For the best experience, open
https://m.punjabitribuneonline.com
on your mobile browser.
Advertisement

ਮੀਡੀਆ ਅਤੇ ਭਰੋਸੇਯੋਗਤਾ ਦਾ ਸਵਾਲ

09:01 AM Jun 16, 2024 IST
ਮੀਡੀਆ ਅਤੇ ਭਰੋਸੇਯੋਗਤਾ ਦਾ ਸਵਾਲ
Advertisement

ਅਰਵਿੰਦਰ ਜੌਹਲ

ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਮੁੱਖ ਧਾਰਾ ਦੇ ਮੀਡੀਆ ਦੀ ਬਜਾਏ ਡਿਜੀਟਲ ਮੀਡੀਆ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਪਿਛਲੇ ਕੁਝ ਸਾਲਾਂ ਦੌਰਾਨ ਰਵਾਇਤੀ ਮੀਡੀਆ ਲਗਾਤਾਰ ਸਰਕਾਰ ਦੇ ‘ਚੀਅਰਲੀਡਰਜ਼’ ਦੀ ਭੂਮਿਕਾ ਨਿਭਾਉਂਦਾ ਰਿਹਾ ਅਤੇ ਮੁੱਖ ਧਾਰਾ ਦੇ ਲਗਭਗ ਸਾਰੇ ਚੈਨਲ ਸੱਤਾਧਾਰੀ ਧਿਰ ਅਤੇ ਸੱਤਾ ਦੇ ਸਿਖ਼ਰ ’ਤੇ ਬੈਠੇ ਆਗੂ ਦੇ ਅਕਸ ਨੂੰ ਉਭਾਰਨ ਵਿੱਚ ਹੀ ਲੱਗੇ ਰਹੇ। ਅਜਿਹੇ ਮਾਹੌਲ ਵਿੱਚ ਵਿਰੋਧੀ ਧਿਰ ਅਤੇ ਉਸ ਦੇ ਆਗੂਆਂ ਕੋਲ ਆਪਣੀ ਗੱਲ ਕਹਿਣ ਲਈ ਕੋਈ ਵੱਡਾ ਤੇ ਵਿਆਪਕ ਮੰਚ ਹੀ ਨਹੀਂ ਸੀ ਬਚਿਆ। ਮੁੱਖ ਧਾਰਾ ਦੇ ਮੀਡੀਆ, ਜਿਸ ਨੂੰ ਹੁਣ ਲੈਗੇਸੀ ਮੀਡੀਆ (Legacy Media) ਵਜੋਂ ਵੀ ਸੱਦਿਆ ਜਾਣ ਲੱਗਿਆ ਹੈ, ਦੀਆਂ ਬਹਿਸਾਂ ਚੋਟੀ ਦੇ ਐਂਕਰਾਂ ਵੱਲੋਂ ਇਉਂ ਵਿਉਂਤੀਆਂ ਜਾਂਦੀਆਂ ਸਨ ਕਿ ਦੇਸ਼ ਭਰ ਵਿੱਚ ਹੋਈਆਂ ਸਾਰੀਆਂ ਗ਼ਲਤੀਆਂ ਲਈ ਕਿਸੇ ਨਾ ਕਿਸੇ ਤਰ੍ਹਾਂ ਵਿਰੋਧੀ ਧਿਰ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਸੀ। ਉਨ੍ਹਾਂ ਵੱਲੋਂ ਉਠਾਏ ਜਾਂਦੇ ਸਵਾਲਾਂ ਨੂੰ ‘ਦੇਸ਼ ਵਿਰੋਧੀ’ ਅਤੇ ‘ਦੇਸ਼ ਦੇ ਸਨਮਾਨ’ ਨੂੰ ਘਟਾਉਣ ਵਾਲਾ ਦੱਸ ਕੇ ਉੱਚੀ ਆਵਾਜ਼ ’ਚ ਬੋਲ ਕੇ ਉਨ੍ਹਾਂ ਨੂੰ ਛੁਟਿਆਉਣ ਅਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ। ਮੀਡੀਆ ਵਿਚਲੇ ਅਜਿਹੇ ਅਸਾਵੇਂ ਅਤੇ ਅਣਸੁਖਾਵੇਂ ਮਾਹੌਲ ਵਿੱਚ ਹੌਲੀ ਹੌਲੀ ਡਿਜੀਟਲ ਪਲੈਟਫਾਰਮ ਵਿਰੋਧੀ ਧਿਰ ਦੀ ਆਵਾਜ਼ ਅਤੇ ਮੰਚ ਬਣੇ।
