ਸਰਪੰਚ ਦੀ ਦੁਕਾਨ ਅੱਗੇ ਕੂੜਾ ਸੁੱਟਣ ਖ਼ਿਲਾਫ਼ ਧਰਨਾ
ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 11 ਦਸੰਬਰ
ਪੰਚਾਇਤ ਦਲੀਜ਼ ਕਲਾਂ ਤੇ ਨਗਰ ਕੌਂਸਲ ਅਹਿਮਦਗੜ੍ਹ ਦਰਮਿਆਨ ਕੂੜਾ ਸੁੱਟਣ ਨੂੰ ਲੈ ਕੇ ਚੱਲ ਰਿਹਾ ਟਕਰਾਅ ਉਸ ਵੇਲੇ ਹੋਰ ਭਖ ਗਿਆ ਜਦੋਂ ਸਰਪੰਚ ਸ਼ਗੀਰ ਮੁਹੰਮਦ ਦੀ ਦੁਕਾਨ ਅੱਗੇ ਕੂੜਾ ਸੁੱਟਣ ਤੋਂ ਸਰਪੰਚ ਦੀ ਅਗਵਾਈ ਹੇਠ ਪਿੰਡ ਵਾਸੀਆਂ ਤੇ ਕਾਂਗਰਸ ਦੇ ਕਾਰਕੁਨਾਂ ਨੇ ਵੱਖ ਵੱਖ ਥਾਈਂ ਧਰਨੇ ਦੇ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਤੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਮੌਜੂਦਾ ਤਣਾਅ ਉਦੋਂ ਪੈਦਾ ਹੋਇਆ ਜਦੋਂ ਪਿੰਡ ਦਲੀਜ਼ ਦੇ ਬਾਹਰਵਾਰ ਸਥਿਤ ਨਗਰ ਕੌਂਸਲ ਵੱਲੋਂ ਕੂੜਾ ਸੁੱਟਣ ਲਈ ਕਿਰਾਏ ’ਤੇ ਲਏ ਇੱਕ ਪਲਾਟ ’ਚ ਕੂੜਾ ਸੁੱਟਣ ਗਏ ਸਫਾਈ ਮਜ਼ਦੂਰਾਂ ਨੂੰ ਸੋਮਵਾਰ ਨੂੰ ਕੁੱਝ ਪਿੰਡ ਵਾਸੀਆਂ ਨੇ ਰੋਕਿਆ ਤੇ ਮੁੜ ਨਾ ਆਉਣ ਦੀਆਂ ਧਮਕੀਆਂ ਦਿੱਤੀਆਂ। ਸਫਾਈ ਮਜ਼ਦੂਰਾਂ ਨੇ ਥਾਣਾ ਸਦਰ ਵਿੱਚ ਉਨ੍ਹਾਂ ਦੇ ਕੰਮ ਵਿੱਚ ਦਖਲ ਦੇਣ ਸਬੰਧੀ ਸ਼ਿਕਾਇਤ ਲਿਖਵਾਈ ਸੀ ਪਰ ਪੁਲੀਸ ਵੱਲੋਂ ਕਾਰਵਾਈ ਤੋਂ ਪਹਿਲਾਂ ਹੀ ਅੱਜ ਤੜਕਸਾਰ ਕਿਸੇ ਨੇ ਸਰਪੰਚ ਦੀ ਦੁਕਾਨ ਅੱਗੇ ਕੂੜਾ ਸੁੱਟ ਦਿੱਤਾ।
