ਮੀਤ ਹੇਅਰ ਨੇ ਦਿਵਿਆਂਗਾਂ ਨੂੰ ਲੋੜੀਂਦਾ ਸਾਮਾਨ ਵੰਡਿਆ
ਪਰਸ਼ੋਤਮ ਬੱਲੀ
ਬਰਨਾਲਾ, 9 ਜਨਵਰੀ
ਇੱਥੇ ਸਟੇਟ ਬੈਂਕ ਆਫ ਇੰਡੀਆ ਅਤੇ ਅਲਿਮਕੋ ਦੇ ਸਹਿਯੋਗ ਨਾਲ ਦਿਵਿਆਂਗਜਨਾਂ ਨੂੰ ਸਹਾਇਕ ਉਪਕਰਨ/ਮਸਨੂਈ ਅੰਗ ਵੰਡਣ ਲਈ ਕੈਂਪ ਲਾਇਆ ਗਿਆ, ਜਿੱਥੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਰੀਬ 35 ਲੱਆਂਖ ਦਾ ਸਾਮਾਨ 174 ਦਿਵਿਗ ਵਿਅਕਤੀਆਂ ਨੂੰ ਵੰਡਿਆ। ਇਸ ਵਿੱਚ 26 ਮੋਟਰਾਈਜ਼ਡ ਟ੍ਰਾਈਸਾਈਕਲ (ਪ੍ਰਤੀ ਯੂਨਿਟ 58 ਹਜ਼ਾਰ ਦੀ ਕੀਮਤ ਵਾਲੇ), 5 ਜੁਆਏਸਟਿੱਕ ਵ੍ਹੀਲ ਚੇਅਰ (ਪ੍ਰਤੀ ਯੂਨਿਟ 72 ਹਜ਼ਾਰ ਦੀ ਕੀਮਤ ਵਾਲੇ), 80 ਸੁਣਨ ਵਾਲਿਆਂ ਮਸ਼ੀਨਾਂ ਸਮੇਤ 300 ਉਪਕਰਨ ਕੈਂਪ ਵਿੱਚ ਦਿੱਤੇ ਗਏ।
ਮੀਤ ਹੇਅਰ ਨੇ ਕਿਹਾ ਕਿ ਇਹ ਸਾਰੇ ਵਿਅਕਤੀ ਮੇਰਾ ਪਰਿਵਾਰ ਹਨ ਅਤੇ ਇਹ ਹਮੇਸ਼ਾ ਇਨ੍ਹਾਂ ਕਈ ਹਾਜ਼ਰ ਹਨ ਤੇ ਕਿਸੇ ਵੀ ਦਿਵਿਆਂਗ ਵਿਅਕਤੀ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡੀਜੀਐੱਮ (ਐਸਬੀਆਈ) ਅਭਿਸ਼ੇਕ ਕੁਮਾਰ ਸ਼ਰਮਾ ਨੇ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਵੱਲੋਂ ਸੀਐੱਸਆਰ ਫੰਡ ਵਿੱਚੋਂ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਲਕੇ ਚੰਨਣਵਾਲ ਵਿੱਚ ਮਹਿਲ ਕਲਾਂ ਬਲਾਕ ਦਾ ਕੈਂਪ ਲਾਇਆ ਜਾਵੇਗਾ। ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲਿਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਹਿਤ ਰਤਨ ਓਮ ਪ੍ਰਕਾਸ਼ ਗਾਸੋ ਵੀ ਮੌਜੂਦ ਸਨ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਤਪਾ ਨੇੜੇ ਢਿੱਲਵਾਂ ਵਿਖੇ ਕਰੋੜਾਂ ਦੀ ਲਾਗਤ ਨਾਲ ਬਿਰਧ ਆਸ਼ਰਮ ਬਣ ਕੇ ਤਿਆਰ ਹੈ, ਜਿਸ ਵਿਚ ਲੋੜਵੰਦ ਬਜ਼ੁਰਗਾਂ ਨੂੰ ਹਰ ਸਹੂਲਤ ਮੁਫ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਬਿਰਧ ਆਸ਼ਰਮ ਬਹੁਤ ਜਲਦ ਬਜ਼ੁਰਗਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।