ਪਿਛਲੇ ਦਸ ਸਾਲਾਂ ਦੌਰਾਨ ਇੱਕ ਹੋਰ ਵਰਤਾਰਾ ਲਗਾਤਾਰ ਜਾਰੀ ਰਿਹਾ, ਉਹ ਸੀ ਲੋਕਾਂ ਦੇ ਅਸਲ ਮੁੱਦੇ ਨਾ ਉਠਾ ਕੇ ਭਾਵੁਕ ਕਿਸਮ ਦੇ ਧਾਰਮਿਕ ਅਤੇ ਇੱਕ ਖ਼ਾਸ ਧਿਰ ਦੇ ਹੱਕ ’ਚ ਸਿਆਸੀ ਬਿਰਤਾਂਤ ਸਿਰਜਣਾ। ਜਦੋਂ ਕੋਈ ਚੀਜ਼ ਵਾਰ ਵਾਰ ਦਿਖਾਈ ਜਾਂਦੀ ਹੈ ਤਾਂ ਹੌਲੀ ਹੌਲੀ ਉਹ ਲੋਕਾਂ ਦੇ ਮਨਾਂ ਵਿੱਚ ਘਰ ਕਰ ਜਾਂਦੀ ਹੈ। ਪਹਿਲਾਂ ਉਹ ਲੋਕਾਂ ਦੀ ਮਾਨਸਿਕਤਾ ਅਤੇ ਫਿਰ ਸੋਚ ਦਾ ਹਿੱਸਾ ਬਣ ਜਾਂਦੀ ਹੈ, ਪ੍ਰਿੰਟ ਮੀਡੀਆ ਨਾਲੋਂ ਸਕਰੀਨ ਮੀਡੀਆ ਇਹ ਭੂਮਿਕਾ ਬਹੁਤ ਅਸਰਦਾਰ ਢੰਗ ਨਾਲ ਨਿਭਾਉਂਦਾ ਹੈ। ਨਿਰਸੰਦੇਹ ਸਾਲ-ਦਰ-ਸਾਲ ਸਕਰੀਨ ਉੱਤੇ ਸਭ ਹਰਾ ਦਿਖਾ ਕੇ ਲੋਕਾਂ ਨੂੰ ਸਾਉਣ ਦੇ ਅੰਨ੍ਹੇ ਬਣਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਹੌਲੀ ਹੌਲੀ ਟੈਲੀਵਿਜ਼ਨ ਦੀ ਸਕਰੀਨ ਤੋਂ ਆਮ ਆਦਮੀ ਦੇ ਸਰੋਕਾਰਾਂ ਅਤੇ ਸਮੱਸਿਆਵਾਂ ਨੂੰ ਲਾਂਭੇ ਕਰ ਦਿੱਤਾ ਗਿਆ। ਇਉਂ ਕਰਨ ਨਾਲ ਸੱਤਾਧਾਰੀਆਂ ਲਈ ਸਮੱਸਿਆ ਪੈਦਾ ਕਰਨ ਵਾਲੇ ਆਮ ਲੋਕਾਂ ਨਾਲ ਜੁੜੇ ਮੁੱਦਿਆਂ ਨੇ ਤਾਂ ਆਪੇ ਹੀ ਗਾਇਬ ਹੋ ਜਾਣਾ ਸੀ।
ਪਿਛਲੀ ਸਦੀ ਦੇ ਆਖ਼ਰੀ ਦਹਾਕੇ ਦੌਰਾਨ ਸੈਟੇਲਾਈਟ ਟੈਲੀਵਿਜ਼ਨ ਚੈਨਲਾਂ ਦੀ ਗਿਣਤੀ ਇਕਦਮ ਵਧੀ ਅਤੇ ਇਹ ਰੁਝਾਨ ਇਸ ਸਦੀ ਦੇ ਪਹਿਲੇ ਦਹਾਕੇ ਦੌਰਾਨ ਵੀ ਜਾਰੀ ਰਿਹਾ। ਇਸ ਨਾਲ ਟੈਲੀਵਿਜ਼ਨ ਦਰਸ਼ਕਾਂ ਦੀ ਗਿਣਤੀ ਵੀ ਵਧੀ। ਇਸ ਦੇ ਨਾਲ ਹੀ ਮਨੋਰੰਜਨ ਤੇ ਨਿਊਜ਼ ਚੈਨਲਾਂ ਦੀ ਗਿਣਤੀ ਵੀ ਵਧਦੀ ਚਲੀ ਗਈ ਅਤੇ ਇਹ ਚੈਨਲ ਟੀਆਰਪੀ (ਟੈਲੀਵਿਜ਼ਨ ਰੇਟਿੰਗ ਪੁਆਇੰਟ) ਦੇ ਜਾਲ ਵਿੱਚ ਉਲਝ ਗਏ ਤਾਂ ਜੋ ਇਸ਼ਤਿਹਾਰਬਾਜ਼ੀ ਰਾਹੀਂ ਵੱਧ ਤੋਂ ਵੱਧ ਪੈਸੇ ਕਮਾਏ ਜਾ ਸਕਣ। ਪੈਸੇ ਕਮਾਉਣ ਦੀ ਖੇਡ ਵਿੱਚ ਪ੍ਰੋਗਰਾਮਾਂ ਦਾ ਮਿਆਰ ਲਗਾਤਾਰ ਹੇਠਾਂ ਡਿੱਗਦਾ ਰਿਹਾ। ਇਉਂ ਹੌਲੀ ਹੌਲੀ ਕੁਝ ਪੂੰਜੀਪਤੀਆਂ ਨੇ ਸੱਤਾ ਦੀ ਸਿਆਸਤ ਨਾਲ ਰਲ ਕੇ ਇਨ੍ਹਾਂ ਚੈਨਲਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ।
ਚੈਨਲਾਂ ਦੀ ਵਧੀ ਹੋਈ ਗਿਣਤੀ ਦਾ ਇਹ ਫ਼ਾਇਦਾ ਜ਼ਰੂਰ ਹੋਇਆ ਕਿ ਇਸ ਨਾਲ ਇਨ੍ਹਾਂ ਚੈਨਲਾਂ ਵਿੱਚ ਕੰਮ ਕਰਨ ਵਾਲੇ ਪੇਸ਼ੇਵਰ ਪੱਤਰਕਾਰਾਂ ਦੀ ਗਿਣਤੀ ਵੀ ਬਹੁਤ ਵਧ ਗਈ। ਇਨ੍ਹਾਂ ਚੈਨਲਾਂ ਵਿੱਚ ਬਹੁਤ ਸਾਰੇ ਪੱਤਰਕਾਰ ਅਜਿਹੇ ਵੀ ਸਨ ਜੋ ਆਰਥਿਕ, ਸਮਾਜਿਕ ਅਤੇ ਰਾਜਨੀਤਕ ਮੁੱਦਿਆਂ ਬਾਰੇ ਸੰਜੀਦਾ ਤੇ ਸੰਵੇਦਨਸ਼ੀਲ ਸਵਾਲ ਉਠਾਉਂਦੇ ਸਨ। ਨਿਸ਼ਚਿਤ ਤੌਰ ’ਤੇ ਜਦੋਂ ਸੱਤਾਧਾਰੀਆਂ ਨੇ ਪੂੰਜੀਪਤੀਆਂ ਦੀ ਮਦਦ ਨਾਲ ਬਹੁਤ ਸਾਰੇ ਵੱਡੇ ਚੈਨਲਾਂ ਨੂੰ ਆਪਣੇ ਰੰਗ ਵਿੱਚ ਰੰਗਣਾ ਸ਼ੁਰੂ ਕੀਤਾ ਤਾਂ ਅਜਿਹੇ ਪੱਤਰਕਾਰਾਂ ਲਈ ਉੱਥੇ ਕੋਈ ਥਾਂ ਨਾ ਰਹੀ। ਜਾਂ ਉਹ ਆਪ ਹੀ ਨੌਕਰੀ ਛੱਡ ਗਏ ਤੇ ਜਾਂ ਫਿਰ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਗਏ ਕਿ ਉਨ੍ਹਾਂ ਨੇ ਬਾਹਰ ਦਾ ਰਾਹ ਫੜਨਾ ਹੀ ਬਿਹਤਰ ਸਮਝਿਆ। ਰਵੀਸ਼ ਕੁਮਾਰ, ਅਜੀਤ ਅੰਜੁਮ, ਪੁਨਯ ਪ੍ਰਸੂਨ ਵਾਜਪਾਈ ਅਤੇ ਇਨ੍ਹਾਂ ਜਿਹੇ ਦਰਜਨਾਂ ਹੋਰ ਪੱਤਰਕਾਰਾਂ ਕੋਲ ਠੋਸ ਲੋਕ ਮੁੱਦਿਆਂ ਬਾਰੇ ਗੱਲ ਕਰਨ ਦਾ ਸਾਹਸ ਸੀ। ਇਨ੍ਹਾਂ ਨੇ ਆਪਣੀ ਗੱਲ ਕਹਿਣ ਲਈ ਹੋਰ ਕੋਈ ਰਾਹ ਨਾ ਦਿਸਦਾ ਹੋਣ ਕਾਰਨ ਨਵੇਂ ਬਦਲਵੇਂ ਮਾਧਿਅਮ ਚੁਣਨ ਦਾ ਮਨ ਬਣਾਇਆ। ਸੋਸ਼ਲ ਮੀਡੀਆ, ਖ਼ਾਸ ਕਰ ਕੇ ਯੂ-ਟਿਊਬ ਨੇ ਉਨ੍ਹਾਂ ਨੂੰ ਅਜਿਹਾ ਪਲੈਟਫਾਰਮ ਮੁਹੱਈਆ ਕਰਵਾਇਆ ਜਿੱਥੇ ਉਹ ਆਮ ਲੋਕਾਂ ਦੇ ਮੁੱਦਿਆਂ ਨੂੰ ਬਹੁਤ ਸ਼ਿੱਦਤ ਨਾਲ ਉਭਾਰ ਸਕਦੇ ਸਨ। ਮੀਡੀਆ ਦੇ ਅਜਿਹੇ ਰੁਖ਼ ਨੂੰ ਦੇਖਦਿਆਂ ਹੀ ਰਾਹੁਲ ਗਾਂਧੀ ਦੀ ‘ਭਾਰਤ ਜੋੜੋ’ ਯਾਤਰਾ ਦੌਰਾਨ ਕਾਂਗਰਸ ਪਾਰਟੀ ਨੇ ਮੁੱਖ ਧਾਰਾ ਦੇ ਮੀਡੀਆ ਦੀ ਬਜਾਏ ਯੂ-ਟਿਊਬਰਜ਼ ਨੂੰ ਤਵੱਜੋ ਦਿੱਤੀ ਅਤੇ ਰਾਹੁਲ ਗਾਂਧੀ ਨੇ ਇੰਟਰਵਿਊਜ਼ ਵੀ ਇਨ੍ਹਾਂ ਨੂੰ ਹੀ ਦਿੱਤੀਆਂ। ਇਸ ਨੂੰ ਲੋਕਾਂ ਨੇ ਵੀ ਭਰਪੂਰ ਹੁੰਗਾਰਾ ਦਿੱਤਾ। ਅਸਲ ਵਿੱਚ ਮੁੱਖ ਧਾਰਾ ਦੇ ਮੀਡੀਆ ਵੱਲੋਂ ਇਕਪਾਸੜ ਤਸਵੀਰ ਹੀ ਪੇਸ਼ ਕੀਤੀ ਜਾਂਦੀ ਰਹੀ ਤੇ ਵਿਰੋਧੀ ਧਿਰ ਦਾ ਬਿਰਤਾਂਤ ਇਸ ’ਚੋਂ ਮਨਫ਼ੀ ਰਿਹਾ। ਲੋਕੀਂ ਦੂਜਾ ਪੱਖ ਵੀ ਜਾਣਨਾ ਚਾਹੁੰਦੇ ਸਨ ਜਿਸ ਕਾਰਨ ਹੌਲੀ ਹੌਲੀ ਉਹ ਯੂ-ਟਿਉੂਬ ਚੈਨਲਾਂ ਵੱਲ ਮੁੜ ਗਏ।
ਅਸਲ ਵਿੱਚ ਰਵਾਇਤੀ ਚੈਨਲ ਆਪਣੇ ਸੱਤਾ ਗੁਣ-ਗਾਣ ਦੇ ਸੁਭਾਅ ਕਾਰਨ ਆਪਣੀ ਭਰੋਸੇਯੋਗਤਾ ਇੱਕ ਤਰ੍ਹਾਂ ਗੁਆ ਚੁੱਕੇ ਹਨ। ਮੌਜੂਦਾ ਸਥਿਤੀ ਵਿੱਚ ਉਨ੍ਹਾਂ ਯੂ-ਟਿਊੁਬ ਚੈਨਲਾਂ ਨੇ ਤੇਜ਼ੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ ਜਿਨ੍ਹਾਂ ਆਪਣੇ ਦਰਸ਼ਕਾਂ ਲਈ ਭਰੋਸੇਯੋਗ ਕੰਟੈਂਟ ਮੁਹੱਈਆ ਕਰਵਾਇਆ। ਪਿਛਲੇ ਦੋ ਸਾਲਾਂ ਦੇ ਅੰਕੜਿਆਂ ’ਤੇ ਨਜ਼ਰ ਮਾਰਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਨ੍ਹਾਂ ਯੂ-ਟਿਊਬ ਚੈਨਲਾਂ ਦੇ ਦਰਸ਼ਕਾਂ ਦੀ ਗਿਣਤੀ ਇੱਕ ਮਹੀਨੇ ਦੌਰਾਨ 3-4 ਕਰੋੜ ਸੀ, ਉਹ ਹੁਣ ਵਧ ਕੇ 35 ਤੋਂ 40 ਕਰੋੜ ਹੋ ਗਈ ਹੈ। ਇਨ੍ਹਾਂ ਸਾਰੇ ਚੈਨਲਾਂ ਦੇ ਦਰਸ਼ਕਾਂ ਦੀ ਕੁੱਲ ਗਿਣਤੀ ਇੱਕ ਮਹੀਨੇ ਦੌਰਾਨ 100 ਕਰੋੜ ਦੇ ਆਸ-ਪਾਸ ਹੋ ਗਈ ਹੈ ਅਤੇ ਇਨ੍ਹਾਂ ਦੇ ਸਬਸਕਰਾਈਬਰਾਂ ਤੇ ਦਰਸ਼ਕਾਂ ’ਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਵੇਲੇ ਯੂ-ਟਿਊਬ ਚੈਨਲਾਂ ’ਚ 4ਪੀਐੱਮ ਚੋਟੀ ’ਤੇ ਹੈ, ਦੂਜੇ ਨੰਬਰ ’ਤੇ ਡੀਬੀ ਲਾਈਵ, ਤੀਜੇ ਨੰਬਰ ’ਤੇ ਅਭਿਸਾਰ ਸ਼ਰਮਾ ਦਾ ਚੈਨਲ, ਚੌਥੇ ’ਤੇ ਰਵੀਸ਼ ਕੁਮਾਰ, ਪੰਜਵੇਂ ’ਤੇ ਧਰੁਵ ਰਾਠੀ, ਗਿਆਰ੍ਹਵੇਂ ’ਤੇ ਅਜੀਤ ਅੰਜੁਮ ਅਤੇ ਚੌਦ੍ਹਵੇਂ ਨੰਬਰ ’ਤੇ ਸਾਕਸ਼ੀ ਜੋਸ਼ੀ, ਪੰਦਰ੍ਹਵੇਂ ’ਤੇ ਪੁਨਯ ਪ੍ਰਸੂਨ ਦਾ ਯੂ-ਟਿਊਬ ਚੈਨਲ ਹੈ।
