ਮੀਤ ਹੇਅਰ ਨੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਸੌਂਪੀ
ਰਵਿੰਦਰ ਰਵੀ
ਬਰਨਾਲਾ, 5 ਸਤੰਬਰ
ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਬਰਨਾਲਾ ਬਲਾਕ ਦੇ ਦੋ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਸੌਂਪੀ। ਦਿੱਲੀ ਵਿੱਚ ਕਿਸਾਨ ਅੰਦੋਲਨ ਦੌਰਾਨ ਕਿਸਾਨ ਪਰਮਜੀਤ ਸਿੰਘ ਵਾਸੀ ਅਸਪਾਲ ਖੁਰਦ ਅਤੇ ਕਿਸਾਨ ਹਰਨੇਕ ਸਿੰਘ ਵਾਸੀ ਕੱਟੂ ਸ਼ਹੀਦ ਹੋ ਗਏ ਸਨ। ਪੰਜਾਬ ਸਰਕਾਰ ਵੱਲੋਂ ਜਾਰੀ ਰਾਸ਼ੀ ਦੇ ਚੈੱਕ ਪੀੜਤ ਪਰਿਵਾਰਾਂ ਨੂੰ ਸੌਂਪਦਿਆਂ ਲੋਕ ਸਭਾ ਮੈਂਬਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਦਿੱਲੀ ਧਰਨੇ ਵਿੱਚ ਕਿਸਾਨਾਂ ਨੇ ਪੂਰੀ ਕਿਸਾਨੀ ਬਚਾਉਣ ਖਾਤਰ ਜਾਨ ਗਵਾਈ ਸੀ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਜਲ ਸਪਲਾਈ ਪਾਈਪਾਂ ਅਤੇ ਸੀਵਰੇਜ ਦੇ ਪ੍ਰਾਜੈਕਟ ਲਈ 83 ਕਰੋੜ ਰੁਪਏ ਦਾ ਟੈਂਡਰ ਲਾਇਆ ਜਾ ਚੁੱਕਿਆ ਹੈ ਅਤੇ ਟੈਂਡਰ ਖੁੱਲ੍ਹਣ ’ਤੇ ਜਲਦ ਹੀ ਇਹ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਇੱਥੇ ਸ਼ਹਿਰ ਦੇ ਫਰਵਾਹੀ ਬਾਜ਼ਾਰ ਵਿੱਚ ਵਾਰਡ ਨੰਬਰ 15 ਦੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਤਕਰੀਬਨ 4.97 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਮਾਨ ਸਰਕਾਰ ਵੱਲੋਂ ਬਰਨਾਲੇ ਵਿੱਚ ਸੜਕਾਂ ਤੋਂ ਬਿਨਾਂ ਵੱਖ-ਵੱਖ ਵਿਕਾਸ ਕਾਰਜਾਂ ਲਈ ਕਰੀਬ 80 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਸੜਕਾਂ ਨੂੰ ਚੌੜਾ ਕਰਨ/ਮੁਰੰਮਤ ਲਈ 25 ਕਰੋੜ ਤੋਂ ਵੱਧ ਦੇ ਫੰਡ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 15 ਵਿੱਚ 70 ਸਾਲ ਪੁਰਾਣੀਆਂ ਲੋਹੇ ਦੀਆਂ ਪਾਈਪਾਂ ਹੋਣ ਕਰਕੇ ਪਾਣੀ ’ਚ ਜੰਗਾਲ ਜਾਂ ਸੀਵਰੇਜ ਦਾ ਪਾਣੀ ਰਲ ਕੇ ਆਉਂਦਾ ਸੀ, ਜਿਸ ਕਰਕੇ ਪੀਣ ਵਾਲੇ ਪਾਣੀ ਦੀ ਵੱਡੀ ਦਿੱਕਤ ਸੀ। ਉਨ੍ਹਾਂ ਕਿਹਾ ਹੁਣ ਕਰੀਬ 4.97 ਕਰੋੜ ਦੇ ਪ੍ਰਾਜੈਕਟ ਨਾਲ ਸੀਵਰੇਜ ਨਵਾਂ ਪਵੇਗਾ ਅਤੇ ਜਲ ਸਪਲਾਈ ਪਾਈਪਾਂ ਬਦਲੀਆਂ ਜਾਣਗੀਆਂ। ਮੀਤ ਹੇਅਰ ਨੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਸਮਾਗਮ ਵਿੱਚ ਵੀ ਸ਼ਿਰਕਤ ਕੀਤੀ।
ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਕੌਂਸਲਰ ਰੁਪਿੰਦਰ ਸ਼ੀਤਲ ਬੰਟੀ, ਧਰਮਪਾਲ, ਮਲਕੀਤ ਸਿੰਘ, ਜੀਵਨ ਕੁਮਾਰ, ਜਗਰਾਜ ਸਿੰਘ, ਹਰਿੰਦਰ ਧਾਲੀਵਾਲ, ਇਸ਼ਿਵੰਦਰ ਜੰਡੂ, ਪਰਮਿੰਦਰ ਭੰਗੂ, ਰੋਹਿਤ ਓਸ਼ੋ, ਵੱਖ-ਵੱਖ ਬਲਾਕ ਪ੍ਰਧਾਨ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।