ਡੇਂਗੂ ਹੋਣ ਮਗਰੋਂ ਮੀਤ ਹੇਅਰ ਫੋਰਟਿਸ ਹਸਪਤਾਲ ਦਾਖ਼ਲ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 26 ਅਕਤੂਬਰ
ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਡੇਂਗੂ ਕਾਰਨ ਅੱਜ ਤੜਕੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪਹਿਲਾਂ ਮੀਤ ਹੇਅਰ ਦੀ ਪਤਨੀ ਡਾ. ਗੁਰਵੀਨ ਕੌਰ ਉਨ੍ਹਾਂ ਨਾਲ ਹਸਪਤਾਲ ਵਿੱਚ ਰਹੀ ਅਤੇ ਬਾਅਦ ਵਿੱਚ ਪਿਤਾ ਚਮਕੌਰ ਸਿੰਘ ਅਤੇ ਮਾਤਾ ਸਰਬਜੀਤ ਕੌਰ ਵੀ ਦੇਖਭਾਲ ਲਈ ਹਸਪਤਾਲ ਪਹੁੰਚ ਗਏ। ਮੀਤ ਹੇਅਰ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। 19 ਅਕਤੂਬਰ ਨੂੰ ਉਨ੍ਹਾਂ ਦੀ ਡੇਂਗੂ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਉਹ ਬਰਨਾਲਾ ਸਥਿਤ ਆਪਣੀ ਰਿਹਾਇਸ਼ ’ਤੇ ਹੀ ਸਨ। ਬੀਤੀ ਸ਼ਾਮ ਅਚਾਨਕ ਉਨ੍ਹਾਂ ਦੇ ਪਲੇਟਲੈਟਸ ਘੱਟ ਗਏ। ਜਾਣਕਾਰੀ ਅਨੁਸਾਰ ਮੀਤ ਹੇਅਰ ਦੇ ਪਲੇਟਲੈਟਸ ਸਿਰਫ਼ 10 ਹਜ਼ਾਰ ਰਹਿ ਗਏ ਸਨ ਜਿਸ ਕਾਰਨ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਦਾਖ਼ਲ ਕਰਵਾਇਆ। ਮੈਡੀਕਲ ਜਾਂਚ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।
ਮੀਤ ਹੇਅਰ ਨੇ ਖ਼ੁਦ ਇਹ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਆਪਣੇ ਬਿਮਾਰ ਹੋਣ ਦੀ ਸੂਚਨਾ ਬਾਰੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉਹ ਚੜ੍ਹਦੀ ਕਲਾ ਵਿੱਚ ਹਨ। ਉਨ੍ਹਾਂ ਬਰਨਾਲਾ ਵਾਸੀਆਂ ਖਾਸ ਕਰਕੇ ‘ਆਪ’ ਵਾਲੰਟੀਅਰਾਂ ਨੂੰ ਬਰਨਾਲਾ ਜ਼ਿਮਨੀ ਚੋਣ ਵਿੱਚ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਉਹ ਸਿਹਤਯਾਬ ਹੋ ਕੇ ਜਲਦੀ ਹੀ ਚੋਣ ਪ੍ਰਚਾਰ ਵਿੱਚ ਸ਼ਾਮਲ ਹੋਣਗੇ।
ਪੰਜਾਬ ਵਿੱਚ ਡੇਂਗੂ ਦੇ ਕੁੱਲ 2,572 ਕੇਸ
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਹਿਤੇਂਦਰ ਕੌਰ ਅਤੇ ਸਟੇਟ ਪ੍ਰੋਗਰਾਮ ਅਫ਼ਸਰ ਡਾ. ਅਰਸ਼ਦੀਪ ਕੌਰ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਵਿੱਚ ਡੇਂਗੂ ਦੇ ਕੁੱਲ 2,572 ਕੇਸ ਹਨ। ਇਨ੍ਹਾਂ ’ਚੋਂ ਮੁਹਾਲੀ ਵਿੱਚ ਸਭ ਤੋਂ ਵੱਧ 958 ਕੇਸ ਸਾਹਮਣੇ ਆ ਚੁੱਕੇ ਹਨ। ਇਸੇ ਤਰ੍ਹਾਂ ਲੁਧਿਆਣਾ ਵਿੱਚ 203, ਪਟਿਆਲਾ ’ਚ 194, ਹੁਸ਼ਿਆਰਪੁਰ ’ਚ 164, ਪਠਾਨਕੋਟ ’ਚ 96, ਬਠਿੰਡਾ ’ਚ 95, ਫਰੀਦਕੋਟ ’ਚ 87, ਫਾਜ਼ਿਲਕਾ ’ਚ 86, ਮੋਗਾ ’ਚ 85, ਜਲੰਧਰ ’ਚ 82, ਰੂਪਨਗਰ ’ਚ 63, ਕਪੂਰਥਲਾ ’ਚ 49, ਫਿਰੋਜ਼ਪੁਰ ’ਚ 45, ਫਤਹਿਗੜ੍ਹ ਸਾਹਿਬ ’ਚ 42, ਅੰਮ੍ਰਿਤਸਰ ’ਚ 29, ਬਰਨਾਲਾ ’ਚ 21, ਮਾਲੇਰਕੋਟਲਾ ’ਚ 17 ਅਤੇ ਮਾਨਸਾ ’ਚ 16 ਡੇਂਗੂ ਦੇ ਕੇਸ ਹਨ।