ਧਰਨੇ ਮੌਕੇ ਸਰਪੰਚ ਸ਼ਗੀਰ ਮੁਹੰਮਦ ਨੇ ਦੋਸ਼ ਲਾਇਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਪਿੰਡ ਦੇ ਰਿਹਾਇਸ਼ੀ ਖੇਤਰ ਦੇ ਨੇੜੇ ਸਥਿਤ ਇੱਕ ਪਲਾਟ ਵਿੱਚ ਕੂੜਾ ਡੰਪ ਕਰਨ ਦਾ ਸਿਲਸਿਲਾ ਜਾਰੀ ਰੱਖਣ ਲਈ ਦਬਾਅ ਬਣਾਉਣ ਦੇ ਇਰਾਦੇ ਨਾਲ ਉਸ ਦੀ ਦੁਕਾਨ ਅੱਗੇ ਕੂੜਾ ਸੁੱਟ ਦਿੱਤਾ ਹੈ।
ਭਾਵੇਂ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੇ ਦਖਲ ਮਗਰੋਂ ਧਰਨਾ ਚੁੱਕ ਲਿਆ ਗਿਆ ਪਰ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਚਮਨ ਲਾਲ ਦੁੱਲਾ ਦੀ ਅਗਵਾਈ ’ਚ ਸਫ਼ਾਈ ਸੇਵਕਾਂ ਨੇ ਆਪਣਾ ਰੋਸ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ। ਚਮਨ ਲਾਲ ਦੁੱਲਾ ਨੇ ਦੋਸ਼ ਲਾਇਆ ਕਿ ਪਿੰਡ ਦਲੀਜ਼ ਕਲਾਂ ਦੇ ਕੁੱਝ ਵਸਨੀਕਾਂ ਨੇ ਸੋਮਵਾਰ ਨੂੰ ਪਿੰਡ ਦੇ ਬਾਹਰਵਾਰ ਸਥਿਤ ਕੂੜਾ ਡੰਪ ‘ਤੇ ਜਾ ਰਹੀਆਂ ਟਰਾਲੀਆਂ ‘ਤੇ ਤਾਇਨਾਤ ਸਫਾਈ ਸੇਵਕਾਂ ਨੂੰ ਕਥਿਤ ਤੌਰ ‘ਤੇ ਟਰਾਲੀਆਂ ਲਿਜਾਣ ਤੋਂ ਰੋਕਿਆ ਸੀ ਤੇ ਧਮਕਾਇਆ ਸੀ।
ਪਲਾਟ ਵਿੱਚ ਸਾਲ ਤੋਂ ਸੁੱਟਿਆ ਜਾ ਰਿਹੈ ਕੂੁੜਾ: ਪ੍ਰਧਾਨ
ਪ੍ਰਧਾਨ ਨਗਰ ਕੌਂਸਲ ਵਿਕਾਸ ਕ੍ਰਿਸ਼ਨ ਸ਼ਰਮਾ ਨੇ ਦੋਸ਼ ਲਾਇਆ ਕਿ ਭਾਵੇਂ ਨਗਰ ਨਿਗਮ ਵੱਲੋਂ ਉਕਤ ਪਲਾਟ ਵਿੱਚ ਇੱਕ ਸਾਲ ਤੋਂ ਵੱਧ ਸਮੇਂ ਤੋਂ ਕੂੜਾ ਸੁੱਟਿਆ ਜਾ ਰਿਹਾ ਸੀ। ਉਨ੍ਹਾਂ ਮੁਤਾਬਕ ਹਾਲਾਂਕਿ ਪਿੰਡ ਦੇ ਆਗੂਆਂ ਨੇ ਪੰਚਾਇਤੀ ਚੋਣਾਂ ਤੋਂ ਬਾਅਦ ਮੁਲਾਜ਼ਮਾਂ ਨੂੰ ਸਵੱਛ ਭਾਰਤ ਮਿਸ਼ਨ ਤਹਿਤ ਸਰਕਾਰੀ ਡਿਊਟੀ ਨਿਭਾਉਣ ਤੋਂ ਰੋਕਣਾ ਸ਼ੁਰੂ ਕਰ ਦਿੱਤਾ, ਕਿਉਂਕਿ ਪਲਾਟ ਦਾ ਮਾਲਕ ਸਰਪੰਚ ਦੀ ਚੋਣ ਲੜ ਚੁੱਕਾ ਸੀ।