ਤੋਂ ਆਂਵਦੇ ਪੰਜਾਂ ਸਾਲਾਂ ਬਾਅਦ
ਵੋਟਾਂ ਨੇੜੇ ਵੇਖ ਕੇ ਖੇਡਦੇ ਖ਼ੂਨੀ ਖੇਡ
ਧਰਮ ਜਾਤ ਨੂੰ ਵੰਡਦੀ ਜੀਭਾ ਬਣੀ ਬਲੇਡ
ਵੋਟਾਂ ਨੇੜੇ ਵੇਖ ਕੇ ਝੂਠਾ ਕਰਦੇ ਹੇਜ
ਪੰਜ ਸਾਲ ਫਿਰ ਹੋਵਣਾ ਲੋਕਾਂ ਤੋਂ ਪ੍ਰਹੇਜ਼
ਵੋਟਾਂ ਨੇੜੇ ਵੇਖ ਕੇ ਚੜ੍ਹੇ ਜਵਾਨੀ ਜੋਸ਼
ਵੱਡੇ ਨੇ ਸਮਝਾਂਵਦੇ ਜੋਸ਼ ’ਚ ਰੱਖੋ ਹੋਸ਼
ਸੰਪਰਕ: 84270-07623
* * *
ਗ਼ਜ਼ਲ
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਬੋਲੇਂਗਾ ਜੇ ਸੱਚ, ਤਾਂ ਸੂਲੀ ਚੜ੍ਹਨਾ ਪੈਣਾ ਏ
ਮੰਗੇਂਗਾ ਜੇ ਹੱਕ, ਤਾਂ ਤੈਨੂੰ ਲੜਨਾ ਪੈਣਾ ਏ।
ਜੇ ਤੂੰ ਲੋਚੇਂ, ਟੀਸੀ ਵਾਲਾ ਬੇਰ ਵੀ ਬਣਨੇ ਨੂੰ
ਦੁੱਧ ਦੇ ਵਾਂਗੂੰ, ਚੁੱਲ੍ਹੇ ਉੱਤੇ ਕੜ੍ਹਨਾ ਪੈਣਾ ਏ।
ਆ ਜਾਵੇ ਜੇ ਲੱਖ ਮੁਸੀਬਤ, ਝੱਖੜ ਝੁੱਲ ਜਾਵੇ
ਸੀਨਾ ਤਾਣ ਕੇ ਸੱਜਣਾ ਤੈਨੂੰ, ਦੜ੍ਹਨਾ ਪੈਣਾ ਏ।
ਇਸ਼ਕੇ ਵਾਲਾ ਪੈਂਡਾ, ਨਹੀਂਉਂ ਸੌਖਾ ਮਹਿਰਮ ਵੇ
ਇਸ ਪੈਂਡੇ ’ਤੇ, ਵਿੱਚ ਥਲਾਂ ਦੇ ਸੜਨਾ ਪੈਣਾ ਏ।
ਇਸ ਜੱਗ ਵਾਲਾ ਫੇਰਾ, ਜੇਕਰ ਸਫ਼ਲਾ ਕਰਨਾ ਏ
ਮੁਰਸ਼ਦ ਵਾਲਾ ਲੜ ਤਾਂ ਤੈਨੂੰ, ਫੜਨਾ ਪੈਣਾ ਏ।
ਮਨ ’ਚੋਂ ਜੇ ਤੂੰ ਚਾਹੇਂ ਕੱਢਣਾ, ਵੈਰ ਤੇ ਨਫ਼ਰਤ ਨੂੰ
ਢਾਈ ਅੱਖਰ ਪ੍ਰੇਮ ਦੇ ਵਾਲਾ ਪੜ੍ਹਨਾ ਪੈਣਾ ਏ।
ਉਸ ਦਾਤੇ ਨੂੰ ਛੱਡ ਦੇ, ਕਿਧਰੇ ਬਾਹਰੋਂ ਲੱਭਣਾ ਤੂੰ
ਆਪਣੇ ਹੀ ਅੰਦਰ ਝੱਲਿਆ ਤੈਨੂੰ ਵੜਨਾ ਪੈਣਾ ਏ।
ਸੰਪਰਕ: 97816-46008
* * *
ਮੰਜੇ
ਮਨਜੀਤ ਸਿੰਘ
ਰਲ ਮਿਲ ਜਿੱਥੇ ਬੈਠ ਜਾਂਦੇ ਸੀ ਆਣ ਕੇ,
ਉੱਠ ਜਾਂਦੇ ਕਦੀ ਧੁੱਪ ਕਦੇ ਛਾਂ ਮਾਣ ਕੇ।
ਜਾਂ ਬਿਨ ਬਿਸਤਰੇ ਸੌ ਜਾਂਦੇ ਭੰਨੇ ਥਕਾਣ ਦੇ,
ਹੁਣ ਨਹੀਂ ਲੱਭਦੇ ਮੰਜੇ ਕਤਿੇ ਵਾਣ ਦੇ।
ਕੱਚੇ ਕੱਚੇ ਘਰਾਂ ਦਾ ਸੱਚਾ ਸੱਚਾ ਮਾਹੌਲ ਸੀ,
ਸਾਰਿਆਂ ਨਾਲ ਚੰਗਾ ਮੇਲ-ਜੋਲ ਸੀ।
ਦੁਖ-ਸੁਖ ਵਿੱਚ ਸਭ ਬਣਦੇ ਸੀ ਹਾਣ ਦੇ,
ਹੁਣ ਨਹੀਂ ਲੱਭਦੇ ਮੰਜੇ ਕਤਿੇ ਵਾਣ ਦੇ।
ਕੁੱਕੜਾਂ ਦੀ ਬਾਂਗ ਕੰਨਾਂ ਵਿੱਚ ਸੀ ਵੱਜਦੀ,
ਵੰਗਾਂ ਦੀ ਛਣਕਾਰ ਨਾਲ ਮਧਾਣੀ ਨੱਚਦੀ।
ਕੌਫੀ ਨਾ ਚਾਹ ਪਰ ਸਵਾਦ ਲੱਸੀ ਦਾ ਮਾਣਦੇ,
ਹੁਣ ਨਹੀਂ ਲੱਭਦੇ ਮੰਜੇ ਕਤਿੇ ਵਾਣ ਦੇ।
ਕੋੋਕੇ, ਕਾਂਟੇ, ਪਰਾਂਦੇ ਨਾਲ ਸਜਦੀਆਂ,
ਚੁੰਨੀ ਤੇ ਫੁਲਕਾਰੀ ਨਾਲ ਸਿਰ ਕੱਜਦੀਆਂ।
ਮਾਰਨ ਅੱਖੀਆਂ ਦੇ ਤੀਰ ਬਿਨਾ ਕਮਾਣ ਦੇ,
ਹੁਣ ਨਹੀਂ ਲੱਭਦੇ ਮੰਜੇ ਕਤਿੇ ਵਾਣ ਦੇ।
ਵਿੱਚ ਖੇਤਾਂ ਬਲਦਾਂ ਦੀਆਂ ਖੜਕਣ ਟੱਲੀਆਂ,
ਲੈ ਭੱਤਾ ਨਾਰਾਂ ਚਾਈਂ ਚਾਈਂ ਚੱਲੀਆਂ।
ਵੱਖਰੇ ਨਜ਼ਾਰੇ ਵੱਟਾਂ ’ਤੇ ਪੰਜੇਬਾਂ ਛਣਕਾਣ ਦੇ,
ਹੁਣ ਨਹੀਂ ਲੱਭਦੇ ਮੰਜੇ ਕਤਿੇ ਵਾਣ ਦੇ।
