ਮੈਡੀਕਲ ਅਫ਼ਸਰ ਭਰਤੀ: ਸਰਕਾਰ ਤੇ ’ਵਰਸਿਟੀ ਦੀਆਂ ਸ਼ਰਤਾਂ ’ਚ ਵਖਰੇਵੇਂ ਕਾਰਨ ਉਮੀਦਵਾਰ ਨਿਰਾਸ਼
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 1 ਸਤੰਬਰ
ਡਾਇਰੈਕਟੋਰੇਟ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸਿਜ਼ ਫਰੀਦਕੋਟ ਰਾਹੀਂ 400 ਮੈਡੀਕਲ ਅਫਸਰਾਂ ਦੀ ਭਰਤੀ ਲਈ ਸਰਕਾਰ ਦੀਆਂ ਹਦਾਇਤਾਂ, ਯੂਨੀਵਰਸਿਟੀ ਵੱਲੋਂ ਵੈੱਬਸਾਈਡ ’ਤੇ ਆਨਲਾਈਨ ਫਾਰਮ ਭਰਨ ਲਈ ਦਰਸਾਈਆਂ ਸ਼ਰਤਾਂ ਸਰਕਾਰ ਦੀਆਂ ਸ਼ਰਤਾਂ ਨਾਲ ਮੇਲ ਨਾ ਖਾਣ ਕਾਰਨ ਉਮੀਦਵਾਰ ਦੁਚਿੱਤੀ ਵਿੱਚ ਹਨ।
ਓਬੀਸੀ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬੋਧ ਰਾਜ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ ਸੂਬਾ ਪ੍ਰਧਾਨ ਹਰਮਨਪ੍ਰੀਤ ਕੌਰ ਅਤੇ ਡਾ. ਅੰਬੇਡਕਰ ਮਿਸ਼ਨ ਗੁਰਦਾਸਪੁਰ ਦੇ ਆਗੂ ਕਸਤੂਰੀ ਲਾਲ ਐੱਸਡੀਓ ਨੇ ਦੱਸਿਆ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਆਨਲਾਈਨ ਫਾਰਮ ਭਰਨ ਸਮੇਂ ਸ਼ਰਤਾਂ ਵਿੱਚ ਲਿਖਿਆ ਹੈ ਕਿ ਉਮੀਦਵਾਰ ਜਿਸ ਸ਼੍ਰੇਣੀ ਵਿੱਚ ਫਾਰਮ ਭਰੇਗਾ ਉਹ ਬਦਲੀ ਨਹੀਂ ਜਾਵੇਗੀ ਅਤੇ ਹੋਰ ਸ਼੍ਰੇਣੀ ਦਾ ਉਸ ਨੂੰ ਲਾਭ ਨਹੀਂ ਮਿਲੇਗਾ ਪਰ ਵਿਭਾਗ ਦੀਆਂ ਸ਼ਰਤਾਂ ਅਨੁਸਰ ਰਾਖਵੀਂ ਸ਼੍ਰੇਣੀ ਵਾਲਾ ਉਮੀਦਵਾਰ ਮੈਰਿਟ ਅਨੁਸਾਰ ਓਪਨ ਸ਼੍ਰੇਣੀ ਦਾ ਲਾਭ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸਾਮੀਆਂ ਦੀ ਗ਼ਲਤ ਵੰਡ ਨੇ ਵੀ ਉਮੀਦਵਾਰਾਂ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਹੈ।
ਯੂਨੀਵਰਸਿਟੀ ਦੀ ਵੈੱਬਸਾਈਡ ’ਤੇ ਜਨਰਲ ਵਰਗ, ਪੱਛੜੀ ਸ਼੍ਰੇਣੀ ਅਤੇ ਅਨੁਸੂਚਿਤ ਜਾਤੀ ਵਿੱਚ ਮਰਦਾਂ ਅਤੇ ਔਰਤਾਂ ਨੂੰ ਅਲੱਗ-ਅਲੱਗ ਸ਼੍ਰੇਣੀਆਂ ’ਚ ਵੰਡਿਆ ਗਿਆ ਹੈ ਜਦਕਿ ਨੀਤੀ ਅਨੁਸਾਰ ਕਿਸੇ ਵੀ ਸ਼੍ਰੇਣੀ ਦੀਆਂ ਕੁੱਲ ਅਸਾਮੀਆਂ ਵਿੱਚੋਂ ਹੀ ਉਸ ਦੀ ਸਬ-ਸ਼੍ਰੇਣੀ ਨੂੰ ਅਸਾਮੀਆਂ ਦੇਣੀਆਂ ਹੁੰਦੀਆਂ ਹਨ। ਵਿਭਾਗ ਵੱਲੋਂ ਜਾਰੀ ਸ਼ਰਤ ਵਿੱਚ ਉਮੀਦਵਾਰ ਇੱਕ ਤੋਂ ਵੱਧ ਸ਼੍ਰੇਣੀ ਲਈ ਅਪਲਾਈ ਕਰਨ ਲਈ ਵੱਖਰਾ ਫਾਰਮ ਫੀਸ ਸਮੇਤ ਭਰੇਗਾ ਪ੍ਰੰਤੂ ਯੂਨੀਵਰਸਿਟੀ ਦੀ ਵੈੱਬਸਾਈਡ ’ਤੇ ਲਿਖਿਆ ਹੈ ਉਮੀਦਵਾਰ ਵੱਲੋਂ ਇੱਕ ਤੋਂ ਜ਼ਿਆਦਾ ਅਰਜ਼ੀਆਂ ਦੇਣ ’ਤੇ ਉਸ ਦੀ ਆਖ਼ਰੀ ਅਰਜ਼ੀ ਹੀ ਵਿਚਾਰੀ ਜਾਵੇਗੀ ਅਤੇ ਬਾਕੀ ਰੱਦ ਕੀਤੀਆਂ ਜਾਣਗੀਆਂ। ਸਰਕਾਰ ਦੀਆਂ ਹਦਾਇਤਾਂ ਅਤੇ ਯੂਨੀਵਰਸਿਟੀ ਦੀ ਸ਼ਰਤਾਂ ਆਪਸ ਵਿੱਚ ਮੇਲ ਨਾ ਖਾਣ ਕਰਕੇ ਉਮੀਦਵਾਰਾਂ ਦੇ ਭਰੇ ਫਾਰਮ ਅਧੂਰੇ ਹਨ।
ਉਕਤ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਸਬੰਧਤ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਇਸ ਸਬੰਧੀ ਅਖਬਾਰਾਂ ਵਿੱਚ ਇਸ਼ਤਿਹਾਰ ਪ੍ਰਕਾਸ਼ਿਤ ਕਰਕੇ ਸਥਿਤੀ ਸਪਸ਼ਟ ਕੀਤੀ ਜਾਵੇ, ਮੈਡੀਕਲ ਅਫਸਰਾਂ ਦੀ ਭਰਤੀ ਸਬੰਧੀ ਵਧੇਰੇ ਪਾਰਦਰਸ਼ਤਾ ਲਈ ਆਨਲਾਈਨ ਦੀ ਥਾਂ ’ਤੇ ਆਫਲਾਈਨ ਟੈਸਟ ਲਿਆ ਜਾਵੇ, ਰਾਖਵਾਂਕਰਨ ਸਬੰਧੀ ਔਰਤਾਂ ਵਾਸਤੇ ਪਹਿਲਾਂ ਵਾਂਗ ਸਬ-ਸ਼੍ਰੇਣੀ ਬਣਾਈ ਜਾਵੇ ਅਤੇ ਮੈਰਿਟ ’ਚ ਆਉਣ ਵਾਲੀਆਂ ਔਰਤਾਂ ਨੂੰ ਓਪਨ ਵਿੱਚ ਵਿਚਾਰਿਆਂ ਜਾਵੇ।
ਵੱਖਰੀ ਸ਼੍ਰੇਣੀ ਦਾ ਮਾਮਲਾ ਵਿਚਾਰਿਆ ਜਾਵੇਗਾ: ਡਾਇਰੈਕਟਰ
ਸਿਹਤ ਦੇ ਡਾਇਰੈਕਟਰ ਡਾ. ਹਤਿੰਦਰ ਕੌਰ ਨੇ ਕਿਹਾ ਮੈਡੀਕਲ ਅਫ਼ਸਰਾਂ ਦੀ ਭਰਤੀ ਲਈ ਆਨਲਾਈਨ ਫਾਰਮ ਭਰਨ ਵਿੱਚ ਸਾਫਟਵੇਅਰ ਦੀ ਖ਼ਰਾਬੀ ਕਾਰਨ ਵੈੱਬਸਾਈਡ ’ਤੇ ਸਮੱਸਿਆ ਆਈ ਸੀ, ਜਿਸ ਦਾ ਤੁਰੰਤ ਹੱਲ ਕਰਵਾ ਦਿੱਤਾ ਹੈ ਅਤੇ ਔਰਤਾਂ ਦੀ ਵੱਖਰੀ ਸ਼੍ਰੇਣੀ ਦਾ ਮਾਮਲਾ ਵਿਚਾਰਿਆ ਜਾਵੇਗਾ।
ਤਰੁਟੀਆਂ ਨੂੰ ਦੂਰ ਕੀਤਾ ਜਾਵੇਗਾ: ਡਾ. ਨੀਤੂ
ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਭਰਤੀ ਸੈੱਲ ਦੀ ਇੰਚਾਰਜ ਡਾ. ਨੀਤੂ ਨੇ ਕਿਹਾ ਮੈਡੀਕਲ ਅਸਫਰਾਂ ਦੀ ਭਰਤੀ ਸਬੰਧੀ ਆਨਲਾਈਨ ਅਪਲਾਈ ਕਰਨ ਲਈ ਵੈੱਬਸਾਈਡ ’ਤੇ ਜੇ ਕੋਈ ਤਰੁੱਟੀ ਸਾਹਮਣੇ ਆ ਰਹੀ ਹੈ ਤਾਂਂ ਉਸ ਨੂੰ ਤੁਰੰਤ ਦੂਰ ਕਰਵਾ ਦਿੱਤਾ ਜਾਵੇਗਾ।