ਜਗਤ ਪੰਜਾਬੀ ਸਭਾ ਤੇ ਪੰਜਾਬੀ ਵਿਕਾਸ ਮੰਚ ਦੀ ਮਿਲਣੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਦਸੰਬਰ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਜਗਤ ਪੰਜਾਬੀ ਸਭਾ (ਕੈਨੇਡਾ) ਅਤੇ ਪੰਜਾਬੀ ਵਿਕਾਸ ਮੰਚ ਯੂ. ਕੇ. ਦੀ ਸਾਂਝੀ ਮਿਲਣੀ ਪੰਜਾਬੀ ਭਵਨ, ਲੁਧਿਆਣਾ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਸੰਸਥਾਪਕ ਅਜੈਬ ਸਿੰਘ ਚੱਠਾ, ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਕੀਤੀ। ਇਸ ਮੌਕੇ ਜਗਤ ਪੰਜਾਬੀ ਸਭਾ (ਕੈਨੇਡਾ) ਦੇ ਸੰਸਥਾਪਕ ਸ਼੍ਰੀ ਚੱਠਾ ਨੇਮਹਾਰਾਜਾ ਰਣਜੀਤ ਸਿੰਘ ਵੇਲੇ ਦੇ ਕਾਇਦੇ ਨੂੰ ਯਾਦ ਕਰਦਾ ਸਭਾ ਵਲੋਂ ਪ੍ਰਕਾਸ਼ਿਤ ‘ਕਾਇਦਾ ਏ ਨੂਰ’ ਅਤੇ ਪੁਸਤਕ ‘ਨੈਤਿਕਤਾ’ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੂੰ ਭੇਟ ਕੀਤੀਆਂ।
ਚੱਠਾ ਨੇ ਪੁਸਤਕ ‘ਕਾਇਦਾ- ਏ-ਨੂਰ’ ਬਾਰੇ ਬੋਲਦਿਆਂ ਆਖਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬੀ ਪੜ੍ਹਾਉਣ ਲਈ ‘ਕਾਇਦਾ-ਏ-ਨੂਰ’ ਤਿਆਰ ਕਰਵਾਇਆ ਸੀ ਅਤੇ ਅੱਜ ਵੀ ਪੰਜਾਬੀਆਂ ਨੂੰ ਸਿੱਖਿਅਤ ਕਰਨ ਲਈ ਇਸ ਵਰਗਾ ਕਾਇਦਾ ਹੋਣਾ ਚਾਹੀਦਾ। ਇਹ 21ਵੀਂ ਸਦੀ ਨੂੰ ਬੁਨਿਆਦੀ ਸਿੱਖਿਆ ਦੇਣ ਲਈ ਛਾਪਿਆ ਹੈ, ਜਿਸ ਦੀ ਸਹਾਇਤਾ ਨਾਲ ਚਾਰ ਭਾਸ਼ਾਵਾਂ ਗੁਰਮੁਖੀ, ਸ਼ਾਹਮੁਖੀ, ਹਿੰਦੀ ਤੇ ਅੰਗਰੇਜ਼ੀ ਸਿੱਖੀਆਂ ਜਾ ਸਕਦੀਆਂ ਹਨ। ਪੰਜਾਬੀ ਵਿਕਾਸ ਮੰਚ ਯੂ.ਕੇ. ਤੋਂ ਸੁਖਬੀਰ ਸਿੰਘ ਮਾਹਲ ਨੇ ਯੂਨੀਕੋਡ ਪੰਜਾਬੀ ਫ਼ੌਂਟ ਬਾਰੇ ਵਿਚਾਰ ਚਰਚਾ ਕੀਤੀ। ਡਾ. ਪੰਧੇਰ ਅਤੇ ਲੋਚੀ ਨੇ ਪੰਜਾਬੀ ਜਗਤ ਸਭਾ ਦੇ ਕਾਰਜਾਂ ਦੀ ਸ਼ਲਾਘਾ ਤੇੇ ਆਏ ਨੁਮਾਇੰਦਿਆਂ ਦਾ ਧੰਨਵਾਦ ਵੀ ਕੀਤਾ।