For the best experience, open
https://m.punjabitribuneonline.com
on your mobile browser.
Advertisement

ਮਹਾਨ ਗ਼ਦਰੀ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ

06:12 AM Nov 16, 2024 IST
ਮਹਾਨ ਗ਼ਦਰੀ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ
Advertisement

ਜਸਦੇਵ ਸਿੰਘ ਲਲਤੋਂ

Advertisement

ਭਾਰਤ ਨੂੰ ਆਜ਼ਾਦ ਕਰਵਾਉਣ ਅਤੇ ਇਸ ਅੰਦਰ ਅਸਲੀ ਤੇ ਖਰਾ ਕੌਮੀ ਜਮਹੂਰੀ ਰਾਜ ਪ੍ਰਬੰਧ ਕਾਇਮ ਕਰਨ ਦੀ ਕੌਮੀ ਜੰਗ ਅੰਦਰ ਸ਼ਹੀਦ ਕਰਤਾਰ ਸਿੰਘ ਸਰਾਭਾ ਵੱਡਾ ਯੁਗ ਨਾਇਕ ਹੋ ਨਿਬੜਿਆ ਜੋ ਬਹੁਤ ਦੂਰਅੰਦੇਸ਼ੀ, ਜ਼ਿੰਦਾਦਿਲੀ, ਆਪਾ ਵਾਰੂ, ਨਿਤ ਨਵੀਂ ਪਹਿਲਕਦਮੀ ਕਰਨ ਵਾਲੇ ਕਰਮਯੋਗੀ ਸਮੇਤ ਸਾਰੇ ਕਾਬਲ ਆਗੂ ਗੁਣਾਂ ਦਾ ਧਾਰਨੀ ਸੀ। ਗਦਰ ਪਾਰਟੀ ਦੇ ਪ੍ਰਧਾਨ ਸੋਹਣ ਸਿੰਘ ਭਕਨਾ ਨੇ ਉਸ ਨੂੰ ‘ਬਾਲਾ ਜਰਨੈਲ’ ਕਰਾਰ ਦਿੱਤਾ ਸੀ।
ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜਿ਼ਲ੍ਹੇ ਦੇ ਪਿੰਡ ਸਰਾਭਾ ਵਿੱਚ ਸਾਹਿਬ ਕੌਰ ਅਤੇ ਮੰਗਲ ਸਿੰਘ ਦੇ ਘਰ ਹੋਇਆ। ਮੁੱਢਲੀ ਵਿੱਦਿਆ ਲਈ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਵਾਇਆ ਗਿਆ। ਆਪ ਦੇ ਪਿਤਾ ਜੀ ਇਕਲੌਤੇ ਪੁੱਤਰ ਨੂੰ 5 ਸਾਲ ਦਾ ਅਤੇ ਮਾਤਾ ਜੀ 12 ਸਾਲ ਦਾ ਛੱਡ ਕੇ ਸਦਾ ਲਈ ਵਿਛੋੜਾ ਦੇ ਗਏ। ਆਪ ਦੀ ਪਾਲਣਾ ਅਤੇ ਪੜ੍ਹਾਈ ਦਾ ਜਿ਼ੰਮਾ ਦਾਦਾ ਜੀ ਬਦਨ ਸਿੰਘ ਸਿਰ ਆ ਪਿਆ। ਉੱਚ ਵਿਦਿਆ ਲਈ ਆਪ ਨੂੰ ਲੁਧਿਆਣਾ ਦੇ ਮਿਸ਼ਨ ਸਕੂਲ ਅਤੇ ਬਾਅਦ ਵਿੱਚ ਚਾਚਾ ਜੀ ਬਖਸ਼ੀਸ਼ ਸਿੰਘ ਪਾਸ (1910 ’ਚ) ਰੈਵਨਸ਼ਾਅ ਕਾਲਜੀਏਟ ਸਕੂਲ ਕਟਕ (ਉੜੀਸਾ) ਵਿੱਚ ਨੌਵੀਂ ਜਮਾਤ ’ਚ ਦਾਖਲ ਕਰਵਾਇਆ ਗਿਆ ਜਿੱਥੋਂ 1912 ’ਚ ਮੈਟ੍ਰਿਕ ਕੀਤੀ। ਸਕੂਲ ਦੇ ਮੁਖੀ ਬੇਨੀ ਮਾਧਵ ਦਾਸ ਦੇ ਦੇਸ਼ ਭਗਤੀ ਵਾਲੇ ਵਿਚਾਰਾਂ ਦਾ ਆਪ ਜੀ ’ਤੇ ਡੂੰਘਾ ਅਸਰ ਪਿਆ।
ਸਕੂਲ ਸਮੇਂ ਤੋਂ ਹੀ ਕਰਤਾਰ ਸਿੰਘ ਨੂੰ ਬੇਹੱਦ ਹੁਸ਼ਿਆਰ, ਹੋਣਹਾਰ ਤੇ ਯੋਗ ਹੋਣ ਕਰ ਕੇ ਅਫਲਾਤੂ ਅਤੇ ਤੇਜ਼ ਤੇ ਫੁਰਤੀਲਾ ਹੋਣ ਕਰ ਕੇ ਉਡਣਾ ਸੱਪ ਆਦਿ ਨਾਵਾਂ ਨਾਲ ਪੁਕਾਰਿਆ ਜਾਂਦਾ ਸੀ। ਜੁਲਾਈ 1912 ’ਚ ਇਲੈਕਟ੍ਰੀਕਲ ਇੰਜਨੀਅਰਿੰਗ ਦੀ ਉੱਚ ਵਿੱਦਿਆ ਲਈ ਉਹ ਬਰਕਲੇ ਯੂਨੀਵਰਸਿਟੀ (ਅਮਰੀਕਾ) ਪਹੁੰਚ ਗਏ। ਅਮਰੀਕਨਾਂ ਦੇ ਆਜ਼ਾਦੀ ਦੇ ਰੰਗ-ਢੰਗ ਦੇਖ ਅਤੇ ਭਾਰਤੀਆਂ ਨੂੰ ਮਾੜੇ ਵਿਸ਼ੇਸ਼ਣਾਂ ਨਾਲ ਪੁਕਾਰਦੇ ਸੁਣ ਕੇ ਕਰਤਾਰ ਸਿੰਘ ਅੰਦਰ ਦੇਸ਼ ਭਗਤੀ ਅਤੇ ਆਜ਼ਾਦੀ ਦਾ ਬੀਜ ਬੀਜਿਆ ਗਿਆ। ਲਾਲਾ ਹਰਦਿਆਲ, ਭਾਈ ਪਰਮਾਨੰਦ ਲਾਹੌਰ, ਜਤਿੰਦਰ ਲਹਿਰੀ ਬੰਗਾਲੀ ਵਰਗੇ ਇਨਕਲਾਬੀ ਰਾਜਨੀਤਕ ਚੇਤਨਾ ਦੀ ਚੰਗਿਆੜੀ ਮਘਾਉਣ ਲਈ ਉੱਥੇ ਪਹਿਲਾਂ ਹੀ ਜੁਟੇ ਹੋਏ ਸਨ। ਕਰਤਾਰ ਸਿੰਘ ਹੋਰਨਾਂ ਵਿਦਿਆਰਥੀਆਂ ਨਾਲ ਇਨ੍ਹਾਂ ਦੇ ਸੰਪਰਕ ਵਿੱਚ ਆ ਗਿਆ। ਆਪ ਦਾ ਪੱਕਾ ਵਿਸ਼ਵਾਸ ਬਣ ਗਿਆ ਕਿ ਦੇਸ਼ ਨੂੰ ਵਿਦੇਸ਼ੀ ਧਾੜਵੀਆਂ ਤੋਂ ਕੇਵਲ ਹਥਿਆਰਬੰਦ ਸੰਘਰਸ਼ ਰਾਹੀਂ ਹੀ ਮੁਕਤ ਕਰਵਾਇਆ ਜਾ ਸਕਦਾ ਹੈ।