ਏਐੱਨਆਈ ਦੀ ਸੰਪਾਦਕ ਸਮਿਤਾ ਪ੍ਰਕਾਸ਼ ਵੱਲੋਂ ਹਾਲ ਹੀ ਵਿੱਚ ਇੱਕ ਪੌਡਕਾਸਟ ਦੌਰਾਨ ਯੂ-ਟਿਊਬ ਚੈਨਲਾਂ ਦੇ ਦਰਸ਼ਕਾਂ ਦੀ ਤੇਜ਼ੀ ਨਾਲ ਵਧ ਰਹੀ ਗਿਣਤੀ ਬਾਰੇ ਕੀਤੀ ਗਈ ਗੱਲਬਾਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵਿੱਚ ਉਹ ਦਾਅਵਾ ਕਰਦੀ ਹੈ ਕਿ ਚੋਣ ਪ੍ਰਚਾਰ ਦੌਰਾਨ ਧਰੁਵ ਰਾਠੀ ਦੀਆਂ ਵੀਡੀਓਜ਼ ਟਰੱਕਾਂ ਵਿੱਚ ਪ੍ਰੋਜੈਕਟਰ ਲਿਜਾ ਕੇ ਵੱਖ ਵੱਖ ਥਾਈਂ ਦਿਖਾਈਆਂ ਗਈਆਂ ਹਨ। ਹਾਲਾਂਕਿ ਟਰੱਕਾਂ ਵਾਲੀ ਗੱਲ ਡਿਜੀਟਲ ਇੰਡੀਆ ਦੇ ਸੰਦਰਭ ’ਚ ਹਜ਼ਮ ਕਰਨੀ ਔਖੀ ਲੱਗਦੀ ਹੈ। ਸਮਿਤਾ ਨੂੰ ਗਿਲਾ ਹੈ ਕਿ ਧਰੁਵ ਰਾਠੀ ਅਤੇ ਰਵੀਸ਼ ਕੁਮਾਰ (ਉਨ੍ਹਾਂ ਨੂੰ ਅਲਟਰਾ ਲੈਫਟ ਸੱਦਦੀ ਹੈ) ਦੀਆਂ ਵੀਡੀਓਜ਼ ਤਾਂ ਕਾਂਗਰਸ ਅਤੇ ਇੰਡੀਆ ਗੱਠਜੋੜ ਵੱਲੋਂ ਥਾਂ ਥਾਂ ਦਿਖਾਈਆਂ ਗਈਆਂ ਪਰ ਸੱਜੇ-ਪੱਖੀ ਯੂ-ਟਿਊਬਰ ਅਜੀਤ ਭਾਰਤੀ ਦੀਆਂ ਵੀਡੀਓਜ਼ ਦੇ ਪ੍ਰਚਾਰ-ਪਸਾਰ ਲਈ ਸੱਤਾਧਾਰੀਆਂ ਨੇ ਕੁਝ ਨਹੀਂ ਕੀਤਾ। ਸਮਿਤਾ ਪ੍ਰਕਾਸ਼ ਨੂੰ ਦੁੱਖ ਇਸ ਗੱਲ ਦਾ ਹੈ ਕਿ ਯੂ-ਟਿਊਬ ਦੇ ਚੋਟੀ ਦੇ ਇਨ੍ਹਾਂ ਚੈਨਲਾਂ ਵਿੱਚ ਕੋਈ ਵੀ ਸੱਜੇ-ਪੱਖੀ ਸੋਚ ਵਾਲਾ ਚੈਨਲ ਨਹੀਂ ਹੈ। ਇਸ ਗੱਲਬਾਤ ਵਿੱਚ ਸੋਸ਼ਲ ਮੀਡੀਆ ਅਤੇ ਯੂ-ਟਿਊਬ ਚੈਨਲਾਂ ਨੂੰ ਦੇਖਣ ਵਾਲਿਆਂ ਦੀ ਗਿਣਤੀ ਵਿੱਚ ਹੋਏ ਅਥਾਹ ਵਾਧੇ ਦਾ ਜ਼ਿਕਰ ਵੀ ਆਉਂਦਾ ਹੈ। ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੀ ਸਭ ਤੋਂ ਪਹਿਲੀ ਇੰਟਰਵਿਊ ਕਰਨ ਵਾਲੀ ਸਮਿਤਾ ਪ੍ਰਕਾਸ਼ ਵੱਲੋਂ ਉਨ੍ਹਾਂ ਨੂੰ ਪੁੱਛੇ ਸਵਾਲ, ਕਿ ਕੀ ਇਹ ਚੋਣ ਮਹਿਜ਼ ਫੌਰਮੈਲਿਟੀ ਹੈ? ਕਾਰਨ ਚੋਣ ਨਤੀਜਿਆਂ ਮਗਰੋਂ ਉਸ ਨੂੰ ਤਿੱਖੀ ਤਨਕੀਦ ਦਾ ਸਾਹਮਣਾ ਕਰਨਾ ਪਿਆ। ਇਸ ਪੌਡਕਾਸਟ ਵਿੱਚ ਉਹ ਇਸ ਬਾਰੇ ਸਫ਼ਾਈ ਦਿੰਦਿਆਂ ਸਹਿਜ ਹੀ ਟੀਵੀ ਚੈਨਲਾਂ ’ਤੇ ਵੀ ਸਵਾਲ ਉਠਾਉਂਦੀ ਨਜ਼ਰ ਆਉਂਦੀ ਹੈ। ਉਹ ਕਹਿੰਦੀ ਹੈ, ‘‘ਸਾਰੇ ਲੋਕ ਇਹੀ ਕਹਿ ਰਹੇ ਸਨ। ਸਾਰੇ ਟੀਵੀ ਚੈਨਲ ਵੀ ਇਹੀ ਕਹਿ ਰਹੇ ਸਨ।’’ ਉਹ ਇਹ ਵੀ ਕਹਿੰਦੀ ਹੈ ਕਿ ਭਾਵੇਂ ਟਰੋਲਰਜ਼ ਨੇ ਉਸ ਦੇ ਸਵਾਲ ਦਾ ਪਹਿਲਾ ਹਿੱਸਾ ਕੱਟ ਕੇ ਓਨੀ ਵੀਡੀਓ ਹੀ ਦਿਖਾਈ ਕਿ ਕੀ ਇਹ ਚੋਣ ਮਹਿਜ਼ ਫੌਰਮੈਲਿਟੀ ਹੈ ਪਰ ਇਸ ਤੋਂ ਉਸ ਨੇ ਇਹ ਸਬਕ ਜ਼ਰੂਰ ਸਿੱਖਿਆ ਹੈ ਕਿ ਚੋਣਾਂ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੇ ਪ੍ਰਭਾਵ ਵਿੱਚ ਆ ਕੇ ਉਸ ਨੂੰ ਇਹ ਸਵਾਲ ਇਉਂ ਨਹੀਂ ਪੁੱਛਣਾ ਚਾਹੀਦਾ ਸੀ। ਇਸ ਗੱਲਬਾਤ ਵਿੱਚ ਇਹ ਮੰਨਿਆ ਗਿਆ ਕਿ ਸੋਸ਼ਲ ਮੀਡੀਆ ਤੇ ਯੂ-ਟਿਊੁਬ ਚੈਨਲਾਂ ’ਤੇ ਦਰਸ਼ਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਉਹ ਤਥਾਕਥਿਤ ‘ਲੈਗੇਸੀ’ ਮੀਡੀਆ ਤੋਂ ਉਨ੍ਹਾਂ ਦੇ ਦਰਸ਼ਕ ਖੋਹਣ ਵਿੱਚ ਬਹੁਤ ਹੱਦ ਤੱਕ ਸਫਲ ਰਹੇ ਹਨ। ਕੁਝ ਦਿਨ ਪਹਿਲਾਂ ‘ਟਾਈਮਜ਼ ਨਾਓ’ ਦੀ ਮੈਨੇਜਿੰਗ ਐਡੀਟਰ ਨਾਵਿਕਾ ਕੁਮਾਰ ਨੇ ਆਪਣੇ ਪੰਜ-ਛੇ ਪੱਤਰਕਾਰਾਂ ਨਾਲ ਮੀਟਿੰਗ ਕੀਤੀ ਜਿਸ ’ਚ ਯੂ-ਟਿਊਬ ਚੈਨਲਾਂ ਦੇ ਦਰਸ਼ਕਾਂ ਦੀ ਵਧ ਰਹੀ ਗਿਣਤੀ ਦੀ ਗੱਲ ਕਰਦਿਆਂ ਕਿਹਾ ਗਿਆ ਕਿ ਯੂ-ਟਿਊੁਬਰ ਆਪਣੇ ਦਰਸ਼ਕ ਵਧਣ ’ਤੇ ਐਨਾ ਹੰਗਾਮਾ ਕਿਉਂ ਕਰ ਰਹੇ ਨੇ। ਯੂ-ਟਿਊਬ ਚੈਨਲਾਂ ’ਤੇ ਲੈਗੇਸੀ ਮੀਡੀਆ ਵੱਲੋਂ ਕੀਤੀ ਜਾਂਦੀ ਚਰਚਾ ਹੀ ਇਹ ਗੱਲ ਦੱਸਣ ਲਈ ਕਾਫ਼ੀ ਹੈ ਕਿ ਇਸ ਨਵੇਂ ਮਾਧਿਅਮ ਵੱਲੋਂ ਰਵਾਇਤੀ ਟੈਲੀਵਿਜ਼ਨ ਚੈਨਲਾਂ ਨੂੰ ਵੱਡੀ ਚੁਣੌਤੀ ਪੇਸ਼ ਕੀਤੀ ਜਾ ਰਹੀ ਹੈ।
