ਮਮੈਂਟੋ
ਜਗਦੀਪ ਸਿੱਧੂ
ਮਮੈਂਟੋਆਂ ਨਾਲ਼ ਘਰ ਭਰਿਆ ਪਿਆ ਹੈ। ਪਹਿਲੀ ਵਾਰ ਬਚਪਨ ਵਿਚ ਮਮੈਂਟੋ ਸਕੂਲ ’ਚ ਰੇਸ ਜਿੱਤਣ ਕਾਰਨ ਮਿਲਿਆ ਸੀ। ਹੁਣ ਅੱਡ-ਅੱਡ ਖੇਤਰਾਂ ਵਿਚ ਕੰਮ ਕਰਨ ਕਰ ਕੇ ਮਿਲ ਰਹੇ ਨੇ। ਮੇਰੀ ਉਮਰ ਭੱਜ ਕੇ ਕਿੱਥੇ ਆ ਗਈ ਹੈ ਤੇ ਇਹ ਮਿਲ ਰਹੇ ਨੇ ਲਗਾਤਾਰ। ਉੱਤੋਂ ਮੈਨੂੰ ਪਤਨੀ ਉਹੋ ਜਿਹੀ ਮਿਲੀ ਜੀਹਨੂੰ ਮਮੈਂਟੋ ਮੇਰੇ ਨਾਲੋਂ ਵੀ ਵੱਧ ਮਿਲਦੇ ਨੇ। ਕਦੇ-ਕਦੇ ਲੱਗਦਾ, ਅਸੀਂ ਇਹ ਇਕੱਠੇ ਕਰਨ ਲਈ ਹੀ ’ਕੱਠੇ ਹੋਏ ਹਾਂ। ਸ਼ੋਅਕੇਸਾਂ ਵਿਚ ਕਿਤੇ ਫੋਟੋ ਰੱਖਣ ਜੋਗੀ ਥਾਂ ਵੀ ਨਹੀਂ ਹੈ ਤਾਂ ਜਿਵੇਂ ਸੁਣ ਲਿਆ ਹੋਵੇ ਪ੍ਰਬੰਧਕਾਂ ਨੇ; ਫੋਟੋ ਜੜ੍ਹੇ ਮਮੈਂਟੋ ਮਿਲਣ ਲੱਗ ਪਏ। ਕੰਧਾਂ ਵੀ ਭਰੀਆਂ ਪਈਆਂ ਨੇ; ਮਾਣ ਵੀ ਮਹਿਸੂਸ ਹੁੰਦਾ, ਲੱਗਦਾ ਛੱਤਾਂ ਕੰਧਾਂ ਸਹਾਰੇ ਨਹੀਂ, ਇਨ੍ਹਾਂ ਸਹਾਰੇ ਖੜ੍ਹੀਆਂ ਨੇ। ਪਿਆਂ ਨੂੰ ਧਿਆਨ ਨਾਲ ਦੇਖਦਾਂ ਹਾਂ ਤਾਂ ਇਹ ਧੁਰ ਦੇ ਸਾਥੀ ਲੱਗਦੇ ਜੋ ਮੇਰੇ ਨਾਲ ਵਿਕਾਸ ਕਰਦੇ ਰਹੇ ਨੇ; ਪਹਿਲਾਂ ਕਿਸੇ ਸਮਾਗਮ ਵਿਚ ਭਾਗ ਲੈਣ ਕਾਰਨ ਮਿਲਦੇ ਰਹੇ ਸਨ; ਹੁਣ ਕਦੇ ਮਹਿਮਾਨ ਦੇ ਤੌਰ ’ਤੇ ਵੀ ਮਿਲਣ ਲੱਗੇ ਨੇ।
ਅਕਸਰ ਦੇਖਦੇ ਹਾਂ, ਸਮਾਗਮਾਂ ’ਚ ਵੰਡੇ ਜਾਣ ਤੋਂ ਪਹਿਲਾਂ ਇਹ ਸਾਰੇ ਇਕ ਟੇਬਲ ’ਤੇ ਲਗਾਏ ਮਿਲਦੇ, ਲਿਸ਼ਕੋਰਾਂ ਮਾਰਦੇ। ਪਹਿਲੀ ਤੇ ਆਖ਼ਿਰੀ ਵਾਰੀ ਮਿਲਦੇ, ਫਿਰ ਵੀ ਖੁਸ਼ ਜਾਪਦੇ।
