ਸੜਕ ਹਾਦਸੇ ਤੇ ਮੈਡੀਕਲ ਸਹਾਇਤਾ
ਡਾ. ਮਨਜੀਤ ਸਿੰਘ ਬੱਲ
ਦੁ ਨੀਆ ਵਿਚ ਹਰ ਸਾਲ ਤਕਰੀਬਨ ਤੇਰਾਂ ਲੱਖ ਲੋਕ ਸੜਕ ਦੁਰਘਟਨਾਵਾਂ ਕਾਰਨ ਮਰਦੇ ਹਨ। ਵਿਸ਼ਵ ਸਿਹਤ ਸੰਸਥਾ ਦੀ ‘ਗਲੋਬਲ ਸਟੇਟਸ ਰਿਪੋਰਟ ਆਨ ਰੋਡ ਸੇਫਟੀ’ ਮੁਤਾਬਕ ਵਿਸ਼ਵ ਪੱਧਰ ’ਤੇ ਸਭ ਤੋਂ ਵੱਧ ਖ਼ਤਰਨਾਕ ਹਾਦਸੇ ਸਾਡੇ ਦੇਸ਼ ਵਿਚ ਹੀ ਵਾਪਰਦੇ ਹਨ। ਇਸ ਰਿਪੋਰਟ ਅਨੁਸਾਰ ਤੇਜ਼ ਸਪੀਡ, ਸ਼ਰਾਬ ਪੀ ਕੇ ਗੱਡੀ ਚਲਾਉਣਾ, ਹੈਲਮੈਟ ਦੀ ਵਰਤੋਂ ਨਾ ਕਰਨਾ, ਸੀਟ ਬੈਲਟ ਨਾ ਲਗਾਉਣਾ, ਗਹਿਰੀ ਧੁੰਦ, ਸੜਕਾਂ ਦੇ ਕਿਨਾਰੇ ’ਤੇ ਗ਼ਲਤ ਪਾਰਕਿੰਗ ਅਤੇ ਬੱਚਿਆਂ ਜਾਂ ਕੱਚੇ ਡਰਾਈਵਰਾਂ ਦੁਆਰਾ ਗੱਡੀ ਚਲਾਉਣਾ, ਸੜਕ ਹਾਦਸਿਆਂ ਦੇ ਮੁੱਖ ਕਾਰਨ ਹਨ। ਕਈ ਵਾਰ ਇਹ ਵੀ ਵੇਖਿਆ ਗਿਆ ਹੈ ਕਿ ਸੜਕਾਂ ਦੇ ਕਿਨਾਰੇ, ਫਿਲਮਾਂ ਜਾਂ ਕਿਸੇ ਹੋਰ ਮਸ਼ਹੂਰੀ ਵਾਸਤੇ ਉਤੇਜਕ ਫੋਟੋਆਂ ਕਰ ਕੇ ਵੀ ਚਾਲਕਾਂ ਦਾ ਧਿਆਨ ਡਰਾਇਵਰੀ ਵੱਲੋਂ ਭਟਕ ਜਾਂਦਾ ਹੈ ਤੇ ਦੁਰਘਟਨਾ ਵਾਪਰ ਜਾਂਦੀ ਹੈ। ਭਾਰਤ ਵਿਚ ਹਰ ਸਾਲ ਤਕਰੀਬਨ ਡੇਢ ਲੱਖ ਬਸ਼ਿੰਦੇ ਸੜਕਾਂ ’ਤੇ ਹੀ ਦਮ ਤੋੜ ਦਿੰਦੇ ਹਨ। ਰੋਜ਼ 1130 ਦੁਰਘਟਨਾਵਾਂ ਨਾਲ ਪ੍ਰਤੀ ਦਿਨ 422 ਵਿਅਕਤੀ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਦੁਨੀਆ ਵਿਚ ਹਰ ਘੰਟੇ ’ਚ 25 ਸਾਲ ਤੋਂ ਘੱਟ ਉਮਰ ਵਾਲੇ ਚਾਲੀ ਬੰਦੇ ਸੜਕ ਹਾਦਸਿਆਂ ਕਾਰਨ ਮਰਦੇ ਹਨ। ਮੁੱਖ ਸੜਕਾਂ ’ਤੇ ਤੇਜ਼ ਸਪੀਡ ਅਤੇ ਸ਼ਹਿਰਾਂ ਕਸਬਿਆਂ ਦੇ ਆਸ-ਪਾਸ ਬਾਅਦ ਦੁਪਹਿਰ ਤੇ ਸ਼ਾਮ ਦਾ ਸਮਾਂ ਜਦ ਟਰੈਫਿਕ ਆਪਣੇ ਸਿਖ਼ਰ ’ਤੇ ਹੁੰਦਾ ਹੈ, ਸਭ ਤੋਂ ਵੱਧ ਘਟਨਾਵਾਂ ਵਾਪਰਦੀਆਂ ਹਨ। ਕੁਝ ਸਾਲਾਂ ਵਿਚ ਆਧੁਨਿਕ ਵਾਹਨ, ਵਧੀਆ ਸੜਕਾਂ, ਭੱਜ ਦੌੜ ਕਰ ਕੇ ਵਧੀ ਹੋਈ ਸਪੀਡ ਕਰ ਕੇ ਸੜਕ ਹਾਦਸਿਆਂ ਵਿਚ ਕਾਫੀ ਵਾਧਾ ਹੋਇਆ ਹੈ। ਸੜਕ ਹਾਦਸਿਆਂ ਦੌਰਾਨ ਕਈ ਤਰ੍ਹਾਂ ਦੀਆਂ ਸੱਟਾਂ ਲਗਦੀਆਂ ਹਨ।
ਹਸਪਤਾਲਾਂ ਤੇ ਬੀਮਾ ਕੰਪਨੀਆਂ ਦੇ ਰਿਕਾਰਡ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਹਾਦਸਿਆਂ ਵਿਚ ਆਮ ਕਰਕੇ ਕਈ ਅੰਗਾਂ ਦਾ ਨੁਕਸਾਨ ਪੁੱਜਦਾ ਹੈ:
ਸਿਰ ਤੇ ਦਿਮਾਗ਼: ਬਹੁਤੀ ਵਾਰ ਇੰਝ ਹੁੰਦਾ ਹੈ ਕਿ ਹਾਦਸੇ ਦੇ ਮੌਕੇ, ਕੋਈ ਬਾਹਰੀ ਸੱਟ ਜਾਂ ਜ਼ਖ਼ਮ ਨਹੀਂ ਹੁੰਦਾ ਜਾਂ ਮਾੜੀਆਂ ਮੋਟੀਆਂ ਝਰੀਟਾਂ ਹੁੰਦੀਆਂ ਹਨ ਪਰ ਬੰਦਾ ਬੇਹੋਸ਼ ਹੁੰਦਾ ਹੈ। ਹਸਪਤਾਲ਼ ਵਿਚ ਐਕਸਰੇਅ/ਸੀਟੀ ਸਕੈਨ ਤੋਂ ਪਤਾ ਲਗਦਾ ਹੈ ਕਿ ਦਿਮਾਗ਼ੀ ਸੱਟ ਹੈ। ਇਹ ਸੱਟ ਦੋ ਚਾਰ ਦਿਨਾਂ ’ਚ ਠੀਕ ਹੋਣ ਵਾਲੀ ਵੀ ਹੋ ਸਕਦੀ ਹੈ ਤੇ ਗੰਭੀਰ ਦਿਮਾਗ਼ੀ ਨੁਕਸਾਨ (ਟਰੌਮੈਟਿਕ ਬ੍ਰੇਨ ਇੰਜਰੀ) ਵੀ ਹੋ ਸਕਦੀ ਹੈ ਜੋ ਬਾਅਦ ਵਿਚ ਜਾਨਲੇਵਾ ਬਣ ਜਾਂਦੀ ਹੈ।
ਧੌਣ ਦੀ ਸੱਟ: ਇਹ ਮਾੜੇ ਮੋਟੇ ਧੌਣ ਦੇ ਵਲ਼ ਤੋਂ ਲੈ ਕੇ ਗੰਭੀਰ ਸਮੱਸਿਆ ਤੱਕ ਹੋ ਸਕਦੀ ਹੈ। ਧੌਣ ਵਿਚ ਰੀੜ੍ਹ ਦੀ ਹੱਡੀ ਦੀਆਂ ਵਾਸ਼ਲਾਂ (ਡਿਸਕਾਂ) ਨੂੰ ਖ਼ਤਰਨਾਕ ਹੱਦ ਤੱਕ ਨੁਕਸਾਨ ਪੁੱਜ ਸਕਦਾ ਹੈ।
