ਮਜ਼ਦੂਰ ਮੁਕਤੀ ਮੋਰਚਾ ਵਿੱਢੇਗਾ ‘ਮਜ਼ਦੂਰ ਸਮਾਜ ਜੋੜੋ’ ਮੁਹਿੰਮ
ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 2 ਦਸੰਬਰ
ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਮਜ਼ਦੂਰਾਂ ਦੇ ਭਖ਼ਦੇ ਮਸਲਿਆਂ ਨੂੰ ਲੈ ਕੇ ਸੂਬੇ ਅੰਦਰ 5 ਦਸੰਬਰ ਤੋਂ 5 ਫਰਵਰੀ ਤੱਕ ‘ਮਜ਼ਦੂਰ ਸਮਾਜ ਜੋੜੋ’ ਚੇਤਨਾ ਮੁਹਿੰਮ ਚਲਾਵੇਗਾ। ਇਹ ਐਲਾਨ ਅੱਜ ਇੱਥੇ ਟੀਚਰਜ਼ ਹੋਮ ਵਿੱਚ ਮੋਰਚੇ ਦੇ ਸੂਬਾ ਜਨਰਲ ਸਕੱਤਰ ਹਰਵਿੰਦਰ ਸੇਮਾ ਦੀ ਪ੍ਰਧਾਨਗੀ ਹੇਠ ਹੋਈ ਮਜ਼ਦੂਰ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਜਿੱਥੇ ਕੇਂਦਰ ਦੀ ਭਾਜਪਾ ਸਰਕਾਰ ਡਾ. ਅੰਬੇਡਕਰ ਵੱਲੋਂ ਸਥਾਪਤ ਕੀਤੇ ਭਾਰਤੀ ਸੰਵਿਧਾਨ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਹੈ, ਉਥੇ ਪੰਜਾਬ ਸਰਕਾਰ ਦਲਿਤਾਂ ਤੇ ਮਜ਼ਦੂਰਾਂ ਨੂੰ ਪਹਿਲਾਂ ਤੋਂ ਮਿਲਦੇ ਅਧਿਕਾਰਾਂ ਨੂੰ ਕਮਜ਼ੋਰ ਕਰਨ ’ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਡਾ. ਅੰਬੇਡਕਰ ਦੀਆਂ ਤਸਵੀਰਾਂ ਲਾਉਣ ਵਾਲੇ ਮੁੱਖ ਮੰਤਰੀ ਨੇ ਸੱਤਾ ਉੱਪਰ ਬੈਠ ਕੇ ਦਲਿਤਾਂ ਤੇ ਮਜ਼ਦੂਰਾਂ ਲਈ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸੱਤਾਧਾਰੀ ਹਾਕਮ ਦਲਿਤਾਂ ਦੀਆਂ ਵੋਟਾਂ ਤਾਂ ਲੈਣਾ ਚਾਹੁੰਦੇ ਹਨ, ਪਰ ਦਲਿਤਾਂ ਨੂੰ ਬੁਨਿਆਦੀ ਸਹੂਲਤਾਂ ਨਹੀਂ ਦੇਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਮੇਂ ਸਿਰ ਵਜ਼ੀਫ਼ਾ ਨਾ ਮਿਲਣ ਕਾਰਨ ਦਲਿਤ ਵਿਦਿਆਰਥੀਆਂ ਨੂੰ ਪ੍ਰਾਈਵੇਟ ਕਾਲਜਾਂ ਵਿੱਚ ਜ਼ਲੀਲ ਹੋਣਾ ਪੈਂਦਾ ਹੈ ਅਤੇ ਗਰੀਬ ਲੋਕਾਂ ਨੂੰ ਇਲਾਜ ਲਈ ਕਾਰਡਾਂ ਦੀ ਰਾਸ਼ੀ ਜਾਰੀ ਨਾ ਹੋਣ ਕਾਰਨ ਰੁਲਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਐੱਸਸੀ/ਬੀਸੀ ਸਮਾਜ ਦੀ ਸਭ ਤੋਂ ਵੱਡੀ ਗਿਣਤੀ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਦਲਿਤ ਸਮਾਜ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਇਸ ਮੌਕੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ, ਸੂਬਾ ਮੀਤ ਪ੍ਰਧਾਨ ਇੰਜੀਨੀਅਰ ਰਜਿੰਦਰ ਸਿੰਘ ਮੌੜ, ਜ਼ਿਲ੍ਹਾ ਆਗੂ ਸੁਖਜੀਵਨ ਸਿੰਘ ਮੌੜ, ਡੀ ਸੀ ਕੋਟੜਾ, ਮਿੱਠੂ ਸਿੰਘ ਚਾਓਕੇ, ਨਾਇਬ ਸਿੰਘ ਬਠਿੰਡਾ, ਗੁਰਮੇਲ ਸਿੰਘ ਦਾਨਗੜ੍ਹ ਅਤੇ ਨੈਬ ਸਿੰਘ ਬਹਿਮਣ ਹਾਜ਼ਰ ਸਨ।