ਮੀਡੀਆ ਨੂੰ ਰਾਸ਼ਟਰ ਵਿਰੋਧੀ ਬਿਆਨਾਂ ’ਤੇ ਸਟੈਂਡ ਸਪੱਸ਼ਟ ਕਰਨਾ ਚਾਹੀਦੈ: ਧਨਖੜ
ਨਵੀਂ ਦਿੱਲੀ, 5 ਅਕਤੂਬਰ
ਉਪ ਰਾਸ਼ਟਰਪਤੀ ਜਗੀਦਪ ਧਨਖੜ ਨੇ ਮੀਡੀਆ ਨੂੰ ਰਾਸ਼ਟਰ ਵਿਰੋਧੀ ਬਿਆਨਾਂ ਅਤੇ ਗਲਤ ਸੂਚਨਾਵਾਂ ਖ਼ਿਲਾਫ਼ ਸਪੱਸ਼ਟ ਰੁਖ਼ ਅਪਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਥੋੜੇ ਸਮੇਂ ਲਈ ਅਸਰ ਪਾਉਣ ਵਾਲੀਆਂ ਘਟਨਾਵਾਂ ਅਕਸਰ ਸੁਰਖੀਆਂ ਬਣ ਜਾਂਦੀਆਂ ਹਨ। ਉਨ੍ਹਾਂ ਜੋੜ-ਤੋੜ ਲਈ ਦੂਜਿਆਂ ਦੇ ਵਿਹਾਰ ਜਾਂ ਭਾਵਨਾਵਾਂ ਨੂੰ ਅਸਰਅੰਦਾਜ਼ ਕਰਨ ਵਾਲੀਆਂ ਖ਼ਬਰਾਂ ਦੀਆਂ ਮਿਸਾਲਾਂ ਦਿੰਦਿਆਂ ਦੁੱਖ ਜ਼ਾਹਿਰ ਕੀਤਾ। ਉਨ੍ਹਾਂ ਕਿਹਾ, ‘ਮੰਨ ਲਵੋ ਕਿ ਇਕ ਅਖ਼ਬਾਰ ’ਚ ਉਪ ਰਾਸ਼ਟਰਪਤੀ ਵੱਲੋਂ ਫ਼ਰਜ਼ੀ ਤਸਵੀਰਾਂ ਪੋਸਟ ਕਰਨ ਦੀ ਖ਼ਬਰ ਪ੍ਰਕਾਸ਼ਿਤ ਹੋਵੇ। ਜਦੋਂ ਇਸ ਵੱਲ ਧਿਆਨ ਦਿਵਾਇਆ ਜਾਂਦਾ ਹੈ ਤਾਂ ਅਖ਼ਬਾਰ ਮੁਆਫ਼ੀ ਮੰਗ ਲੈਂਦਾ ਹੈ। ਪਰ ਮੈਂ ਜਾਣਦਾ ਹਾਂ ਕਿ ਮੈਂ ਆਪਣੀ ਮਰਜ਼ੀ ਨਹੀਂ ਥੋਪ ਸਕਦਾ ਅਤੇ ਮੈਂ ਅਧਿਕਾਰਾਂ ਦੀ ਦੁਰਵਰਤੋਂ ਨਹੀਂ ਕਰ ਸਕਦਾ ਹਾਂ।’ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਮੁਲਕ ’ਚ ਹੱਥ ਫੜ ਕੇ ਅਤੇ ਸਲਾਹ-ਮਸ਼ਵਰਾ ਦੇਣ ਦੀ ਆਦਤ ਵਿਕਸਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਮਾਂ ਜਾਂ ਸੰਸਥਾਵਾਂ ਨੂੰ ਢਾਹ ਨਹੀਂ ਲਗਾ ਸਕਦੇ ਹਾਂ। ‘ਲੋਕਤੰਤਰ ਨੂੰ ਹੱਲਾਸ਼ੇਰੀ ਤਾਂ ਹੀ ਮਿਲਦੀ ਹੈ ਜਦੋਂ ਮੀਡੀਆ ਸਮੇਤ ਉਸ ਦੇ ਸਾਰੇ ਥੰਮ੍ਹ ਬਿਹਤਰ ਪ੍ਰਦਰਸ਼ਨ ਕਰਨ।’ ਧਨਖੜ ਨੇ ਕਿਹਾ ਕਿ ਮੀਡੀਆ ਨੀਤੀਆਂ ਬਣਾਉਣ ਵਾਲਿਆਂ ਅਤੇ ਲੋਕਾਂ ਵਿਚਕਾਰ ਪੁਲ ਦਾ ਕੰਮ ਕਰਦਾ ਹੈ ਅਤੇ ਇਸ ਨੂੰ ਪੱਖਪਾਤੀ ਹਿੱਤਾਂ ਨਾਲ ਕੰਮ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਆਮ ਵਿਅਕਤੀ ਅਤੇ ਰਾਸ਼ਟਰ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਦਾ ਹੈ। ਇਥੇ ਮੀਡੀਆ ਨੈੱਟਵਰਕ ਦੇ ਪ੍ਰੋਗਰਾਮ ’ਚ ਧਨਖੜ ਨੇ ਸੁਝਾਅ ਦਿੱਤਾ ਕਿ ਸੰਪਾਦਕੀ ਸਥਾਨ ਸਾਰਿਆਂ ਲਈ ਬਹੁਤ ਅਹਿਮ ਹੋਣਾ ਚਾਹੀਦਾ ਹੈ ਪਰ ਉਨ੍ਹਾਂ ਇਸ ਦੇ ‘ਗਾਇਬ’ ਹੋਣ ’ਤੇ ਹੈਰਾਨੀ ਜਤਾਈ। ਉਨ੍ਹਾਂ ਕਿਹਾ ਕਿ ਸੰਪਾਦਕੀ ਦਾ ਧਿਆਨ ਲੋਕਾਂ ਨੂੰ ਸੰਵੇਦਨਸ਼ੀਲ ਬਣਾਉਣ ਵੱਲ ਕੇਂਦਰਤ ਹੋਣਾ ਚਾਹੀਦਾ ਹੈ। -ਪੀਟੀਆਈ