ਮੌਰਾਂ ਤੇ ਰੀੜ੍ਹ ਦੀ ਹੱਡੀ ਦੀਆਂ ਸੱਟਾਂ: ਡਰਾਇਵਰਾਂ ਤੇ ਸਵਾਰੀਆਂ ਨੂੰ ਪਿੱਠ ਵਿਚ ਕਈ ਤਰ੍ਹਾਂ ਦੀਆਂ ਸੱਟਾਂ ਲੱਗ ਜਾਂਦੀਆਂ ਹਨ, ਜਿਵੇਂ ਮਾਮੂਲੀ ਖਿੱਚ ਜਾਂ ਮਾਸ ਪਾਟ ਜਾਣਾ (ਪੱਠਿਆਂ ਦੀਆਂ ਸੱਟਾਂ) ਤੋਂ ਲੈ ਕੇ ਛਾਤੀ ਦੇ ਪਿਛਲੇ ਪਾਸੇ ਹੇਠਾਂ ਲੱਕ ਵਿਚ ਤੇ ਇਸ ਦੇ ਆਸ-ਪਾਸ ਜ਼ਖ਼ਮ ਜਾਂ ਸੁਖਮਣਾ ਨਾੜੀ ਸਮੇਤ ਰੀੜ੍ਹ ਦੀ ਹੱਡੀ ਦਾ ਟੁੱਟਣਾ ਆਦਿ।
ਅੰਦਰਲੇ ਅੰਗਾਂ ਦੀਆਂ ਸੱਟਾਂ: ਛਾਤੀ ਦੇ ਅੰਦਰਲੇ ਅੰਗ ਜਿਵੇਂ ਫੇਫੜੇ, ਪਲੂਰਾ (ਫੇਫੜਿਆਂ ਦੀ ਝਿੱਲੀ), ਦਿਲ, ਪੈਰੀਕਾਰਡੀਅਮ, ਖ਼ੂਨ ਦੀਆਂ ਮੁੱਖ ਨਾੜੀਆਂ। ਇਸੇ ਤਰ੍ਹਾਂ ਪੇਟ ਦੇ ਅੰਦਰਲੇ ਅੰਗਾਂ, ਜਿਗਰ, ਅੰਤੜੀਆਂ, ਤਿੱਲੀ, ਗੁਰਦੇ, ਪੈਨਕ੍ਰੀਆਜ਼ ਤੇ ਔਰਤਾਂ ’ਚ ਬੱਚੇਦਾਨੀ ਤੇ ਬਾਕੀ ਜਨਣ ਅੰਗਾਂ ਦੀਆਂ ਸੱਟਾਂ ਨਾਲ ਅੰਦਰੋ-ਅੰਦਰੀ ਵਧੇਰੇ ਖ਼ੂਨ ਵਗਣ ਨਾਲ ਮੌਤ ਹੋ ਜਾਂਦੀ ਹੈ। ਕਈ ਵਾਰ ਪੱਸਲੀਆਂ ਟੁੱਟ ਕੇ ਤਿੱਲੀ ਦੇ ਅੰਦਰ ਵੜ ਜਾਂਦੀਆਂ ਹਨ ਜਿਸ ਨਾਲ ਤਿੱਲੀ ਫੱਟ ਜਾਂਦੀ ਹੈ ਤੇ ਬਹੁਤ ਮਾਤਰਾ ਵਿਚ ਖ਼ੂਨ ਵਗਦਾ ਹੈ। ਇਲਾਜ ਵਜੋਂ ਐਸੀ ਤਿੱਲੀ ਅਪਰੇਸ਼ਨ ਨਾਲ ਕੱਢਣੀ ਪੈਂਦੀ ਹੈ। ਇਸੇ ਤਰ੍ਹਾਂ ਜਿਗਰ ਵੀ ਨੁਕਸਾਨਿਆਂ ਜਾਵੇ ਤਾਂ ਫਟਿਆ ਹੋਇਆ ਜਿਗਰ ਦਾ ਹਿੱਸਾ ਕੱਢਣਾ ਪੈਂਦਾ ਹੈ।
