ਮਜ਼ਦੂਰ ਮੁਕਤੀ ਮੋਰਚਾ ਜੁਗਾੜੂ ਰੇਹੜੀਆਂ ਦੇ ਹੱਕ ’ਚ ਆਇਆ
ਸ਼ਗਨ ਕਟਾਰੀਆ
ਬਠਿੰਡਾ, 21 ਅਗਸਤ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਮੋਟਰਸਾਈਕਲ ਰੇਹੜੀਆਂ ਵਾਲਿਆਂ ਦੇ ਹੱਕ ਵਿਚ ਆ ਗਿਆ ਹੈ। ਮੋਰਚੇ ਵੱਲੋਂ ਐਲਾਨ ਕੀਤਾ ਗਿਆ ਕਿ ਜੇ ਸਰਕਾਰ ਨੇ ਅਜਿਹੀਆਂ ਰੇਹੜੀਆਂ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਅਮਲ ਵਿਚ ਲਿਆਂਦੀ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ।
ਇਥੇ ਸਰਕਟ ਹਾਊਸ ਵਿੱਚ ਇਕੱਠੇ ਹੋਏ ਜ਼ਿਲ੍ਹੇ ਦੇ ਮੋਟਰਸਾਈਕਲ ਰੇਹੜੀਆਂ ਵਾਲੇ ਦੇ ਚਾਲਕਾਂ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਅਤੇ ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ ਨੇ ਕਿਹਾ ਕਿ ਜੇ ਸਰਕਾਰ ਨੇ ਮੋਟਰਸਾਈਕਲ ਰੇਹੜੀਆਂ ਬੰਦ ਕਰਨ ਦੀ ਨੀਤੀ ਲਾਗੂ ਕੀਤੀ ਤਾਂ ਪੂਰੇ ਪੰਜਾਬ ਅੰਦਰ ਮੋਟਰਸਾਈਕਲ ਰੇਹੜੀ ਮਜ਼ਦੂਰ ਰੁਜ਼ਗਾਰ ਬਚਾਓ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਤਾਂ ਦੂਰ ਦੀ ਗੱਲ, ਮਜ਼ਦੂਰਾਂ ਤੋਂ ਸਵੈ ਰੁਜ਼ਗਾਰ ਹੀ ਖੋਹਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਚੱਲ ਰਹੀਆਂ ਮੋਟਰਸਾਈਕਲ ਰੇਹੜੀਆਂ ਨੂੰ ਘੱਟੋ ਘੱਟ ਭਾਰ ਢੋਣ ਦੀ ਮਾਨਤਾ ਦਿਵਾਉਣ ਲਈ ਸੂਬੇ ਵਿੱਚ ਮਜ਼ਦੂਰ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਰਾਮਪੁਰਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ‘ਡਾ. ਅੰਬੇਡਕਰ ਮੋਟਰਸਾਈਕਲ ਰੇਹੜੀ ਮਜ਼ਦੂਰ ਯੂਨੀਅਨ’ ਦਾ ਗਠਨ ਕੀਤਾ ਗਿਆ। ਇਸ ਦੀ 27 ਮੈਂਬਰੀ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਕਮੇਟੀ ਨੇ ਪ੍ਰਿਤਪਾਲ ਸਿੰਘ ਜ਼ਿਲ੍ਹਾ ਪ੍ਰਧਾਨ, ਮਨਪ੍ਰੀਤ ਸਿੰਘ ਗਾਟਵਾਲੀ ਨੂੰ ਸਕੱਤਰ, ਅਰਨ ਕੁਮਾਰ ਤਲਵੰਡੀ ਨੂੰ ਖ਼ਜ਼ਾਨਚੀ, ਰਾਮ ਸਿੰਘ ਭਗਤਾ ਭਾਈ ਕਾ ਨੂੰ ਸਹਾਇਕ ਸਕੱਤਰ, ਟੇਕ ਸਿੰਘ ਮੌੜ ਨੂੰ ਮੀਤ ਪ੍ਰਧਾਨ ਅਤੇ ਭੁਪਿੰਦਰ ਸਿੰਘ ਮਾਨਾ ਰਾਮਪੁਰਾ ਨੂੰ ਜ਼ਿਲ੍ਹਾ ਕਮੇਟੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਮੌਕੇ ਜਗਦੀਪ ਸਿੰਘ ਫੂਲ, ਰਾਜਾ ਸਿੰਘ ਨੇ ਵੀ ਸੰਬੋਧਨ ਕੀਤਾ।