ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦਾ ਵਿਰੋਧ
ਪੱਤਰ ਪ੍ਰੇਰਕ
ਸ਼ਾਹਕੋਟ, 15 ਜੂਨ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 15 ਜੂਨ ਨੂੰ ਡੀਸੀ ਦਫਤਰ ਸੰਗਰੂਰ ’ਚ 15 ਜੂਨ ਨੂੰ ਲਗਾਏ ਜਾਣ ਵਾਲੇ ਪੱਕੇ ਮੋਰਚੇ ਨੂੰ ਦੇਖਦਿਆਂ ਸੰਗਰੂਰ ਪ੍ਰਸ਼ਾਸਨ ਵੱਲੋਂ ਆਗੂਆਂ ਨੂੰ ਗੱਲਬਾਤ ਲਈ ਬੁਲਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਨੌਜਵਾਨ ਭਾਰਤ ਸਭਾ ਨੇ ਨਿਖੇਧੀ ਕਰਦਿਆਂ ਇਸ ਨੂੰ ਸਰਕਾਰ ਦੀ ਧੋਖੇਭਰੀ ਕਾਰਾਵਾਈ ਦੱਸਿਆ। ਸਭਾ ਦੇ ਜ਼ਿਲ੍ਹਾ ਆਗੂ ਸੋਨੂੰ ਲੋਹੀਆਂ ਜਤਿੰਦਰ, ਕਰਨ ਨਿਹਾਲੂਵਾਲ, ਅਕਾਸ਼ਦੀਪ, ਬਬਲੂ ਅਤੇ ਗੁਲਸ਼ਨ ਨੇ ਦੱਸਿਆ ਕਿ ਪਹਿਲਾਂ ਵੀ ਪੰਜਾਬ ਸਰਕਾਰ ਦੇ ਇਸ਼ਾਰਿਆਂ ’ਤੇ ਪੁਲੀਸ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਸਣੇ ਹਜ਼ਾਰਾਂ ਵਰਕਰਾਂ ਨੂੰ ਉਸ ਸਮੇਂ ਜ਼ੇਲ੍ਹਾਂ ਵਿੱਚ ਬੰਦ ਕਰ ਦਿਤਾ ਸੀ ਜਿਸ ਸਮੇਂ ਉਹ ਪਿੰਡ ਬੀੜ ਐੱਸ ਵਾਨ ਵਿੱਚ ਜੀਂਦ ਦੇ ਰਾਜੇ ਦੀ 927 ਏਕੜ ਜ਼ਮੀਨ ਉੱਪਰ ਬੇਗਮਪੁਰਾ ਦੀ ਉਸਾਰੀ ਕਰਨ ਜਾ ਰਹੇ ਸਨ। ਇਸ ਤੋਂ ਬਾਅਦ ਸਰਕਾਰ ਨੇ ਆਗੂਆਂ ਨਾਲ ਗੱਲਬਾਤ ਕਰ ਕੇ ਗ੍ਰਿਫ਼ਤਾਰ ਆਗੂਆਂ ਤੇ ਮਜ਼ਦੂਰਾਂ ਨੂੰ ਜਲਦੀ ਰਿਹਾਅ ਕਰਨ ਦਾ ਵਾਅਦਾ ਕੀਤਾ ਸੀ ਜੋ ਅਜੇ ਤੱਕ ਵੀ ਵਫ਼ਾ ਨਹੀ ਹੋ ਸਕਿਆ। ਸਰਕਾਰ ਵੱਲੋਂ ਕੀਤੇ ਵਾਅਦੇ ਨੂੰ ਲਾਗੂ ਕਰਵਾਉਣ ਲਈ 15 ਜੂਨ ਨੂੰ ਜਥੇਬੰਦੀਆਂ ਨੇ ਡੀਸੀ ਸੰਗਰੂਰ ਦਫ਼ਤਰ ’ਚ ਪੱਕਾ ਮੋਰਚਾ ਲਗਾਉਣਾ ਸੀ। ਮੋਰਚੇ ਨੂੰ ਫੇਲ੍ਹ ਕਰਨ ਲਈ ਪ੍ਰਸ਼ਾਸਨ ਨੇ ਆਗੂਆਂ ਨੂੰ ਗੱਲਬਾਤ ਕਰਨ ਬਹਾਨੇ ਬੁਲਾ ਕੇ ਬਿੱਕਰ ਸਿੰਘ ਹਥੋਆ ਸਣੇ ਕਈ ਹੋਰਨਾਂ ਨੂੰ ਗ੍ਰਿਫ਼ਤਾਰ ਕਰ ਲਿਆ।