ਦਸੰਬਰ 1912 (ਜਾਂ ਜਨਵਰੀ 13) ’ਚ ਭਾਰਤੀਆਂ ਦੀ ਅਸਟੋਰੀਆ (ਔਰੇਗਨ) ’ਚ ਮੀਟਿੰਗ ’ਚ ਪਿੰਡ ਦੇ ਵੱਡੇ ਸਾਥੀ ਰੁਲੀਆ ਸਿੰਘ ਸਰਾਭਾ ਨਾਲ ਸ਼ਾਮਲ ਹੋਏ। ਮੀਟਿੰਗ ’ਚ ਕੇਸਰ ਸਿੰਘ ਠੱਠਗੜ ਨੂੰ ਪ੍ਰਧਾਨ, ਬਲਵੰਤ ਸਿੰਘ ਸੰਘਵਾਲ ਨੂੰ ਸਕੱਤਰ ਚੁਣਿਆ ਗਿਆ ਅਤੇ ਹਿੰਦੋਸਤਾਨ ਐਸੋਸੀਏਸ਼ਨ ਬਣਾਈ ਗਈ। ਮੀਟਿੰਗ ਨੂੰ ਕਰਤਾਰ ਸਿੰਘ ਸਰਾਭਾ ਨੇ ਵੀ ਸੰਬੋਧਨ ਕੀਤਾ। ਮਾਰਚ 13 ’ਚ ਅਸਟੋਰੀਆ ਵਿੱਚ ਅਮਰੀਕਾ ਪੱਧਰੀ ਮੀਟਿੰਗ ਹੋਈ ਜਿਸ ਵਿਚ ਹਿੰਦੋਸਤਾਨ ਐਸੋਸੀਏਸ਼ਨ ਆਫ ਪੈਸਿਫਿਕ ਕੋਸਟ (ਗਦਰ ਪਾਰਟੀ) ਦੀ ਬਾਕਾਇਦਾ ਸਥਾਪਨਾ ਕੀਤੀ ਗਈ ਜਿਸ ਵਿਚ ਸੋਹਣ ਸਿੰਘ ਭਕਨਾ ਨੂੰ ਪ੍ਰਧਾਨ ਤੇ ਲਾਲਾ ਹਰਦਿਆਲ ਨੂੰ ਸਕੱਤਰ ਤੇ ਬਾਕੀ ਅਹੁਦੇਦਾਰ ਚੁਣੇ ਗਏ। ਇਸ ਮੀਟਿੰਗ ਵਿਚ ਕਰਤਾਰ ਸਿੰਘ ਵੀ ਸ਼ਾਮਲ ਸੀ। ਰਸਮੀ ਤੌਰ ’ਤੇ ਜਥੇਬੰਦੀ ਦੀ ਸਥਾਪਨਾ ਦਾ ਐਲਾਨ 21 ਅਪਰੈਲ 1913 ਨੂੰ ਸਾਨ ਫਰਾਂਸਿਸਕੋ ਵਿੱਚ ਕੀਤਾ ਗਿਆ। ਜਥੇਬੰਦੀ ਨੇ ਹਿੰਦੋਸਤਾਨ ਵਿਚ ਗਦਰ (ਹਥਿਆਰਬੰਦ ਘੋਲ) ਰਾਹੀਂ ਅੰਗਰੇਜ਼ੀ ਹਕੂਮਤ ਦਾ ਫਸਤਾ ਵੱਢਣ ਅਤੇ ਨਵਾਂ ਕੌਮੀ ਜਮਹੂਰੀ ਰਾਜ ਪ੍ਰਬੰਧ ਕਰਨ ਦਾ ਮੁੱਖ ਟੀਚਾ ਮਿਥਿਆ ਜਿਸ ਦੀ ਤਿਆਰੀ ਲਈ ‘ਗਦਰ’ ਅਖਬਾਰ ਕੱਢਣ ਅਤੇ ਧੁਰ ਹੇਠਾਂ ਤੱਕ ਜਥੇਬੰਦਕ ਢਾਂਚੇ ਦੀ ਉਸਾਰੀ ਦੇ ਫੈਸਲੇ ਕੀਤੇ ਗਏ। ਪਹਿਲੀ ਨਵੰਬਰ 