ਮੈਡੀਕਲ ਕਾਲਜ: ਅਕਾਲੀ ਦਲ ਤੇ ਸ਼੍ਰੋਮਣੀ ਕਮ
ਐੱਸ ਐੱਸ ਸੱਤੀ
ਮਸਤੂਆਣਾ ਸਾਹਿਬ, 12 ਜੂਨ
ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਸਤੂਆਣਾ ਸਾਹਿਬ ਵਿੱਚ ਸੰਤ ਅਤਰ ਸਿੰਘ ਦੀ ਯਾਦ ਵਿੱਚ ਬਨਣ ਵਾਲੇ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਮੈਡੀਕਲ ਕਾਲਜ ਆਫ਼ ਸਾਇੰਸਿਜ਼ ਦੇ ਰਾਹ ਵਿੱਚ ਲਗਾਏ ਜਾ ਰਹੇ ਅੜਿੱਕਿਆਂ ਨੂੰ ਖ਼ਤਮ ਕਰਨ ਲਈ ਅੱਜ ਫਿਰ ਇਲਾਕੇ ਦੀਆਂ ਸੰਗਤਾਂ ਅਤੇ ਕਿਸਾਨਾਂ ਵੱਲੋਂ ਮਸਤੂਆਣਾ ਸਾਹਿਬ ਦੇ ਬੱਸ ਸਟੈਂਡ ‘ਤੇ ਚਾਰ ਘੰਟੇ ਧਰਨਾ ਦਿੱਤਾ ਗਿਆ। ਰੋਸ ਧਰਨੇ ਦੌਰਾਨ ਕਿਸਾਨਾਂ ਅਤੇ ਲੋਕਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਦੌਰਾਨ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਕਰਮਜੀਤ ਸਿੰਘ ਛੰਨਾ, ਨਛੱਤਰ ਸਿੰਘ ਬਡਰੁੱਖਾਂ, ਸੁਰਜੀਤ ਸਿੰਘ ਕਾਂਝਲਾ, ਬੰਤ ਸਿੰਘ ਚੰਗਾਲ, ਮੱਖਣ ਸਿੰਘ ਦੁੱਗਾਂ, ਜਸਦੀਪ ਸਿੰਘ ਬਹਾਦਰਪੁਰ ਅਤੇ ਕਾਮਰੇਡ ਭਰਪੂਰ ਸਿੰਘ ਦੁੱਗਾਂ ਹੁਰਾਂ ਨੇ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਦਾ ਸੁਪਨਾ ਸੀ ਕਿ ਮਸਤੂਆਣਾ ਸਾਹਿਬ ਵਿੱਦਿਆ ਦਾ ਵੱਡਾ ਕੇਂਦਰ ਬਣੇ ਤੇ ਇਲਾਕੇ ਦੀਆਂ ਸੰਗਤਾਂ ਦੀ ਮੰਗ ‘ਤੇ ਹੀ ਪੰਜਾਬ ਸਰਕਾਰ ਨੇ ਮਸਤੂਆਣਾ ਸਾਹਿਬ ਵਿੱਚ ਸਰਕਾਰੀ ਮੈਡੀਕਲ ਕਾਲਜ ਬਣਾਉਣ ਦਾ ਪ੍ਰਾਜੈਕਟ ਮਨਜ਼ੂਰ ਕੀਤਾ ਹੈ। ਉਨ੍ਹਾਂ ਕਿਹਾ ਇਹ ਸਰਕਾਰੀ ਮੈਡੀਕਲ ਕਾਲਜ ਮਸਤੂਆਣਾ ਸਾਹਿਬ ਵਿੱਚ ਬਣਨ ਨਾਲ ਆਲੇ ਦੁਆਲੇ ਦੇ ਸੈਂਕੜੇ ਪਿੰਡਾਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।
ਕਿਸਾਨ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਜਿੰਨੀ ਦੇਰ ਅੜਿੱਕਿਆਂ ਨੂੰ ਦੂਰ ਕਰਕੇ ਇਸ ਮੈਡੀਕਲ ਕਾਲਜ ਦੀ ਉਸਾਰੀ ਸ਼ੁਰੂ ਨਹੀਂ ਕੀਤੀ ਜਾਂਦੀ, ਉਨਾ ਚਿਰ ਇਥੇ ਪੱਕਾ ਧਰਨਾ ਜਾਰੀ ਰਹੇਗਾ।