ਮੈਡੀਕਲ ਕਾਲਜ ਵਿਵਾਦ: ਵਿਦਿਆਰਥੀਆਂ ਨੇ ਪੁਲੀਸ ਦੀ ਨਿਗਰਾਨੀ ’ਚ ਹੋਸਟਲ ਛੱਡੇ
ਐਨਪੀ ਧਵਨ
ਪਠਾਨਕੋਟ, 12 ਜੁਲਾਈ
ਦਿ ਵਾਈਟ ਮੈਡੀਕਲ ਕਾਲਜ ਐਂਡ ਹਸਪਤਾਲ ਬੁੰਗਲ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਵੱਲੋਂ ਕੱਲ੍ਹ ਡੀਸੀ ਦਫ਼ਤਰ ਵਿੱਚ ਸ਼ੁਰੂ ਕੀਤੇ ਧਰਨੇ ਦੌਰਾਨ ਉਨ੍ਹਾਂ ਨੇ ਰਾਤ ਸੁਰੱਖਿਆ ਦੇ ਪਹਿਰੇ ਵਿੱਚ ਗੁਰਦੁਆਰਾ ਬਾਰਠ ਸਾਹਿਬ ਵਿੱਚ ਗੁਜ਼ਾਰੀ। ਅੱਜ ਸਵੇਰੇ ਵਿਦਿਆਰਥੀਆਂ ਨੂੰ ਪ੍ਰਸ਼ਾਸਨ ਨੇ ਆਪਣੀ ਹਾਜ਼ਰੀ ਵਿੱਚ ਕਾਲਜ ਦੇ ਹੋਸਟਲ ਵਿੱਚੋਂ ਉਨ੍ਹਾਂ ਦਾ ਸਾਮਾਨ ਕਢਵਾਇਆ ਅਤੇ ਪੁਲੀਸ ਦੀਆਂ ਬੱਸਾਂ ਵਿੱਚ ਕਾਲਜ ਕੰਪਲੈਕਸ ਵਿੱਚੋਂ ਬਾਹਰ ਸੁਰੱਖਿਅਤ ਜਗ੍ਹਾ ਲਿਜਾ ਕੇ ਦੋ ਪ੍ਰਾਈਵੇਟ ਬੱਸਾਂ ਵਿੱਚ ਬਿਠਾ ਕੇ ਬਾਬਾ ਫ਼ਰੀਦ ਯੂਨੀਵਰਸਿਟੀ, ਫ਼ਰੀਦਕੋਟ ਲਈ ਰਵਾਨਾ ਕੀਤਾ। ਕਾਲਜ ਦੇ ਵਿਦਿਆਰਥੀ ਡਰੇ ਹੋਏ ਸਨ ਤੇ ਉਹ ਕਿਸੇ ਵੀ ਹਾਲਤ ਵਿੱਚ ਨਾ ਤਾਂ ਕਾਲਜ ਵਿੱਚ ਅਤੇ ਨਾ ਹੀ ਹੋਸਟਲ ਵਿੱਚ ਜਾਣਾ ਚਾਹੁੰਦੇ ਸਨ। ਕੱਲ੍ਹ ਉਹ ਸਾਰਾ ਦਿਨ ਡੀਸੀ ਦਫ਼ਤਰ ਵਿੱਚ ਧਰਨਾ ਦਿੰਦੇ ਰਹੇ ਤੇ ਰਾਤ ਨੂੰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਖਾਣਾ ਮੁਹੱਈਆ ਕਰਵਾਇਆ ਤੇ ਕਰੀਬ 11 ਵਜੇ ਗੁਰਦੁਆਰਾ ਬਾਰਠ ਸਾਹਿਬ ਵਿੱਚ ਭੇਜਿਆ।
ਇਸ ਮੌਕੇ ਐੱਸਡੀਐੱਮ ਕਾਲਾ ਰਾਮ ਕਾਂਸਲ, ਤਹਿਸੀਲਦਾਰ ਪਰਮਪਾਲ ਸਿੰਘ ਗੋਰਾਇਆ, ਨਾਇਬ ਤਹਿਸੀਲਦਾਰ ਰਾਜ ਕੁਮਾਰ ਮਹਿਤਾ, ਡੀਐੱਸਪੀ ਸੁਮੀਰ ਸਿੰਘ ਮਾਨ, ਥਾਣਾ ਮੁਖੀ ਰਜਨੀ ਬਾਲਾ ਅਤੇ ਭਾਰੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਬੱਚਿਆਂ ਦੇ ਮਾਪੇ ਵੀ ਪੁੱਜ ਗਏ ਸਨ ਤੇ ਉਨ੍ਹਾਂ ਨੇ ਇੱਛਾ ਪ੍ਰਗਟ ਕੀਤੀ ਕਿ ਉਹ ਬੱਚਿਆਂ ਨੂੰ ਲੈ ਕੇ ਬਾਬਾ ਫ਼ਰੀਦ ਯੂਨੀਵਰਸਿਟੀ ਫ਼ਰੀਦਕੋਟ ਜਾਣਾ ਚਾਹੁੰਦੇ ਹਨ ਤੇ ਉਥੇ ਹੀ ਆਪਣਾ ਇਸ ਮਸਲੇ ਦਾ ਹੱਲ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਨੇ ਨਾ ਤਾਂ ਕੋਈ ਰਜਿਸਟ੍ਰੇਸ਼ਨ ਕਰਨੀ ਹੁੰਦੀ ਹੈ ਅਤੇ ਨਾ ਹੀ ਕੋਈ ਲਾਇਸੈਂਸ ਜਾਰੀ ਕਰਨਾ ਹੁੰਦਾ ਹੈ ਜਦੋਂਕਿ ਫ਼ਰੀਦਕੋਟ ਵਿੱਚ ਪੂਰੀ ਯੂਨੀਵਰਸਿਟੀ ਹੈ ਤੇ ਉੱਥੇ ਪੂਰਾ ਵਿਭਾਗ ਬਣਿਆ ਹੋਇਆ ਹੈ। ਯੂਨੀਵਰਸਿਟੀ ਨੇ ਹੀ ਵਿਦਿਆਰਥੀਆਂ ਨੂੰ ਕਿਸੇ ਹੋਰ ਕਾਲਜ ਵਿੱਚ ਤਬਦੀਲ ਕਰਨ ਦਾ ਕਾਨੂੰਨੀ ਹੱਲ ਕੱਢਣਾ ਹੈ। ਮੈਡੀਕਲ ਕੌਂਸਲ ਦੀ ਇੰਸਪੈਕਸ਼ਨ ਵੀ ਯੂਨੀਵਰਸਿਟੀ ਦੇ ਪੱਧਰ ’ਤੇ ਹੀ ਹੋਣੀ ਹੁੰਦੀ ਹੈ। ਉਨ੍ਹਾਂ ਕੋਲ ਤਾਂ ਸਿਰਫ਼ ਲਾਅ ਐਂਡ ਆਰਡਰ ਦਾ ਹੀ ਮਾਮਲਾ ਸੀ। ਇਸ ਕਰ ਕੇ ਬੱਚਿਆਂ ਨੂੰ ਰਾਤ ਦਾ ਵੇਲਾ ਹੋਣ ਕਰ ਕੇ ਇੱਥੇ ਗੁਰਦੁਆਰਾ ਬਾਰਠ ਸਾਹਿਬ ਅੰਦਰ ਠਹਿਰਾਅ ਦਿੱਤਾ ਗਿਆ। ਅੱਜ ਸਵੇਰੇ ਬੱਚਿਆਂ ਨੇ ਇੱਛਾ ਪ੍ਰਗਟ ਕੀਤੀ ਕਿ ਉਨ੍ਹਾਂ ਦਾ ਸਾਰਾ ਸਮਾਨ ਹੋਸਟਲ ਵਿੱਚ ਪਿਆ ਹੈ ਤੇ ਉਹ ਉਨ੍ਹਾਂ ਨੂੰ ਉਥੋਂ ਦਿਵਾ ਦਿੱਤਾ ਜਾਵੇ। ਇਸ ਕਰ ਕੇ ਕਾਲਜ ਪ੍ਰਬੰਧਕਾਂ ਨਾਲ ਤਾਲਮੇਲ ਕਰ ਕੇ ਅਗਜ਼ੈਕਟਿਵ ਮੈਜਿਸਟ੍ਰੇਟ ਅਤੇ ਪੁਲੀਸ ਦੀ ਹਾਜ਼ਰੀ ਵਿੱਚ ਬੱਚਿਆਂ ਦਾ ਸਾਮਾਨ ਹੋਸਟਲ ਵਿੱਚੋਂ ਚੁਕਵਾ ਦਿੱਤਾ ਗਿਆ।
ਐੱਸਡੀਐੱਮ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਬੱਚੇ ਨਾ ਤਾਂ ਹੋਸਟਲ ’ਚ ਰਹਿਣਾ ਚਾਹੁੰਦੇ ਸਨ ਅਤੇ ਨਾ ਹੀ ਕਾਲਜ ਵਿੱਚ। ਇਸ ਕਰ ਕੇ ਬੱਚਿਆਂ ਨੂੰ ਸੁਰੱਖਿਅਤ ਰੂਪ ਵਿੱਚ ਸਾਮਾਨ ਦਿਵਾ ਕੇ ਭੇਜ ਦਿੱਤਾ ਗਿਆ ਹੈ।
ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਉਹ ਫ਼ਰੀਦਕੋਟ ਵਿੱਚ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਮਿਲਣਗੇ ਅਤੇ ਬੱਚਿਆਂ ਦੀ ਹਾਜ਼ਰੀ ਲਗਵਾਉਣ ਲਈ ਕਹਿਣਗੇ ਤੇ ਉਨ੍ਹਾਂ ਨੂੰ ਹੋਰ ਕਾਲਜਾਂ ਵਿੱਚ ਆਰਜ਼ੀ ਤੌਰ ’ਤੇ ਤਬਦੀਲ ਕਰਨ ਲਈ ਕਹਿਣਗੇ।