ਕਿਸੇ ਦੋਸਤ ਦੇ ਘਰ ਕੋਈ ਮਮੈਂਟੋ ਅਜਿਹਾ ਵੀ ਨਜ਼ਰ ਆਉਂਦਾ ਹੈ ਜੋ ਮੇਰੇ ਘਰ ਵੀ ਹੁੰਦਾ। ਦੋਸਤ ਸਾਨੂੰ ਹੋਰ ਆਪਣਾ, ਨੇੜੇ ਲੱਗਦਾ ਪਰ ਮਮੈਂਟੋ ਇਹ ਵੀ ਅਹਿਸਾਸ ਕਰਵਾਉਂਦਾ- ਤੂੰ ਏਸ ਘਰ ਪਹਿਲਾਂ ਕਦੇ ਆਇਆ ਕਿਉਂ ਨਹੀਂ।
ਇਹਨਾਂ ਦੀ ਤਦਾਦ ਘਰ ਵਿਚ ਇੰਨੀ ਵਧ ਗਈ ਹੈ ਕਿ ਬੈੱਡਾਂ, ਅਲਮਾਰੀਆਂ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਚਲੇ ਗਏ ਹਨ। ਜਿਵੇਂ ਇਹ ਸਾਡੀ ਕਲਾ, ਹੁਨਰ ਕਰ ਕੇ ਸਾਨੂੰ ਮਿਲੇ ਸਨ, ਉਵੇਂ ਬਾਹਰ ਵੀ ਸ਼ੋਅਕੇਸਾਂ ’ਤੇ ਉਹੀ ਸਜਦੇ ਹਨ ਜਿਨ੍ਹਾਂ ਉੱਤੇ ਚੰਗੀ ਕਲਾਕਾਰੀ ਤੇ ਹੁਨਰ ਦਾ ਪ੍ਰਗਟਾਵਾ ਹੋਵੇ।
ਹੁਣ ਜਦ ਲਿਖਣ ਲੱਗਿਆ ਹਾਂ ਤਾਂ ਇਸ ਨਾਲ ਸਬੰਧਿਤ ਕਿੰਨਾ ਕੁਝ ਚੇਤੇ ਆਉਣ ਲੱਗਾ ਹੈ। ਇਕ ਦੋਸਤ ਨੇ ਕਰੋਨਾ ਆਉਣ ਤੋਂ ਪਹਿਲਾਂ ਮਮੈਂਟੋਆਂ ਦੀ ਦੁਕਾਨ ਖੋਲ੍ਹ ਲਈ। ਕੋਵਿਡ ਕਾਰਨ ਸਾਰੀਆਂ ਗਤੀਵਿਧੀਆਂ, ਖੇਡਾਂ, ਸਨਮਾਨ ਸਮਾਰੋਹ ਬੰਦ ਹੋ ਗਏ। ਲੋਕਾਂ ਨੂੰ ਆਪਣੀ ਜਾਨ ਬਚਾਉਣ ਦੀ ਪੈ ਗਈ। ਉਹਨੂੰ ਪੁੱਛਿਆ, “ਤੇਰਾ ਤਾਂ ਨੁਕਸਾਨ ਹੋ ਰਿਹਾ ਹੋਵੇਗਾ, ਦੁਕਾਨ ਦੇ ਕਿਰਾਏ ਨੇ ਹੀ ਮਾਰ ਲੈਣਾ।” ਉਸ ਦਾ ਜਵਾਬ ਸੁਣ ਸੋਚਾਂ ਵਿਚ ਪੈ ਗਿਆ; ਕਹਿੰਦਾ: ਇਹ ਸਨਮਾਨ ਚਿੰਨ੍ਹ ਫਿਰ ਉਹਨਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਕਰੋਨਾ ਵਿਚ ਲੋਕਾਂ ਦੀ ਜੀ ਜਾਨ ਨਾਲ ਸਹਾਇਤਾ ਕੀਤੀ; ਥੋੜ੍ਹੇ-ਥੋੜ੍ਹੇ ਤਾਂ ਦਿੱਤੇ ਜਾਣ ਵੀ ਲੱਗ ਪਏ ਨੇ। ਮੈਨੂੰ ਲੱਗਦਾ ਮਰਦੇ ਜਾਂਦੇ ਇਹ ਵੀ ਕਿਤੇ ਨਹੀਂ, ਚਾਹੇ ਕੋਈ ਬਿਮਾਰੀ ਕਿਉਂ ਨਾ ਪਈ ਹੋਵੇ।
