For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਸਿੱਖ ਪੰਥਕ ਦਲ ਦੇ ਉਮੀਦਵਾਰ ਵੱਲੋਂ ਘਰ-ਘਰ ਪ੍ਰਚਾਰ

07:08 AM Jan 16, 2025 IST
ਹਰਿਆਣਾ ਸਿੱਖ ਪੰਥਕ ਦਲ ਦੇ ਉਮੀਦਵਾਰ ਵੱਲੋਂ ਘਰ ਘਰ ਪ੍ਰਚਾਰ
ਪਿੰਡ ਸ਼ਰੀਫ਼ਗੜ੍ਹ ਵਿੱਚ ਵੋਟਰਾਂ ਨਾਲ ਉਮੀਦਵਾਰ ਮਨਜੀਤ ਸਿੰਘ।
Advertisement

ਪੱਤਰ ਪ੍ਰੇਰਕ
ਕੁਰੂਕਸ਼ੇਤਰ/ਸ਼ਾਹਬਾਦ, 15 ਜਨਵਰੀ
ਹਰਿਆਣਾ ਸਿੱਖ ਪੰਥਕ ਦਲ ਦੇ ਉਮੀਦਵਾਰ ਮਨਜੀਤ ਸਿੰਘ ਨੇ ਪਿੰਡ ਢਕਾਲਾ, ਬੀਬੀਪੁਰ, ਰਤਨਗੜ੍ਹ ਅਤੇ ਸ਼ਰੀਫਗੜ੍ਹ ਵਿੱਚ ਚੋਣ ਰੈਲੀਆਂ ਸਮੇਤ ਘਰ-ਘਰ ਜਾ ਕੇ ਚੋਣ ਪ੍ਰਚਾਰ ਵੀ ਕੀਤਾ। ਇਸ ਦੌਰਾਨ ਮਨਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿੱਚ ਕੰਮ ਕਰਦੇ ਹਰੇਕ ਮੁਲਾਜ਼ਮ ਅਤੇ ਉਨ੍ਹਾਂ ਦੇ ਵਾਰਸਾਂ ਦਾ 2 ਲੱਖ ਰੁਪਏ ਦਾ ਮੈਡੀਕਲ ਬੀਮਾ ਕੀਤਾ ਜਾਂਦਾ ਹੈ। ਜਦੋਂ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ ਸ਼੍ਰੋਮਣੀ ਕਮੇਟੀ ਦੇ ਹੱਥ ਸੀ, ਉਦੋਂ ਵੀ ਹਰਿਆਣੇ ਦੇ ਹਰ ਮੁਲਾਜ਼ਮ ਦਾ 2 ਲੱਖ ਰੁਪਏ ਦਾ ਮੈਡੀਕਲ ਬੀਮਾ ਕਰਵਾਇਆ ਸੀ ਪਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸੇਵਾ ਸੰਭਾਲਣ ਤੋਂ ਬਾਅਦ ਮੁਲਾਜ਼ਮਾਂ ਨੂੰ ਇਹ ਸਹੂਲਤ ਦੇਣੀ ਬੰਦ ਕਰ ਦਿੱਤੀ। ਮਨਜੀਤ ਸਿੰਘ ਨੇ ਕਿਹਾ ਕਿ ਅੱਜ ਹਰ ਮੁਲਾਜ਼ਮ ਅਤੇ ਉਸ ਦੇ ਵਾਰਸਾਂ ਨੂੰ ਮੈਡੀਕਲ ਬੀਮੇ ਦੀ ਲੋੜ ਹੈ। ਇਸ ਲਈ ਉਹ ਜਿੱਤ ਦਰਜ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਦੀ ਤਰਜ਼ ’ਤੇ ਹਰੇਕ ਮੁਲਾਜ਼ਮ ਦਾ ਮੈਡੀਕਲ ਬੀਮਾ ਕਰਵਾਉਣਗੇ। ਹਰਿਆਣਾ ਸਿੱਖ ਪੰਥਕ ਦਲ ਦੇ ਬੁਲਾਰੇ ਜਗਦੇਵ ਸਿੰਘ ਗਾਬਾ ਨੇ ਕਿਹਾ ਕਿ ਅੱਜ ਹਰ ਮੁਲਾਜ਼ਮ ਐੱਚਐੱਸਜੀਐੱਮਸੀ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੈ। ਇਤਿਹਾਸਕ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਵਿੱਚ ਇੱਕ ਸੇਵਾਦਾਰ ’ਤੇ ਦੋ ਸੇਵਾਦਾਰਾਂ ਦਾ ਕੰਮ ਥੋਪਿਆ ਗਿਆ ਹੈ, ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਕਾਰਜਕਾਲ ਦੌਰਾਨ ਅਜਿਹਾ ਨਹੀਂ ਸੀ। ਉਨ੍ਹਾਂ ਮੁਲਾਜ਼ਮਾਂ ਨੂੰ ਉਮੀਦਵਾਰ ਮਨਜੀਤ ਸਿੰਘ ਦਾ ਸਮਰਥਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸੁਖਵੰਤ ਸਿੰਘ ਕਲਸਾਣੀ, ਕੁਲਦੀਪ ਸਿੰਘ, ਦਲਵਿੰਦਰ ਸਿੰਘ, ਬਲਿਹਾਰ ਸਿੰਘ ਮਾਮੂ ਮਾਜਰਾ, ਹਰਭਜਨ ਸਿੰਘ ਸੇਠੀ ਤੇ ਜਸਪਾਲ ਸਿੰਘ ਮੈਨੇਜਰ ਆਦਿ ਹਾਜ਼ਰ ਸਨ।

