ਚੰਡੀਗੜ੍ਹ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੀ ਇਕੱਤਰਤਾ
ਪੱਤਰ ਪ੍ਰੇਰਕ
ਚੰਡੀਗੜ੍ਹ, 10 ਜੂਨ
ਚੰਡੀਗੜ੍ਹ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਪਾਰਟੀ ਪ੍ਰਧਾਨ ਸੁਰਿੰਦਰ ਸਿੰਘ ਅਤੇ ਪ੍ਰਧਾਨ ਜਸਵੰਤ ਸਿੰਘ ਜੱਸਾ ਦੀ ਅਗਵਾਈ ਹੇਠ ਸੈਕਟਰ-17 ਦੇ ਬੱਸ ਸਟੈਂਡ ’ਤੇ ਹੋਈ।
ਮੀਟਿੰਗ ਵਿੱਚ 28 ਜੂਨ ਨੂੰ ਡਾਇਰੈਕਟਰ ਟਰਾਂਸਪੋਰਟ ਦਫ਼ਤਰ ਅੱਗੇ ਗੇਟ ਰੈਲੀ ਕਰਨ ਦਾ ਫ਼ੈਸਲਾ ਕੀਤਾ ਗਿਆ ਜਿਸ ਵਿੱਚ ਇਕੱਠੇ ਹੋ ਕੇ ਮੁਲਾਜ਼ਮਾਂ ਵੱਲੋਂ ਮੈਨੇਜਮੈਂਟ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਯੂਨੀਅਨ ਪ੍ਰਧਾਨ ਜਸਵੰਤ ਸਿੰਘ ਜੱਸਾ, ਜਨਰਲ ਸਕੱਤਰ ਸਤਿੰਦਰ ਸਿੰਘ, ਮੀਤ ਪ੍ਰਧਾਨ ਗੁਰਨਾਮ ਸਿੰਘ ਅਤੇ ਕੈਸ਼ੀਅਰ ਮਨਦੀਪ ਨੇ ਦੱਸਿਆ ਕਿ ਸੀਟੀਯੂ ਮੈਨੇਜਮੈਂਟ ਵੱਲੋਂ ਮੰਗਾਂ ਦਾ ਹੱਲ ਨਾ ਕੀਤੇ ਜਾਣ ਕਾਰਨ ਮੁਲਾਜ਼ਮਾਂ ਵਿੱਚ ਰੋਸ ਹੈ। ਇਨ੍ਹਾਂ ਮੰਗਾਂ ਨੂੰ ਗੱਲਬਾਤ ਰਾਹੀਂ ਹੱਲ ਕਰਵਾਉਣ ਦੀ ਯੂਨੀਅਨ ਨੇ ਕੋਸ਼ਿਸ਼ ਕੀਤੀ ਪਰ ਮੈਨੇਜਮੈਂਟ ਨੇ ਕੋਈ ਹੱਲ ਨਹੀਂ ਕੱਢਿਆ। ਇਸ ਕਾਰਨ ਯੂਨੀਅਨ ਨੇ ਸੰਘਰਸ਼ ਫ਼ੈਸਲਾ ਕੀਤਾ ਹੈ।
ਯੂਨੀਅਨ ਦੀਆਂ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹਫ਼ਤੇ ਵਿੱਚ 48 ਘੰਟੇ ਡਿਊਟੀ ਦੀ ਓਟ ਹੇਠ ਓਵਰਟਾਈਮ ਦੀ ਕਟੌਤੀ ਬੰਦ ਕੀਤੀ ਜਾਵੇ, ਓਵਰਟਾਈਮ ਦੇ ਬਦਲੇ ਦਿੱਤੀਆਂ ਜਾ ਰਹੀਆਂ ਛੋਟਾਂ ਨੂੰ ਰੋਕ ਕੇ ਓਵਰਟਾਈਮ ਦੀ ਅਦਾਇਗੀ ਕੀਤੀ ਜਾਵੇ, ਡਰਾਈਵਰਾਂ ਅਤੇ ਕੰਡਕਟਰਾਂ ਦੀ ਡਿਊਟੀ ਵਰਕਸ਼ਾਪ ਤੋਂ ਸ਼ੁਰੂ ਕੀਤੀ ਜਾਵੇ, ਚੰਡੀਗੜ੍ਹ ਵਿੱਚ ਵਧ ਰਹੀ ਆਵਾਜਾਈ ਦੇ ਮੱਦੇਨਜ਼ਰ ਲੋਕਲ ਬੱਸਾਂ ਦੇ ਚੱਲਣ ਦਾ ਸਮਾਂ ਵਧਾਇਆ ਜਾਵੇ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਡੀਪੀਸੀ ਰਾਹੀਂ ਤਰੱਕੀ ਦਿੱਤੀ ਜਾਵੇ, ਸਾਰੇ ਆਊਟਸੋਰਸ ਮੁਲਾਜ਼ਮਾਂ ਵਾਸਤੇ ਬਰਾਬਰ ਕੰਮ-ਬਰਾਬਰ ਤਨਖ਼ਾਹ ਦੀ ਨੀਤੀ ਲਾਗੂ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਸੀਟੀਯੂ ਮੈਨੇਜਮੈਂਟ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਬਜਾਇ ਮੁਲਾਜ਼ਮਾਂ ਨੂੰ ਸੰਘਰਸ਼ ਦੀ ਰਾਹ ਉੱਤੇ ਤੋਰਨਾ ਚਾਹੁੰਦੀ ਹੈ ਅਤੇ ਹੁਣ ਯੂਨੀਅਨ ਵੀ ਮੁਲਾਜ਼ਮ ਮੰਗਾਂ ਹੱਲ ਕਰਵਾਉਣ ਲਈ ਸੰਘਰਸ਼ ਦਾ ਰਸਤਾ ਅਪਣਾਏਗੀ। ਉਸੇ ਸੰਘਰਸ਼ ਦੀ ਸ਼ੁਰੂਆਤ ਵਿੱਚ 28 ਜੂਨ ਦੀ ਗੇਟ ਰੈਲੀ ਕੀਤੀ ਜਾ ਰਹੀ ਹੈ।
ਮੀਟਿੰਗ ਵਿੱਚ ਗੁਰਪ੍ਰੀਤ ਸਿੰਘ ਪੰਚਾਂ, ਕੰਡਕਟਰ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ, ਆਜ਼ਾਦ ਸਿੰਘ, ਹਰਦੇਵ ਸਿੰਘ, ਸ਼ੇਰ ਸਿੰਘ, ਨਰਿੰਦਰ ਸਿੰਘ, ਬਲਵਿੰਦਰ ਸਿੰਘ, ਜਸਬਿੰਦਰ ਸਿੰਘ, ਬਲਵੀਰ ਸਿੰਘ ਆਦਿ ਨੇ ਵੀ ਸ਼ਮੂਲੀਅਤ ਕੀਤੀ।