ਖੜ੍ਹੇ ਤੇ ਡਹੇ ਮੰਜੇ ਵਿਹੜੇ ਦੀ ਹੁੰਦੇ ਸ਼ਾਨ ਸੀ,
ਜਵਾਈ ਭਾਈ ਦਾ ਹੁੰਦਾ ਮਾਣ-ਤਾਣ ਸੀ।
ਕਿਉਂ ਬਣ ਗਏ ਨੇ ਰਿਸ਼ਤੇ ਨਫ਼ੇ-ਨੁਕਸਾਨ ਦੇ,
ਹੁਣ ਨਹੀਂ ਲੱਭਦੇ ਮੰਜੇ ਕਤਿੇ ਵਾਣ ਦੇ।
ਅੱਜ ਨਾ ਓਹ ਸੰਝ ਨਾ ਓਹ ਮਿੱਠੀ ਸਵੇਰ ਜੀ,
ਅੱਜ ਹੇਰਾ-ਫੇਰੀ ਤੇ ਮਾਇਆ ਦੇ ਢੇਰ ਜੀ।
ਅੱਜ ਆਪਣੇ ਵੀ ਬਣੇ ਬਗਾਨੇ ਸਭ ਜਾਣਦੇ,
ਹੁਣ ਨਹੀਂ ਲੱਭਦੇ ਮੰਜੇ ਕਤਿੇ ਵਾਣ ਦੇ।
ਛੱਡ ਦੇ ਮਨਾ ਰੋਣੇ ਓਸ ਗਈ ਬਹਾਰ ਦੇ,
ਰੋਂਦਿਆਂ ਨੂੰ ਇੱਥੇ ਦੱਸ ਕੌਣ ਨੇ ਸਹਾਰਦੇ?
ਜਿਉਂਦਾ ਰਹੀਂ ਮੰਜਿਆ! ਹੁਣ ਮੈਨੂੰ ਜਾਣ ਦੇ,
ਹੁਣ ਨਹੀਂ ਲੱਭਦੇ ਮੰਜੇ ਕਤਿੇ ਵਾਣ ਦੇ।
ਸੰਪਰਕ: 94176-35053
* * *
ਟਿੱਡਾ
ਅਮਨ ਦਾਤੇਵਾਸੀਆ
ਜਾਗੋ ਮੀਚੀ ਵਿੱਚ ਸੀ
ਪਿਆਸ ਲੱਗੀ
ਰਸੋਈ ਦੀ ਬੱਤੀ ਜਗਾਈ
ਗਲਾਸ ਦੇ ਕੋਲ ਹਿਲਜੁਲ ਸੀ
ਦੇਖਿਆ ਤਾਂ ਕਾਕਰੋਚ
ਨਜ਼ਰੀ ਪਿਆ
ਦੂਜੀ ਨਜ਼ਰ ਵਿੱਚ ਉਹ
ਮੇਰੀ ਚੱਪਲ
ਨਾਲ਼ ਚਿਪਕਿਆ ਦਿਸਿਆ
ਪਾਣੀ ਪੀ ਬੱਤੀ ਬੰਦ
ਹੀ ਕਰਨ ਲੱਗਿਆ ਸੀ
ਇੱਕ ਹੋਰ ਆ ਟਪਕਿਆ
ਟਿੱਡਾ ਜਿਹਾ
ਮੂੰਹੋਂ ਨਿਕਲਿਆ:
ਟਿੱਡਿਆ ਜਾ
ਤੇਰੀ ਵੀ ਮੇਰੇ ਹੱਥੋਂ ਲਿਖੀ ਸੀ
ਬੇਟੀ ਚੇਤੇ ਆਈ
ਤੇ ਉਹ ਬਚ ਗਿਆ
ਮੈਂ ਬੇਟੀ ਨੂੰ ਲਾਡ ਨਾਲ
ਟਿੱਡਿਆ ਜਿਹਾ
ਕਹਿੰਨਾ ਹੁੰਨਾ...
ਸੰਪਰਕ: 94636-09540