ਕਰੋਨਾ ਦਾ ਵਾਕਿਆ ਚੇਤੇ ਆ ਗਿਆ। ਘਰੋਂ ਬਾਹਰ ਜਾਣਾ ਬੰਦ ਹੀ ਸੀ। ਟੀਵੀ ਦੇਖ-ਦੇਖ ਅੱਕ ਜਾਈਦਾ ਸੀ। ਫੋਨ ’ਤੇ ਵੀ ਕੋਈ ਕਿੰਨਾ ਕੁ ਚਿਰ ਗੱਲਾਂ ਮਾਰਦਾ ਰਹੂ। ਧੀ ਖੇਡਣ ਲਈ ਜ਼ਿੱਦ ਕਰਦੀ। ਅਸੀਂ ਛੱਤ ’ਤੇ ‘ਊਚਾਂ ਨੀਚਾਂ’ ਖੇਡਣਾ ਸ਼ੁਰੂ ਕਰ ਦਿੱਤਾ। ਪਤਨੀ ਵਿਹਲੀ ਕਦੇ ਇਕ ਮਮੈਂਟੋ ਸ਼ੋਅਕੇਸ ਦੀ ਉਪਰਲੀ ਸ਼ੈਲਫ ਤੋਂ ਚੁੱਕ ਕੇ ਥੱਲੜੀ ’ਤੇ ਰੱਖ ਦੇਵੇ, ਕਦੇ ਕੋਈ ਥੱਲਿਓਂ ਚੁੱਕ ਕੇ ਉਪਰਲੀ ’ਤੇ ਰੱਖ ਦੇਵੇ; ਇੱਕ ਦਿਨ ਹੱਸਦੀ ਕਹਿੰਦੀ, “ਮੈਂ ਇਹਨਾਂ ਨੂੰ ‘ਊਚਾ ਨੀਚਾਂ’ ਖਿਡਾਉਂਦੀ ਆਂ।”
ਇਹ ਤੁਰ ਗਏ ਲੋਕਾਂ ਨਾਲ ਵੀ ਤੁਹਾਡੀ ਸਾਂਝ ਪੀਢੀ ਕਰਦੇ, ਉਹਨਾਂ ਦੇ ਨਾਂ ਨਾਲ ਮਿਲਿਆ ਸਨਮਾਨ, ਤੁਹਾਡੀ ਫੋਟੋ, ਨਾਂ ਕੋਲ਼-ਕੋਲ਼ ਹੁੰਦੇ।... ਜਿਵੇਂ ਬਚਪਨ ਵੇਲ਼ੇ ਦੀ ਕੋਈ ਫੋਟੋ ਪਈ ਹੁੰਦੀ ਹੈ ਕਾਨਸ ’ਤੇ, ਉਵੇਂ ਹੀ ਕੋਈ ਸ਼ੀਲਡ, ਕੋਈ ਕੱਪ ਵੀ ਪਿਆ ਹੁੰਦਾ, ਆਪਣਾ ਪੁਰਾਣਾ ਰੂਪ ਦੱਸਦਾ ਹੋਇਆ।
ਦੋਸਤਾਂ ਦੀ ਖਿਝ ਨੇ ਇਸ ਦਾ ਨਾਂ ‘ਟਊਆ’ ਵੀ ਪਾਇਆ ਹੋਇਆ। ਉਹਨਾਂ ਨੂੰ ਲੱਗਦਾ ਇਸ ਨਾਲੋਂ ਤਾਂ ਕੋਈ ਵਰਤੋਂ ਵਾਲੀ ਚੀਜ਼ ਮਿਲ ਜਾਵੇ ਪਰ ਇਹਦਾ ਮੋਹ ਇੰਨਾ ਹੁੰਦਾ ਕਿ ਮਿਲਣ ਤੋਂ ਬਾਅਦ ਸੰਭਾਲ-ਸੰਭਾਲ ਰੱਖੀਦਾ।