1913 ਤੋਂ ਯੁਗਾਂਤਰ ਆਸ਼ਰਮ ਤੋਂ ‘ਗ਼ਦਰ’ ਪ੍ਰਕਾਸ਼ਿਤ ਹੋਣ ਲੱਗਾ। ਲਾਲਾ ਹਰਦਿਆਲ ਨੂੰ ਐਡੀਟਰ, ਕਰਤਾਰ ਸਿੰਘ ਸਰਾਭਾ ਤੇ ਰਘਬਰ ਦਿਆਲ ਗੁਪਤਾ ਨੂੰ ਸਬ ਐਡੀਟਰ ਲਗਾਇਆ। ਕਰਤਾਰ ਸਿੰਘ ‘ਗ਼ਦਰ’ ਲਈ ਲੇਖ ਤੇ ਕਵਿਤਾਵਾਂ ਲਿਖਦਾ ਜੋ ਬੇਨਾਮ ਪ੍ਰਕਾਸ਼ਿਤ ਹੁੰਦੀਆਂ।
ਪਾਰਟੀ ਦੇ ਫੈਸਲੇ ਅਨੁਸਾਰ ਕਰਤਾਰ ਸਿੰਘ ਨੇ ਹਵਾਈ ਜਹਾਜ਼ ਉਡਾਉਣ ਅਤੇ ਮੁਰਮੰਤ ਕਰਨ ਦੀ ਸਿਖਲਾਈ ਵੀ ਲਈ। ਪਾਰਟੀ ਦੇ ਗੁਪਤ ਕਮਿਸ਼ਨ ਦੀ ਹਦਾਇਤ ’ਤੇ ਕਰਤਾਰ ਸਿੰਘ ਨੇ 21 ਜੁਲਾਈ 1914 ਨੂੰ ਸਾਨ ਫਰਾਂਸਿਸਕੋ ਤੋਂ ਯੋਕੋਹਾਮਾ ਲਈ 100 ਪਿਸਤੌਲ ਅਤੇ ਕਾਫੀ ਗੋਲੀ ਸਿੱਕਾ ਅਜਿਹੇ ਗੁਪਤ ਢੰਗ ਨਾਲ ਜਹਾਜ਼ ’ਚ ਜਾ ਟਿਕਾਇਆ ਕਿ ਖੁਫੀਆ ਤੰਤਰ ਨੂੰ ਕੋਈ ਸ਼ੱਕ ਨਾ ਹੋਇਆ। ‘ਗਦਰ’ ਨੇ 28 ਜੁਲਾਈ ਦੇ ਅੰਕ ਰਾਹੀਂ ਦੇਸ਼ ਵਾਸੀਆਂ ਨੂੰ ਸੁਚੇਤ ਕੀਤਾ ਕਿ ਪਹਿਲੀ ਸੰਸਾਰ ਜੰਗ ਲੱਗ ਗਈ ਹੈ, ਤੁਸੀਂ ਆਪਣੀ ਆਜ਼ਾਦੀ ਦੀ ਜੰਗ ਲਈ ਤਿਆਰ ਹੋ ਜਾਓ। 4 ਅਗਸਤ ਵਾਲੇ ਅੰਕ ਨੇ ‘ਐਲਾਨੇ-ਜੰਗ’ ਦਾ ਫਰਮਾਨ ਜਾਰੀ ਕੀਤਾ। 11 ਅਗਸਤ ਦੇ ਅੰਕ ਨੇ ਕ੍ਰਾਂਤੀਕਾਰੀ ਸੱਦਾ ਛਾਪਿਆ ਗਿਆ। ਇਸ ਸੱਦੇ ਅਨੁਸਾਰ 6 ਹਜ਼ਾਰ ਤੋਂ ਉਪਰ ਗਦਰੀ ਯੋਧੇ ਵੱਖ-ਵੱਖ ਜਹਾਜ਼ਾ ਰਾਹੀਂ ਭਾਰਤ ਪੁੱਜੇ। ਸਤੰਬਰ 1914 ’ਚ ਕਰਤਾਰ ਸਿੰਘ ਕੋਲੰਬੋ ਹੁੰਦਾ ਹੋਇਆ ਅਮਰੀਕਾ ਤੋਂ ਭਾਰਤ ਪੁੱਜਾ ਤੇ ਗੁਪਤਵਾਸ ਹੋ ਕੇ ਪੰਜਾਬ ’ਚ ਗਦਰ ਪਾਰਟੀ ਦੀ ਉਸਾਰੀ ਤੇ ਹਥਿਆਰਬੰਦ ਗ਼ਦਰ ਦੀ ਤਿਆਰੀ ਲਈ ਦਿਨ-ਰਾਤ ਇਕ ਕਰਨ ਲੱਗਾ। ਉਸ ਅੰਦਰ ਮੌਜੂਦ ਮਾਨਵਤਾ ਲਈ ਬੇਥਾਹ ਪਿਆਰ ਅਤੇ ਸਤਿਕਾਰ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਉਹ ਰੱਬੋਂ ਪਿੰਡ ਦੇ ਡਾਕੇ ਦੌਰਾਨ ਇਕ ਲੜਕੀ ਦੀ ਬਾਂਹ ਨੂੰ ਹੱਥ ਲਾਉਣ ਵਾਲੇ ਆਪਣੇ ਇਕ ਸਾਥੀ ’ਤੇ ਪਿਸਤੌਲ ਤਾਣ ਲੈਂਦਾ ਹੈ, ਉਸ ਨੂੰ ਮਾਵਾਂ-ਧੀਆਂ ਦੇ ਪੈਰੀਂ ਪੈਣ ਦਾ ਹੁਕਮ ਦਿੰਦਾ ਹੈ ਅਤੇ ਉਨ੍ਹਾਂ ਨੂੰ ਧੀ ਦੇ ਵਿਆਹ ਲਈ ਜਿੰਨੇ ਮਰਜ਼ੀ ਪੈਸੇ ਰੱਖਣ ਲਈ ਪੇਸ਼ਕਸ਼ ਕਰਦਾ ਹੈ।
ਕਰਤਾਰ ਸਿੰਘ ਨੇ ਰੋਜ਼ 50-50 ਮੀਲ ਸਾਈਕਲ ਚਲਾ ਕੇ ਗ਼ਦਰ ਦਾ ਪ੍ਰਚਾਰ ਤੇ ਲਾਮਬੰਦੀ ਕੀਤੀ। ਫਿਰੋਜ਼ਪੁਰ ਤੇ ਮੀਆਂਮੀਰ (ਲਾਹੌਰ) ਸਮੇਤ ਕਈ ਫੌਜੀ ਛਾਉਣੀਆਂ ਅੰਦਰ ਬੇਖੌਫ ਤੇ ਦਲੇਰਾਨਾ ਵਿਧੀ ਨਾਲ ਫੌਜੀਆਂ ਨੂੰ ਗ਼ਦਰ ਲਈ ਤਿਆਰ ਕੀਤਾ। ਇੱਕ ਸਾਥੀ ਕਿਰਪਾਲ ਸਿੰਘ ਵੱਲੋਂ ਗ਼ਦਰ ਦੀ ਤਾਰੀਖ ਤੇ ਯੋਜਨਾ ਪਹਿਲਾਂ 21 ਫਰਵਰੀ 1915, ਫਿਰ 19 ਫਰਵਰੀ ਤੈਅ ਕਰਨ ਬਾਰੇ ਅੰਗਰੇਜ਼ ਹਕੂਮਤ ਪਾਸ ਲੀਕ ਕਰਨ ਦੇ ਸਿੱਟੇ ਵਜੋਂ ਗ਼ਦਰ ਨੂੰ ਵੱਡੀ ਸੱਟ ਵੱਜੀ ਤੇ ਪੂਰੇ ਪੰਜਾਬ ’ਚ ਗ਼ਦਰੀਆਂ ਦੀ ਫੜੋ-ਫੜਾਈ ਤੇਜ਼ ਹੋ ਗਈ। ਆਪ ਦੋ ਸਾਥੀਆਂ ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਸੁਰਸਿੰਘ ਨਾਲ ਫਰੰਟੀਅਰ ਮੇਲ ਚੜ੍ਹ ਕੇ ਅਫਗਾਨਿਸਤਾਨ ਦੇ ਕਬਾਇਲੀ ਇਲਾਕੇ ਨੂੰ ਜਾਣ ਲਗੇ ਲੇਕਿਨ ਪੇਸ਼ਾਵਰ ਉਤਰ ਕੇ ਇਕ ਰਾਤ ਬਤੀਤ ਕਰ ਕੇ ਫੈਸਲਾ ਕੀਤਾ ਕਿ ‘ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ’। ਗਦਰ ਦੀ ਮੁੜ ਤਿਆਰੀ ਲਈ ਮੁੜ ਆਏ। ਲਹੌਰ ਨੇੜੇ ਸਰਗੋਧਾ ਦੀ ਬਾਰ ਦੇ ਚੱਕ ਨੰਬਰ 5 ਤੋਂ ਰਾਜਿੰਦਰ ਸਿੰਘ ਪੈਨਸ਼ਨੀਏ ਦੇ ਘਰੋਂ, ਉਸ ਦੀ ਤੇ ਰਸਾਲਦਾਰ ਗੰਡਾ ਸਿੰਘ ਗੰਡੀਵਿੰਡ ਦੀ ਗਦਾਰੀ ਤੇ ਮੁਖਬਰੀ ਦੇ ਸਿੱਟੇ ਵੱਜੋਂ ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਸੁਰਸਿੰਘਵਾਲਾ 2 ਮਾਰਚ 1915 ਨੂੰ ਫੜੇ ਗਏ ਅਤੇ ਸੈਂਟਰਲ ਜੇਲ੍ਹ ਲਾਹੌਰ ਡੱਕ ਦਿੱਤੇ ਗਏ।
13 ਸਤੰਬਰ 1915 ਨੂੰ ਸਰਾਭੇ ਸਮੇਤ 24 ਸਾਥੀਆਂ ਨੂੰ ਫਾਂਸੀ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਪਰ ਪਿਛੋਂ ਵਾਇਸਰਾਏ ਨੇ 17 ਦੀ ਸਜ਼ਾ ਬਦਲ ਕੇ ਉਮਰ ਕੈਦ, ਕਾਲੇ ਪਾਣੀ ਤੇ ਜਾਇਦਾਦ ਜ਼ਬਤੀ ਕਰ ਦਿੱਤੀ। 16 ਨਵੰਬਰ 1915 ਨੂੰ 7 ਗਦਰੀ ਯੋਧੇ ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਸੁਰਸਿੰਘ (ਅੰਮ੍ਰਿਤਸਰ), ਹਰਨਾਮ ਸਿੰਘ ਸਿਆਲਕੋਟੀ, ਵਿਸ਼ਨੂੰ ਗਣੇਸ਼ ਪਿੰਗਲੇ (ਪੂਨਾ), ਬਖਸ਼ੀਸ਼ ਸਿੰਘ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ (ਤਿੰਨੇ ਗਿੱਲਵਾਲੀ-ਅੰਮ੍ਰਿਤਸਰ) ਸੈਂਟਰਲ ਜੇਲ੍ਹ ਲਾਹੌਰ ਵਿੱਚ ਫਾਂਸੀ ਚੜ੍ਹ ਗਏ।
ਸੰਪਰਕ: 96464-02470

Advertisement

Advertisement
Author Image

joginder kumar

View all posts

Advertisement