ਮਹਬਿੂਬਾ ਮੁਫ਼ਤੀ ਅਨੰਤਨਾਗ-ਰਾਜੌਰੀ ਸੀਟ ਤੋਂ ਲੜੇਗੀ ਚੋਣ
ਸ੍ਰੀਨਗਰ: ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਨੇ ਕਸ਼ਮੀਰ ’ਚ ਤਿੰਨ ਸੀਟਾਂ ਲਈ ਪਾਰਟੀ ਦੇ ਉਮੀਦਵਾਰਾਂ ਦੇ ਨਾਵਾਂ ਦਾ ਅੱਜ ਐਲਾਨ ਕੀਤਾ ਹੈ। ਪੀਡੀਪੀ ਪ੍ਰਧਾਨ ਮਹਬਿੂਬਾ ਮੁਫ਼ਤੀ ਡੈਮੋਕਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ (ਡੀਪੀਏਪੀ) ਦੇ ਪ੍ਰਧਾਨ ਗੁਲਾਮ ਨਬੀ ਆਜ਼ਾਦ ਖ਼ਿਲਾਫ਼ ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ਤੋਂ ਚੋਣ ਲੜੇਗੀ। ਜੰਮੂ ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ ਤੋਂ ਮੁਫ਼ਤੀ ਤੇ ਆਜ਼ਾਦ ਦੇ ਚੋਣ ਮੁਕਾਬਲੇ ’ਚ ਉਤਰਨ ਨਾਲ ਇਸ ਨਵੇਂ ਗਠਿਤ ਕੀਤੇ ਚੋਣ ਹਲਕੇ ’ਚ ਲੜਾਈ ਦਿਲਚਸਪ ਬਣ ਗਈ ਹੈ। ਨੈਸ਼ਨਲ ਕਾਨਫਰੰਸ ਨੇ ਪ੍ਰਭਾਵਸ਼ਾਲੀ ਗੁੱਜਰ ਆਗੂ ਮੀਆਂ ਅਲਤਾਫ ਅਹਿਮਦ ਨੂੰ ਇਸ ਸੀਟ ਤੋਂ ਮੈਦਾਨ ’ਚ ਉਤਾਰਿਆ ਹੈ ਅਤੇ ਅਪਨੀ ਪਾਰਟੀ ਨੇ ਜ਼ਫਰ ਇਕਬਾਲ ਮਨਹਾਸ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਇਸ ਸੀਟ ਲਈ ਅਜੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਪੀਡੀਪੀ ਸੰਸਦੀ ਬੋਰਡ ਦੇ ਮੁਖੀ ਸਰਤਾਜ ਮਦਨੀ ਨੇ ਅੱਜ ਕਸ਼ਮੀਰ ’ਚ ਤਿੰਨ ਸੀਟਾਂ ਲਈ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕੀਤਾ। ਪਾਰਟੀ ਦੀ ਨੌਜਵਾਨ ਇਕਾਈ ਦੇ ਪ੍ਰਧਾਨ ਵਹੀਦ ਪਾਰਾ ਸ੍ਰੀਨਗਰ ਅਤੇ ਸਾਬਕਾ ਰਾਜ ਸਭਾ ਮੈਂਬਰ ਮੀਰ ਫਯਾਜ਼ ਬਾਰਾਮੁੱਲਾ ਤੋਂ ਚੋਣ ਲੜਨਗੇ। ਮੁਫਤੀ ਤੇ ਮਦਨੀ ਨੇ ਪੱਤਰਕਾਰ ਸੰਮੇਲਨ ਦੌਰਾਨ ਪਾਰਟੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੀਡੀਪੀ ਜੰਮੂ ਖੇਤਰ ਦੀਆਂ ਦੋ ਸੀਟਾਂ ਊਧਮਪੁਰ ਤੇ ਜੰਮੂ ’ਚ ਕਾਂਗਰਸ ਦੀ ਹਮਾਇਤ ਕਰੇਗੀ। ਪੀਡੀਪੀ ਪ੍ਰਧਾਨ ਨੇ ਇੱਕ ਸਵਾਲ ’ਤੇ ਕਿਹਾ, ‘ਅਸੀਂ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਦੀ ਵੱਡੀ ਲੜਾਈ ’ਚ ਕਾਂਗਰਸ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਹੈ।’ ਉਨ੍ਹਾਂ ਕਿਹਾ, ‘ਮੈਂ ਨਾ ਸਿਰਫ਼ ਕਾਂਗਰਸ ਵਰਕਰਾਂ ਬਲਕਿ ਨੈਸ਼ਨਲ ਕਾਨਫਰੰਸ ਦੇ ਕਾਰਕੁਨਾਂ ਨੂੰ ਵੀ ਮੇਰੀ ਹਮਾਇਤ ਕਰਨ ਦੀ ਅਪੀਲ ਕਰਾਂਗੀ ਤਾਂ ਜੋ ਅਸੀਂ ਜੰਮੂ ਕਸ਼ਮੀਰ ਦੇ ਲੋਕਾਂ ਦੀ ਆਵਾਜ਼ ਸੰਸਦ ਤੱਕ ਪਹੁੰਚਾ ਸਕੀਏ।’ ਉਨ੍ਹਾਂ ਕਿਹਾ, ‘ਅਨੰਤਨਾਗ ਦੇ ਰਾਜੌਰੀ ਤੇ ਪੁਣਛ ਤੱਕ ਚੋਣ ਹਲਕੇ ਦੇ ਸਾਰੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਉਹ ਇਕਜੁੱਟ ਹੋ ਕੇ ਆਉਣ ਕਿਉਂਕਿ ਅਸੀਂ ਇੱਕ ਅਹਿਮ ਦੌਰ ’ਚੋਂ ਲੰਘ ਰਹੇ ਹਾਂ। ਲੋਕ ਗੱਲ ਨਹੀਂ ਕਰ ਸਕਦੇ। ਗੱਲ ਕਰਨਾ ਅਪਰਾਧ ਬਣ ਗਿਆ ਹੈ। ਜੇਕਰ ਕੋਈ ਆਵਾਜ਼ ਉਠਾਉਂਦਾ ਹੈ ਤਾਂ ਉਸ ਨੂੰ ਰਾਸ਼ਟਰ ਵਿਰੋਧੀ ਕਰਾਰ ਦਿੱਤਾ ਜਾਂਦਾ ਹੈ। ਕਾਂਗਰਸ ਦੇ ਮੈਨੀਫੈਸਟੋ ਬਾਰੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਿਛਲੇ 70 ਸਾਲਾਂ ਦਾ ਸਭ ਤੋਂ ਚੰਗਾ ਮੈਨੀਫੈਸਟੋ ਹੈ। ਉਨ੍ਹਾਂ ਕਿਹਾ, ‘ਇਹ ਦੋ ਕਰੋੜ ਨੌਕਰੀਆਂ ਬਾਰੇ ਨਹੀਂ ਬਲਕਿ 30 ਲੱਖ ਨੌਕਰੀਆਂ ਬਾਰੇ ਗੱਲ ਕਰਦਾ ਹੈ। ਇਸ ਵਿੱਚ ਜੁਮਲੇ ਨਹੀਂ ਹਨ ਬਲਕਿ ਹਾਸਲ ਕਰਨਯੋਗ ਟੀਚੇ ਹਨ।’ -ਪੀਟੀਆਈ