ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੀ ਮੀਟਿੰਗ
ਪੱਤਰ ਪ੍ਰੇਰਕ
ਜਲੰਧਰ, 19 ਨਵੰਬਰ
ਗ਼ਦਰੀ ਬਾਬਿਆਂ ਦੇ 32ਵੇਂ ਮੇਲੇ ਉਪਰ ਉਸਾਰੂ, ਆਲੋਚਨਾਤਮਕ ਦ੍ਰਿਸ਼ਟੀ ਤੋਂ ਪਿਛਲ ਝਾਤ ਮਾਰਨ ਅਤੇ ਅਗਲੇ ਮੇਲੇ ਨੂੰ ਹਰ ਪੱਖੋਂ ਹੋਰ ਵੀ ਬੁਲੰਦੀਆਂ ’ਤੇ ਪਹੁੰਚਾਉਣ ਲਈ ਰਾਵਾਂ, ਸੁਝਾਅ ਜਾਨਣ ਲਈ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਨਾਲ ਜੁੜੇ ਪਰਿਵਾਰ ਅਤੇ ਮੇਲੇ ਦੀਆਂ ਪ੍ਰਬੰਧਕੀ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਕਾਮਿਆਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦਾ ਆਗਾਜ਼ ਸ਼ਹੀਦ ਕਰਤਾਰ ਸਿੰਘ ਸਰਾਭਾ, ਉਸ ਨਾਲ ਫਾਂਸੀ ਦਾ ਰੱਸਾ ਚੁੰਮਣ ਵਾਲੇ ਛੇ ਸਾਥੀਆਂ ਅਤੇ ਨਵੰਬਰ ਮਹੀਨੇ ਦੇ ਸਮੂਹ ਸੰਗਰਾਮੀਆਂ ਨੂੰ ਸਿਜਦਾ ਕਰਨ ਨਾਲ ਹੋਇਆ। ਇਨ੍ਹਾਂ ਨਾਇਕਾਂ ਸਬੰਧੀ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਨੇ ਜੀਵਨ ਰੇਖ ਚਿੱਤਰ ਸਾਂਝਾ ਕੀਤਾ। ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੇਲੇ ਲਈ ਸੰਸਥਾਵਾਂ ਅਤੇ ਲੋਕਾਂ ਦੁਆਰਾ ਮਿਲੇ ਭਰਵੇਂ ਸਹਿਯੋਗ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਮੀਟਿੰਗ ’ਚ ਹਾਜ਼ਰ ਸੱਭਿਆਚਾਰਕ ਕਾਮਿਆਂ ’ਚੋਂ ਇੰਦਰਜੀਤ ਸਿੰਘ ਆਰਟਿਸਟ, ਵਰੁਣ ਟੰਡਨ, ਨਰਿੰਦਰਪਾਲ, ਸੁਖਦੀਪ, ਪਰਮਜੀਤ ਕਡਿਆਣਾ, ਰਾਜਿੰਦਰ ਬੈਂਸ ਯੂਕੇ, ਜੋਗਿੰਦਰ ਕੌਰ ਯੂਕੇ, ਲਵਪ੍ਰੀਤ ਸਿੰਘ ਮਾੜੀਮੇਘਾ, ਗੁਰਬਿੰਦਰ ਮਲੋਟ ਨੇ ਮੇਲੇ ਦੇ ਪ੍ਰਭਾਵਸ਼ਾਲੀ ਸੁਨੇਹੇ, ਨੌਜਵਾਨ ਪੀੜ੍ਹੀ ਦੀ ਜੋਸ਼-ਖਰੋਸ਼ ਭਰੀ ਹਾਜ਼ਰੀ ਅਤੇ ਜ਼ਿੰਮੇਵਾਰੀਆਂ ਅਦਾ ਕਰਨ, ਕਲਾ ਵੰਨਗੀਆਂ ਦੀਆਂ ਪੇਸ਼ਕਾਰੀਆਂ, ਸਾਹਿਤ, ਰੰਗ ਮੰਚ, ਪੁਸਤਕ ਸੱਭਿਆਚਾਰ, ਲੰਗਰ ਅਤੇ ਵਿਚਾਰ-ਚਰਚਾਵਾਂ ਆਦਿ ਬਾਰੇ ਬੋਲਦਿਆਂ ਅਗਲੇ ਵਰ੍ਹੇ 33ਵੇਂ ਮੇਲੇ ’ਚ ਹੋਰ ਨਿਖ਼ਾਰ ਲਿਆਉਣ ਲਈ ਅਮੁੱਲੇ ਸੁਝਾਅ ਦਿੱਤੇ। ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਪੇਸ਼ ਸੁਝਾਵਾਂ ਬਾਰੇ ਕਮੇਟੀ ਤਰਫ਼ੋਂ ਭਰੋਸਾ ਦਿਵਾਇਆ ਕਿ ਇਨ੍ਹਾਂ ਉਪਰ ਗੌਰ ਕੀਤਾ ਜਾਵੇਗਾ। ਥੀਏਟਰ ਵਿੱਚ ਸੁਖਦੀਪ ਵੱਲੋਂ ਨਿਭਾਈਆਂ ਸੇਵਾਵਾਂ ਲਈ ਸਨਮਾਨ ਕੀਤਾ ਗਿਆ। ਇੰਗਲੈਂਡ ਤੋਂ ਆਏ ਰਾਜਿੰਦਰ ਬੈਂਸ ਅਤੇ ਜੋਗਿੰਦਰ ਕੌਰ ਦਾ ਵੀ ਸਨਮਾਨ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਧੰਨਵਾਦ ਦੇ ਸ਼ਬਦ ਸਾਂਝੇ ਕੀਤੇ।