ਹੱਡੀਆਂ ਦਾ ਟੁੱਟਣਾ: ਸੜਕੀ ਹਾਦਸਿਆਂ ਖ਼ਾਸ ਕਰ ਕੇ ਦੋ-ਪਹੀਆ ਵਾਹਨਾਂ ਦੇ ਸਪੀਡ ਨਾਲ ਵੱਜਣ ਜਾਂ ਡਿੱਗਣ ਨਾਲ ਕਈ-ਕਈ ਫ੍ਰੈਕਚਰ ਹੋ ਜਾਂਦੇ ਹਨ। ਰੋਡ ਐਕਸੀਡੈਂਟ ਵਿਚ ਲੱਤਾਂ-ਬਾਹਾਂ ਦੀਆਂ, ਚੂਲ਼ੇ ਦੀਆਂ ਹੱੱਡੀਆਂ, ਪੱਸਲ਼ੀਆਂ, ਰੀੜ੍ਹ ਦੀ ਹੱਡੀ ਆਦਿ ਦੇ ਫਰੈਕਚਰ ਆਮ ਹੀ ਵੇਖਣ ਨੂੰ ਮਿਲ਼ਦੇ ਹਨ। ਇਸ ਤਰ੍ਹਾਂ ਦੀਆਂ ਸਥਿਤੀਆਂ ਵਿਚ ਵਕਤ ਸਿਰ ਮੈਡੀਕਲ ਸਹਾਇਤਾ ਨਾ ਮਿਲਣ ਕਰ ਕੇ ਵਧੇਰੇ ਖ਼ੂਨ ਵਹਿਣ ਨਾਲ ਮੌਤਾਂ ਹੋ ਜਾਂਦੀਆਂ ਹਨ।
ਚਿਹਰੇ ਦੀਆਂ ਸੱਟਾਂ: ਕਾਰ ਦੁਰਘਟਨਾਵਾਂ ਵੇਲੇ ਡਰਾਇਵਰਾਂ ਨੂੰ ਸਟੇਅਰਿੰਗ ਵੀਲ੍ਹ, ਡੈਸ਼ ਬੋਰਡ, ਵਿੰਡ ਸ਼ੀਲ਼ਡ ਜਾਂ ਵਿੰਡੋ ਦੇ ਟੁੱਟੇ ਹੋਏ ਸ਼ੀਸ਼ਿਆਂ ਨਾਲ ਮੂੰਹ ’ਤੇ ਜ਼ਖ਼ਮ ਬਣ ਜਾਂਦੇ ਹਨ ਜੋ ਮਾਮੂਲੀ ਖਰੋਚ ਤੋਂ ਲੈ ਕੇ ਚਿਹਰੇ ਦੀਆਂ ਹੱਡੀਆਂ ਟੁੱਟਣ ਤੱਕ ਹੋ ਸਕਦੇ ਹਨ। ਕਈ ਵਾਰ ਕੰਨ ਦੇ ਕੋਲ, ਜਬਾੜੇ ਦੇ ਜੋੜ ਅਤੇ ਦੰਦ ਟੁੱਟਣ ਦੀ ਨੌਬਤ ਆ ਜਾਂਦੀ ਹੈ। ਇਨ੍ਹਾਂ ਦਾ ਇਲਾਜ ਜਨਰਲ ਸਰਜਨ ਤੇ ਡੈਂਟਲ ਸਰਜਨ ਦੀ ਟੀਮ ਮਿਲ ਕੇ ਕਰਦੀ ਹੈ।
ਹਾਦਸਾਗ੍ਰਸਤ ਬੰਦੇ ਨੂੰ ਹਸਪਤਾਲ ਲਿਜਾਣਾ: ਪਿਛਲੇ ਕਈ ਸਾਲਾਂ ਤੋਂ ਮੁਫਤ ਐਮਰਜੈਂਸੀ ਐਂਬੂਲੈਂਸ ਬੱਸਾਂ ਨੰਬਰ 108 ਚੱਲ ਰਹੀਆਂ ਹਨ। ਹਾਦਸੇ ਵਾਲੀ ਜਗ੍ਹਾ ’ਤੇ ਬੱਸ ਨੂੰ ਬੁਲਾ ਕੇ ਜ਼ਖ਼ਮੀ ਨੂੰ ਫੌਰੀ ਤੌਰ ’ਤੇ ਹਸਪਤਾਲ ਪਹੁੰਚਾਉਣਾ ਚਾਹੀਦਾ। ਇਨ੍ਹਾਂ ਵਿਚ ਸਟਰੇਚਰ, ਆਕਸੀਜਨ, ਫਸਟ ਏਡ ਵਾਲੇ ਟੀਕੇ ਤੇ ਦਵਾਈਆਂ ਅਤੇ ਡਰਾਇਵਰ ਸਮੇਤ ਮੁੱਢਲੀ ਸਹਾਇਤਾ ਦੇਣ ਵਾਲੇ ਸਿਖਿਅਤ ਵਿਅਕਤੀ ਹੁੰਦੇ ਹਨ। ਕਈ ਸਮਾਜ ਸੇਵੀ ਸੰਗਠਨ ਵੀ ਕਾਫੀ ਚੰਗਾ ਕੰਮ ਕਰ ਰਹੇ ਹਨ। ਫੱਟੜਾਂ ਨੂੰ ਹਸਪਤਾਲ਼ਾਂ ਵਿਚ ਸ਼ਿਫਟ ਕਰਨ ਅਤੇ ਖ਼ੂਨਦਾਨੀਆਂ ਦਾ ਪ੍ਰਬੰਧ ਕਰਦੇ ਹਨ। ਹਾਦਸੇ ਦੇੇ ਪਹਿਲੇ ਚਾਰ ਘੰਟਿਆਂ ਨੂੰ ਗੋਲਡਨ ਸਮਾਂ ਕਿਹਾ ਜਾਂਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਜੇਕਰ ਜ਼ਖ਼ਮੀਆਂ ਨੂੰ ਲੋੜੀਂਦੀ ਮੁੱਢਲੀ ਸਹਾਇਤਾ ਮਿਲ ਜਾਵੇ ਤਾਂ ਫੱਟੜ ਦੀ ਜਾਨ ਬਚ ਸਕਦੀ ਹੈ ਤੇ ਜੇ ਵੇਲ਼ਾ ਖੁੰਝ ਜਾਵੇ ਤਾਂ ਮੌਤ ਜਾਂ ਸਾਰੀ ਉਮਰ ਲਈ ਅਪਾਹਜਤਾ ਹੋ ਸਕਦੀ ਹੈ।
*ਸ਼ਰਾਬ ਜਾਂ ਹੋਰ ਕੋਈ ਵੀ ਨਸ਼ਾ ਕਰ ਕੇ ਵਾਹਨ ਨਾ ਚਲਾਓ। ਇਸ ਨਾਲ ਤੁਹਾਨੂੰ ਤਾਂ ਖ਼ਤਰਾ ਹੈ ਹੀ, ਦੂਸਰੇ ਲੋਕਾਂ ਨੂੰ ਵੀ ਖ਼ਤਰਾ ਬਣ ਜਾਂਦਾ ਹੈ, ਉਂਝ ਵੀ ਇਹ ਕਾਨੂੰਨੀ ਜੁਰਮ ਹੈ।
*ਜੇ ਤੁਸੀਂ ਕੋਈ ਹਾਦਸਾ ਵੇਖਦੇ ਹੋ ਤਾਂ ਸੂਝਵਾਨ ਨਾਗਰਿਕ ਦਾ ਸਬੂਤ ਦਿੰਦੇ ਹੋਏ 108 ਨੰਬਰ ਐਂਬੂਲੈਂਸ ’ਤੇ ਪੁਲੀਸ ਨੂੰ ਸੂਚਨਾ ਦਿਓ। ਅਦਾਲਤਾਂ ਦੇ ਹੁਕਮਾਂ ਮੁਤਾਬਕ ਜ਼ਖ਼ਮੀਆਂ ਨੂੰ ਮੈਡੀਕਲ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀ ਨੂੰ ਪੁਲੀਸ ਤੰਗ ਨਹੀਂ ਕਰ ਸਕਦੀ ਬਲਕਿ ਐਸੇ ਬੰਦੇ ਨੂੰ ਸਨਮਾਨਿਤ ਕੀਤਾ ਜਾਂਦਾ ਹੈ।
*ਖ਼ੂਨਦਾਨ ਮਹਾਂ ਦਾਨ ਹੈ; ਸੋ, ਖ਼ੂਨ ਦਾਨੀ ਬਣੋ। ਇਸ ਤਰ੍ਹਾਂ ਦੇ ਮੌਕਿਆਂ ’ਤੇ ਸੇਵਾ ਵਿਚ ਲੱਗੀਆਂ ਹੋਈਆਂ ਸੰਸਥਾਵਾਂ ਨਾਲ ਸੇਵਾ ਵਿਚ ਜੁੱਟੋ।
ਸੰਪਰਕ: 98728-43491