ਅਸਲ ਮਸਲਾ ਇਹ ਹੈ ਕਿ ਮੁੱਖ ਧਾਰਾ ਦੇ ਚੈਨਲ ਸਥਾਪਤੀ ਦੇ ਹੱਕ ’ਚ ਲਗਾਤਾਰ ਗੀਤ ਗਾਉਣ ਕਾਰਨ ਆਪਣੀ ਭਰੋਸੇਯੋਗਤਾ ਗੁਆ ਚੁੱਕੇ ਹਨ। ਇਨ੍ਹਾਂ ਚੋਣਾਂ ’ਚ ਲਗਭਗ ਸਾਰੇ ਪ੍ਰਮੁੱਖ ਚੈਨਲਾਂ ਵੱਲੋਂ ਐਗਜ਼ਿਟ ਪੋਲਜ਼ ’ਚ ਭਾਜਪਾ ਵੱਲੋਂ ਸਿਰਜੇ ਗਏ ਬਿਰਤਾਂਤ ਮੁਤਾਬਕ ਪਾਰਟੀ ਨੂੰ ਬਹੁਮੱਤ ਤੋਂ ਪਾਰ ਦਿਖਾਇਆ ਗਿਆ। ਪਾਰਟੀ ਦੇ ‘ਚਾਰ ਸੌ ਪਾਰ’ ਦੇ ਨਾਅਰੇ ਨੂੰ ਸਹੀ ਸਾਬਤ ਕਰਨ ਲਈ ਇੱਕ ਸਰਵੇਖਣ ਏਜੰਸੀ ਨੇ ਭਾਜਪਾ ਨੂੰ 401 ਤੱਕ ਪਹੁੰਚਾ ਦਿੱਤਾ। ਉਸ ਨੂੰ ਤਸੱਲੀ ਸੀ ਕਿ ਉਸ ਨੇ ਆਪਣੀ ‘ਨੈਤਿਕ’ ਜ਼ਿੰਮੇਵਾਰੀ ਨੂੰ ਬਹੁਤ ਚੰਗੀ ਤਰ੍ਹਾਂ ਨਿਭਾ ਦਿੱਤਾ ਹੈ। ਪਤਾ ਉਦੋਂ ਲੱਗਿਆ ਜਦੋਂ 401 ਤੋਂ ਪਾਰ ਕਰਨ ਦੇ ਚੱਕਰ ’ਚ ਉਸ ਨੇ ਇੱਕ ਰਾਜ ਦੀਆਂ ਕੁੱਲ ਲੋਕ ਸਭਾ ਸੀਟਾਂ ਤੋਂ ਤਿੰਨ ਵੱਧ ਸੀਟਾਂ ਦਿਖਾ ਦਿੱਤੀਆਂ।
‘ਆਜ ਤਕ’ ਚੈਨਲ ਦੇ ਇੱਕ ਪ੍ਰੋਗਰਾਮ ਵਿੱਚ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਐਂਕਰ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਤੁਹਾਨੂੰ ਫ਼ਿਕਰ ਹੋਣੀ ਚਾਹੀਦੀ ਹੈ ਕਿਉਂਕਿ ਯੂ-ਟਿਊਬਰਜ਼ ਤੁਹਾਨੂੰ ਪਿੱਛੇ ਛੱਡ ਰਹੇ ਹਨ।’’ ਐਂਕਰ ਨੇ ਅੱਗੋਂ ਕਿਹਾ ਕਿ ਪਰ ਫੇਰ ਵੀ ਤੁਸੀਂ ਭਰੋਸੇਯੋਗਤਾ ਅਤੇ ਲੋਕਾਂ ਤੱਕ ਵਡੇਰੀ ਪਹੁੰਚ ਕਾਰਨ ਸਾਡੇ ਮੰਚ ’ਤੇ ਆਏ ਹੋ। ਅਖਿਲੇਸ਼ ਦਾ ਜਵਾਬ ਸੀ ਕਿ ਲੋਕ ਯੂ-ਟਿਊਬਰਜ਼ ਅਤੇ ਯੂ-ਟਿਊਬ ਚੈਨਲਾਂ ’ਤੇ ਵਧੇਰੇ ਭਰੋਸਾ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਸਚਾਈ ਅਤੇ ਇਮਾਨਦਾਰੀ ਨਾਲ ਖ਼ਬਰਾਂ ਦੇ ਰਹੇ ਹਨ ਕਿਉਂਕਿ ਉਹ ਸਬਸਕ੍ਰਿਪਸ਼ਨ ਨਾਲ ਚੱਲਦੇ ਹਨ ਜਦੋਂਕਿ ਕੁਝ ਟੀਵੀ ਚੈਨਲ ਸਿਆਸੀ ਪਾਰਟੀ ਅਤੇ ਸਰਕਾਰੀ ਡੋਨੇਸ਼ਨ ਨਾਲ ਚੱਲਦੇ ਹਨ। ਬੇਸ਼ੱਕ, ਅਜਿਹੇ ਚੈਨਲਾਂ ਕੋਲ ਵਧੇਰੇ ਸਾਧਨ, ਬਿਹਤਰ ਸਟੂਡੀਓ ਤੇ ਹੋਰ ਤਾਮ-ਝਾਮ ਹੈ ਪਰ ਯੂ-ਟਿਊਬ ਚੈਨਲਾਂ ਨੇ ਸੀਮਤ ਸਾਧਨ ਹੋਣ ਦੇ ਬਾਵਜੂਦ ਭਰੋਸੇਯੋਗਤਾ ਕਮਾਈ ਤੇ ਵੱਡੇ ਚੈਨਲਾਂ ਨੂੰ ਟੱਕਰ ਦਿੱਤੀ ਹੈ।
