ਸਰਕਾਰੀ ਸਕੂਲ ਦੇ ਦਫ਼ਤਰ ਦਾ ਮਲਬਾ ਡਿਗਿਆ, ਅਧਿਆਪਕ ਜ਼ਖ਼ਮੀ
ਪੱਤਰ ਪ੍ਰੇਰਕ
ਰਈਆ, 5 ਨਵੰਬਰ
ਇੱਥੇ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਦੇ ਦਫ਼ਤਰ ਵਿਚ ਅੱਜ ਛੱਤ ਦਾ ਮਲਬਾ ਡਿੱਗਣ ਕਾਰਨ ਇੱਕ ਅਧਿਆਪਕਾ ਮਾਮੂਲੀ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿਚ ਖਸਤਾ ਹਾਲ ਕਮਰਿਆਂ ਨੂੰ ਬੰਦ ਕਰਕੇ ਜਿੰਦਰੇ ਮਾਰਨ ਸਬੰਧੀ ਆਦੇਸ਼ ਦਿੱਤੇ ਹੋਏ ਹਨ ਪਰ ਸਰਕਾਰੀ ਕੰਨਿਆ ਸਕੂਲ ਰਈਆ ਦਾ ਦਫ਼ਤਰ ਖਸਤਾ ਹਾਲਤ ਹੋਣ ਦੇ ਬਾਵਜੂਦ ਬੰਦ ਨਹੀਂ ਕੀਤਾ ਗਿਆ। ਅੱਜ ਕਰੀਬ 12 ਵਜੇ ਸਕੂਲ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਇੱਕ ਮਹਿਲਾ ਅਧਿਆਪਕ ਜ਼ਖ਼ਮੀ ਹੋ ਗਈ। ਪ੍ਰਿੰਸੀਪਲ ਅੱਜ ਛੁੱਟੀ ’ਤੇ ਸੀ। ਮਲਬਾ ਡਿੱਗਣ ਕਾਰਨ ਪ੍ਰਿੰਸੀਪਲ ਦਫ਼ਤਰ ਦੇ ਮੇਜ ਦਾ ਸ਼ੀਸ਼ਾ ਵੀ ਨੁਕਸਾਨਿਆ ਗਿਆ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅੰਮ੍ਰਿਤਸਰ ਹਰ ਭਗਵੰਤ ਸਿੰਘ ਨੇ ਗੱਲ ਕਰਨ ’ਤੇ ਦੱਸਿਆ ਕਿ ਛੱਤ ਦਾ ਲੈਂਟਰ ਨਹੀਂ ਡਿੱਗਿਆ, ਸਗੋਂ ਸੀਮਿੰਟ ਦੀ ਪਰਤ ਡਿੱਗੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਸੇ ਅਧਿਆਪਕ ਦੇ ਕੋਈ ਸੱਟ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਦੇ ਖਸਤਾ ਹਾਲ ਦਫ਼ਤਰ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਖਸਤਾ ਹਾਲ ਛੱਤ ਬਾਰੇ ਪੁੱਛਣ ’ਤੇ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਇਸ ਸਬੰਧੀ ਅੰਮ੍ਰਿਤਸਰ ਦੇ ਡੀਸੀ ਸਾਕਸ਼ੀ ਸਾਹਨੀ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਡੀਈਓ (ਸੈਕੰਡਰੀ) ਕੋਲੋਂ ਰਿਪੋਰਟ ਮੰਗਵਾਈ ਗਈ ਹੈ।