ਹੁਣ ‘ਪ੍ਰਸ਼ੰਸਾ ਪੱਤਰ’ ਵੀ ਮਮੈਂਟੋਆਂ ’ਤੇ ਆ ਗਏ ਤਾਂ ਜਾਪਦਾ ਮੇਰੇ ਸਾਰੇ ਪੜ੍ਹੇ-ਲਿਖੇ ਦਾ ‘ਫਲ’ ਵੀ ਇਸੇ ਤਰ੍ਹਾਂ ਦੀ ਲਿਖਤ ਵਿਚ ਤੇ ਇੱਥੇ ਹੀ ਆਉਣਾ ਚਾਹੀਦਾ ਸੀ।
ਕਾਫ਼ੀ ਸਮੇਂ ਤੋਂ ਪਏ ਮਮੈਂਟੋਆਂ ਦੀ ਉਹ ‘ਸਟ੍ਰਿਪ’ ਵੀ ਲਹਿ ਕੇ ਕਿਤੇ ਗੁਆਚ ਜਾਂਦੀ ਹੈ ਜਿਸ ’ਤੇ ਦੇਣ ਵਾਲੇ ਦਾ ਨਾਂ ਤੇ&ਨਬਸਪ; ਅਹੁਦਾ ਲਿਖਿਆ ਹੁੰਦਾ। ਫਿਰ ਇਹ ਸੋਚਦੇ ਰਹੀਦਾ ਹੈ ਕਿ ਇਹ ਕੀਹਦਾ ਦਿੱਤਾ ਹੋਇਆ? ਕਿੰਨੇ ਹੀ ਨਾਮ ਯਾਦ ਆਉਂਦੇ ਰਹਿੰਦੇ। ਇਹ ਕੁਝ ਹਿੱਸਾ ਲਹਿ ਕੇ, ਅੱਡ ਹੋ ਕੇ ਵੀ ਕਿੰਨੇ ਲੋਕਾਂ ਨੂੰ ਯਾਦ ਕਰਨ ਦਾ ਕਾਰਨ ਬਣਦਾ।
ਹੁਣ ਧੀ ਮੇਰੀ ਨੂੰ ਵੀ ਕਿਸੇ ਸਕੂਲ ਦੇ ਮੁਕਾਬਲੇ ਵਿਚ ‘ਯਾਦ ਚਿੰਨ੍ਹ’ ਮਿਲਿਆ ਹੈ। ਉਹ ਬਹੁਤ ਖੁਸ਼ ਹੈ। ਇਹ ਘੜੀ ਮੈਨੂੰ ਮੇਰੇ ਬਚਪਨ ਵਿਚ ਲੈ ਗਈ। ਮਮੈਂਟੋ ਅਤੀਤ ਯਾਤਰਾ ਦਾ ਵੀ ਵਾਹਕ ਹੈ। ਧੀ ਆਪਣਾ ‘ਸਿਮਰਤੀ ਚਿੰਨ੍ਹ’ ਰੱਖਣ ਲਈ ਜਗ੍ਹਾ ਖ਼ਾਲੀ ਕਰਨ ਦਾ ਹੁਕਮ ਦਿੰਦੀ ਹੈ। ਉਹਨੂੰ ਲੱਗਦਾ ਹੋਣਾ ਕਿ ਅੱਜ ਉਸ ਦੀ ਘਰ ਵਿਚ ਥਾਂ ਬਣ ਗਈ ਹੈ।
ਪਿੱਛੇ ਜਿਹੇ ਕਿਸੇ ਸਮਾਰੋਹ ’ਚ ਸਨਮਾਨ ’ਚ ਗਮਲਾ ਮਿਲਿਆ। ਥੱਲੇ ਦੇਣ ਵਾਲ਼ਿਆਂ ਦੀ ਸਟ੍ਰਿਪ ਸੀ, ਕਾਗਜ਼ ਵਾਲ਼ੀ। ਮੈਂ ਬੈਠਕ ਵਿਚ ਝਾਤੀ ਮਾਰਦਾਂ, ਵੱਧ ਲੱਕੜ ਦੇ ਮਮੈਂਟੋ ਨੇ, ਮੈਨੂੰ ਮਹਿਸੂਸ ਹੋਇਆ, ਇਹ ਆਪਣੇ ਵੱਡਿਆਂ, ਪੁਰਖਿਆਂ ਦੀ ਘਾਟ ਪੂਰਾ ਕਰਨ ਦਾ ‘ਚਿੰਨ੍ਹ’ ਬਣ ਕੇ ਵੀ ਉਭਰੇਗਾ।
ਸੰਪਰਕ: 98762-22868