ਵਪਾਰ ਮੰਡਲ ਦੇ ਪ੍ਰਧਾਨ ਵੱਲੋਂ ਡੱਲੇਵਾਲ ਨਾਲ ਮੁਲਾਕਾਤ
ਪੱਤਰ ਪ੍ਰੇਰਕ
ਟੋਹਾਣਾ, 15 ਜਨਵਰੀ
ਅਖਿਲ ਭਾਰਤੀ ਵਪਾਰ ਮੰਡਲ ਦੇ ਕੌਮੀ ਜਨਰਲ ਸਕੱਤਰ ਅਤੇ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਬਜਰੰਗ ਦਾਸ ਗਰਗ ਨੇ ਆਪਣੀ ਟੀਮ ਸਮੇਤ ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਡੱਲੇਵਾਲ ਦਾ ਹਾਲ-ਚਾਲ ਪੁੱਛਿਆ। ਬਜਰੰਗ ਦਾਸ ਗਰਗ ਨੇ ਡੱਲਵਾਲ ਦੀ ਸਿਹਤ ’ਤੇ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਕਿਸਾਨਾਂ ਨਾਲ ਗੱਲਬਾਤ ਕਰ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ’ਤੇ ਜ਼ੋਰ ਦਿੱਤਾ। ਬਜਰੰਗ ਦਾਸ ਨੇ ਕਿਹਾ ਕਿ ਦਿੱਲੀ ਅੰਦੋਲਨ ਦੌਰਾਨ 750 ਕਿਸਾਨ ਤੇ ਖਨੌਰੀ ਕਿਸਾਨ ਸੰਘਰਸ਼ ਵਿੱਚ ਦੋ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਪਰ ਕੇਂਦਰ ਸਰਕਾਰ ਇਸ ਦੇ ਬਾਵਜੂਦ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ ਲੱਗ ਰਹੀ। ਸੂਬਾ ਸਰਕਾਰ ਦਾਅਵਾ ਕਰ ਰਹੀ ਹੈ ਕਿ ਹਰਿਆਣਾ ਸਰਕਾਰ ਫ਼ਸਲਾਂ ਐੱਮਐੱਸਪੀ ਤੋਂ ਵੀ ਵੱਧ ਰੇਟ ’ਤੇ ਖਰੀਦ ਰਹੀ ਹੈ ਤਾਂ ਫ਼ਿਰ ਕੇਂਦਰ ਸਰਕਾਰ ’ਤੇ ਦਬਾਅ ਬਣਾਏ ਕਿ ਕਿਸਾਨਾਂ ਨੂੰ ਫ਼ਸਲਾਂ ਦੀ ਐੱਮਐੱਸਪੀ ਕੀਮਤ ਦਿੱਤੀ ਜਾਵੇ। ਕਿਸਾਨ ਫ਼ਸਲਾਂ ਵੇਚਣ ਲਈ ਮੰਡੀਆਂ ਵਿੱਚ ਧੱਕੇ ਖਾ ਰਹੇ ਹਨ ਤੇ ਸਰਕਾਰ ਪ੍ਰਾਈਵੇਟ ਮੰਡੀਕਰਨ ’ਤੇ ਜ਼ੋਰ ਦੇ ਰਹੀ ਹੈ। ਬਜਰੰਗ ਦਾਸ ਨੇ ਜ਼ੋਰ ਦੇਕੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਮੰਗਾਂ ਮੰਨ ਕੇ ਵਪਾਰੀਆਂ, ਆੜ੍ਹਤੀਆਂ, ਕਿਸਾਨ ਤੇ ਮਜ਼ਦੂਰਾਂ ਨੂੰ ਬਚਾਉਣ ਲਈ ਸਮਝੌਤਾ ਕਰੇ। ਇਸ ਮੌਕੇ ਵਪਾਰ ਮੰਡਲ ਦੇ ਸੂਬਾ ਬੁਲਾਰੇ ਰਾਜ ਕੁਮਾਰ ਗੋਇਲ, ਪਵਨ ਵਧਵਾ ਟੋਹਾਣਾ, ਪੰਜਾਬ ਵਪਾਰ ਮੰਡਲ ਪ੍ਰਧਾਨ ਅਮਿਤ ਕੁਮਾਰ, ਟੋਹਾਣਾ ਦੇ ਪ੍ਰਧਾਨ ਰਾਜਿੰਦਰ ਠੁਕਰਾਲ, ਰਮੇਸ਼ ਗੋਇਲ ਤੇ ਪ੍ਰਧਾਨ ਅਨੰਤ ਅਗਰਵਾਲ ਤੇ ਸਕੱਤਰ ਨਿਰੰਜਣ ਗੋਇਲ ਆਦਿ ਮੌਜੂਦ ਸਨ।