ਰਵਾਇਤੀ ਪ੍ਰਿੰਟ ਮੀਡੀਆ ਦਾ ਘੇਰਾ ਲਗਾਤਾਰ ਸੁੰਗੜ ਰਿਹਾ ਹੈ ਤੇ ਟੈਲੀਵਿਜ਼ਨ ਦੇ ਦਰਸ਼ਕਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਨਵੀਂ ਪੀੜ੍ਹੀ ਸਿਰਫ਼ ਡਿਜੀਟਲ ਮੀਡੀਆ ਨਾਲ ਜੁੜ ਰਹੀ ਹੈ। ਜ਼ਿੰਦਗੀ ਦੇ ਹਰ ਖੇਤਰ ਵਿੱਚ ਸੋਸ਼ਲ ਮੀਡੀਆ ਤੇ ਖ਼ਾਸ ਕਰ ਕੇ ਮਸਨੂਈ ਬੌਧਿਕਤਾ (artificial intelligence) ਦੁਆਰਾ ਸੰਚਾਲਿਤ ਮਾਧਿਅਮ ਮਨੁੱਖ ’ਤੇ ਹਾਵੀ ਹੋ ਰਹੇ ਹਨ। ਇਹ ਮਨੁੱਖ ਦੀ ਮਾਨਸਿਕਤਾ, ਸੋਚ ਤੇ ਵਿਹਾਰ ਨੂੰ ਤੇਜ਼ੀ ਨਾਲ ਬਦਲ ਰਹੇ ਹਨ। ਭਵਿੱਖ ਵਿੱਚ ਸਿਆਸੀ ਸਰਗਰਮੀਆਂ ਸਮੇਤ ਕਿਸੇ ਵੀ ਘਟਨਾਕ੍ਰਮ ’ਚ ਇਸ ਦੀ ਭੂਮਿਕਾ ਬਹੁਤ ਅਹਿਮ ਰਹਿਣ ਵਾਲੀ ਹੈ। ਸੋਸ਼ਲ ਮੀਡੀਆ ਨੇ ਇੱਕ ਨਵੀਂ ਸਾਈਬਰ ਸਪੇਸ ਪੈਦਾ ਕਰ ਦਿੱਤੀ ਹੈ। 2029 ’ਚ ਹੋਣ ਵਾਲੀਆਂ ਚੋਣਾਂ ’ਚ ਪ੍ਰਸਥਿਤੀ ਬਹੁਤ ਬਦਲ ਜਾਵੇਗੀ ਕਿਉਂਕਿ ਤਕਨਾਲੋਜੀ ਬਹੁਤ ਤੇਜ਼ੀ ਨਾਲ ਮਨੁੱਖ ਅਤੇ ਸਮੁੱਚੇ ਸਮਾਜ ਨੂੰ ਆਪਣੀ ਜਕੜ ’ਚ ਲੈ ਰਹੀ ਹੈ। ਬਹੁਤ ਸਾਰੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਵਰਤਾਰਿਆਂ ਨਾਲੋਂ ਤਕਨਾਲੋਜੀ ਦੇ ਇਸ ਵਿਕਾਸ ਅਤੇ ਵੱਖ ਵੱਖ ਖੇਤਰਾਂ ਨੂੰ ਪ੍ਰਭਾਵਿਤ ਕਰਨ ਵਾਲੀ ਇਸ ਦੀ ਤਾਕਤ ਅਗਲੀਆਂ ਚੋਣਾਂ ਦੇ ਨਤੀਜਿਆਂ ਨੂੰ 2024 ਨਾਲੋਂ ਵੀ ਕਿਤੇ ਜ਼ਿਆਦਾ ਜ਼ੋਰਦਾਰ ਢੰਗ ਨਾਲ ਪ੍ਰਭਾਵਿਤ ਕਰੇਗੀ।

Advertisement

Advertisement
Author Image

sukhwinder singh

View all posts

Advertisement
Advertisement
×