Advertisement

ਬਾਦਲ ਧੜੇ ਦੇ ਸਾਥੀਆਂ ਨੂੰ ਵੋਟ ਨਾ ਪਾਵੇ ਸੰਗਤ: ਬੇਅੰਤ ਸਿੰਘ

ਕੁਰੂਕਸ਼ੇਤਰ (ਪੱਤਰ ਪ੍ਰੇਰਕ):

Advertisement

ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਬੁਲਾਰੇ ਅਤੇ ਵਾਰਡ-13 ਤੋਂ ਉਮੀਦਵਾਰ ਬੇਅੰਤ ਸਿੰਘ ਨਲਵੀ ਨੇ ਪਿੰਡ ਮਛਰੌਲੀ ਵਿੱਚ ਚੋਣ ਮੀਟਿੰਗ ਕੀਤੀ ਅਤੇ ਸੰਗਤ ਨੂੰ ਐੱਚਐੱਸਜੀਐੱਮਸੀ ਦੀਆਂ ਸੇਵਾਵਾਂ ਸੰਭਾਲਣ ਤੋਂ ਬਾਅਦ ਕੀਤੇ ਕੰਮਾਂ ਤੋਂ ਜਾਣੂ ਕਰਾਇਆ। ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਉਹ ਜਾਣਦੇ ਹਨ ਕਿ ਸੰਗਤਾਂ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ , ਉਨ੍ਹਾਂ ਦੇ ਸਾਥੀਆਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਅਕਸ ਹੁਣ ਸਾਫ਼ ਨਹੀਂ ਰਿਹਾ, ਜਿਸ ਤੋਂ ਬਾਅਦ ਹਰਿਆਣੇ ਦੇ ਸਿੱਖ ਵੋਟਰ ਨੂੰ ਮੁੜ ਗੁਮਰਾਹ ਕਰਕੇ ਵੋਟ ਹਾਸਲ ਕਰਨ ਲਈ ਬਾਦਲ ਪਰਿਵਾਰ ਨੇ ਬਲਦੇਵ ਸਿੰਘ ਕੈਮਪੁਰ ਦੀ ਪ੍ਰਧਾਨਗੀ ਹੇਠ ਹਰਿਆਣਾ ਸਿੱਖ ਪੰਥਕ ਦਲ ਦਾ ਗਠਨ ਕੀਤਾ ਹੈ। ਇਸ ਪਾਰਟੀ ਨੇ ਮੁੜ ਉਨ੍ਹਾਂ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜੋ ਪਿਛਲੇ ਸਮੇਂ ਵਿੱਚ ਬਾਦਲ ਪਰਿਵਾਰ ਦੇ ਸਾਥੀ ਰਹੇ ਹਨ ਅਤੇ ਹਰਿਆਣੇ ਦੇ ਗੁਰਦੁਆਰਿਆਂ ਤੋਂ ਪੈਸਾ ਪੰਜਾਬ ਵਿੱਚ ਭੇਜਦੇ ਰਹੇ ਹਨ।

Advertisement
Author Image

joginder kumar

View all posts

Advertisement