ਮੋਦੀ ਅਤੇ ਟਰੂਡੋ ਵਿਚਕਾਰ ਮੀਟਿੰਗ
ਵੀਏਂਤਿਆਨੇ/ਓਟਵਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਪਣੇ ਕੈਨੇਡਿਆਈ ਹਮਰੁਤਬਾ ਜਸਟਿਨ ਟਰੂਡੋ ਵਿਚਕਾਰ ਲਾਓਸ ’ਚ ਆਸੀਆਨ ਸਿਖ਼ਰ ਸੰਮੇਲਨ ਦੌਰਾਨ ਮੀਟਿੰਗ ਹੋਈ। ਭਾਰਤ ਅਤੇ ਕੈਨੇਡਾ ਵਿਚਕਾਰ ਸਬੰਧਾਂ ’ਚ ਉਸ ਸਮੇਂ ਤਣਾਅ ਪੈਦਾ ਹੋ ਗਿਆ ਸੀ, ਜਦੋਂ ਕਰੀਬ ਇਕ ਸਾਲ ਪਹਿਲਾਂ ਟਰੂਡੋ ਨੇ ਕੈਨੇਡਾ ’ਚ ਖਾਲਿਸਤਾਨੀ ਵੱਖਵਾਦੀ ਹਰਦੀਪ ਨਿੱਝਰ ਦੀ ਹੱਤਿਆ ’ਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਲਾਏ ਸਨ। ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਸੀਬੀਸੀ ਨਿਊਜ਼) ਨੇ ਕਿਹਾ ਕਿ ਟਰੂਡੋ ਨੇ ਮੋਦੀ ਨਾਲ ਸੰਖੇਪ ਮੀਟਿੰਗ ਹੋਣ ਦਾ ਜ਼ਿਕਰ ਕੀਤਾ। ਸੀਬੀਸੀ ਨਿਊਜ਼ ਨੇ ਟਰੂਡੋ ਦੇ ਹਵਾਲੇ ਨਾਲ ਕਿਹਾ, ‘ਮੈਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਨੂੰ ਹੋਰ ਕੰਮ ਕਰਨ ਦੀ ਲੋੜ ਹੈ।’ ਉਨ੍ਹਾਂ ਵੀਏਂਤਿਆਨੇ ’ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਅਸੀਂ ਜੋ ਗੱਲਬਾਤ ਕੀਤੀ ਹੈ, ਮੈਂ ਉਸ ਬਾਰੇ ਵਿਸਥਾਰ ਨਾਲ ਨਹੀਂ ਦੱਸਾਂਗਾ ਪਰ ਮੈਂ ਕਈ ਵਾਰ ਆਖਿਆ ਹੈ ਕਿ ਕੈਨੇਡਾ ਦੇ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ ਦੇ ਸ਼ਾਸਨ ਨੂੰ ਬਣਾਈ ਰੱਖਣਾ ਕਿਸੇ ਵੀ ਕੈਨੇਡਿਆਈ ਸਰਕਾਰ ਦੀਆਂ ਮੁੱਢਲੀਆਂ ਜ਼ਿੰਮੇਵਾਰੀਆਂ ’ਚੋਂ ਇਕ ਹੈ ਅਤੇ ਮੈਂ ਇਸ ਵੱਲ ਧਿਆਨ ਕੇਂਦਰਤ ਕਰਾਂਗਾ।’ ਜ਼ਿਕਰਯੋਗ ਹੈ ਕਿ ਭਾਰਤ ਨੇ ਟਰੂਡੋ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਦਾਅਵਾ ਕੀਤਾ ਹੈ ਕਿ ਇਹ ਸਿਆਸਤ ਤੋਂ ਪ੍ਰੇਰਿਤ ਹਨ। ਟਰੂਡੋ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਪੂਰੇ ਮੁਲਕ ’ਚ ਭਾਰਤੀ-ਕੈਨੇਡਿਆਈ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਹਿੰਸਾ ਦਾ ਪ੍ਰੇਸ਼ਾਨ ਕਰਨ ਵਾਲਾ ਪੈਟਰਨ ਦੇਖਿਆ ਜਾ ਰਿਹਾ ਹੈ ਅਤੇ ਇਹ ਅਜਿਹਾ ਮੁੱਦਾ ਹੈ ਜਿਸ ਬਾਰੇ ਅਸੀਂ ਗੰਭੀਰਤਾ ਨਾਲ ਵਿਚਾਰ ਕਰਦੇ ਰਹਾਂਗੇ। ਟਰੂਡੋ ਨੇ ਕਿਹਾ ਕਿ ਉਹ ਆਪਣੇ ਦੋਸ਼ਾਂ ’ਤੇ ਕਾਇਮ ਹਨ ਅਤੇ ਕੌਮੀ ਸੁਰੱਖਿਆ ਏਜੰਸੀਆਂ ਇਸ ਦੀ ਜਾਂਚ ’ਚ ਜੁਟੀਆਂ ਹੋਈਆਂ ਹਨ। ਉਧਰ ਨਵੀਂ ਦਿੱਲੀ ’ਚ ਸੂਤਰਾਂ ਨੇ ਕਿਹਾ ਕਿ ਮੋਦੀ ਅਤੇ ਟਰੂਡੋ ਵਿਚਕਾਰ ਕੋਈ ਪੁਖ਼ਤਾ ਚਰਚਾ ਨਹੀਂ ਹੋਈ ਪਰ ਇਹ ਉਮੀਦ ਕੀਤੀ ਹੈ ਕਿ ਕੈਨੇਡਾ ਦੀ ਧਰਤੀ ’ਤੇ ਭਾਰਤ ਵਿਰੋਧੀ ਗਤੀਵਿਧੀਆਂ ਨਹੀਂ ਹੋਣ ਦਿੱਤੀਆਂ ਜਾਣਗੀਆਂ। ਉਨ੍ਹਾਂ ਮੰਗ ਕੀਤੀ ਕਿ ਕੈਨੇਡਾ ’ਚ ਭਾਰਤ ਵਿਰੁੱਧ ਹਿੰਸਾ, ਕੱਟੜਪੰਥ ਤੇ ਅਤਿਵਾਦ ਦੀ ਵਕਾਲਤ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। -ਪੀਟੀਆਈ