ਕੂੜੇ ਦੇ ਹੱਲ ਲਈ ਮੇਅਰ ਅਤੇ ਡਿਪਟੀ ਮੇਅਰ ਸਰਗਰਮ
ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਨਵੰਬਰ
ਸਫ਼ਾਈ ਦੇ ਮੁੱਦਿਆਂ ਨੂੰ ਹੱਲ ਕਰਨ ਲਈ, ਦਿੱਲੀ ਦੇ ਨਵ-ਨਿਯੁਕਤ ਮੇਅਰ ਮਹੇਸ਼ ਕੁਮਾਰ ਖਿੱਚੀ ਨੇ ਡਿਪਟੀ ਮੇਅਰ ਰਵਿੰਦਰ ਭਾਰਦਵਾਜ ਅਤੇ ਸਥਾਨਕ ਅਧਿਕਾਰੀਆਂ ਨਾਲ ਆਪਣਾ ਪਹਿਲਾ ਅਧਿਕਾਰਤ ਨਿਰੀਖਣ ਸ਼ੁਰੂ ਕੀਤਾ। ਉਨ੍ਹਾਂ ਸ਼ਹਿਰ ਵਿੱਚ ਜਮ੍ਹਾਂ ਹੋਏ ਕੂੜੇ ਦਾ ਹੱਲ ਕਰਨ ਦੀ ਗੱਲ ਕੀਤੀ। ਇਸ ਮੌਕੇ ਵਸੰਤ ਵਿਹਾਰ ਵਾਰਡ ਦੇ ਦੌਰੇ ਦੌਰਾਨ ਦਿੱਲੀ ਦੇ ਮੇਅਰ ਨੇ ਜ਼ਮੀਨੀ ਪੱਧਰ ’ਤੇ ਸਥਿਤੀਆਂ ਨੂੰ ਸੁਧਾਰਨ ਲਈ ਪ੍ਰਭਾਵੀ ਹੱਲਾਂ ਨੂੰ ਤਰਜੀਹ ਦਿੰਦੇ ਹੋਏ ਇਨ੍ਹਾਂ ਚਿੰਤਾਵਾਂ ਨੂੰ ਹੱਲ ਕਰਨ ਲਈ ਤੇਜ਼ੀ ਨਾਲ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਸਥਾਨਕ ਵਿਧਾਇਕ ਪਰਮਿਲਾ ਟੋਕਸ, ਕੌਂਸਲਰ ਹਿਮਾਨੀ ਜੈਨ ਅਤੇ ਐਮਸੀਡੀ ਦੇ ਅਧਿਕਾਰੀ ਵੀ ਮੌਜੂਦ ਸਨ।
ਇਸ ਦੌਰਾਨ ਮੇਅਰ ਮਹੇਸ਼ ਕੁਮਾਰ ਖਿੱਚੀ ਨੇ ਕਿਹਾ ਕਿ ਮੇਅਰ ਦਾ ਅਹੁਦਾ ਸੰਭਾਲਣ ਤੋਂ ਬਾਅਦ, ਇਹ ਸਾਡੀ ਪਹਿਲੀ ਅਧਿਕਾਰਤ ਯਾਤਰਾ ਹੈ। ਇਸ ਦੌਰੇ ਵਿੱਚ ਉਸ ਨਾਲ ਡਿਪਟੀ ਮੇਅਰ ਰਵਿੰਦਰ ਭਾਰਦਵਾਜ, ਸਥਾਨਕ ਵਿਧਾਇਕ ਪਰਮਿਲਾ ਟੋਕਸ, ਕੌਂਸਲਰ ਹਿਮਾਨੀ ਜੈਨ ਅਤੇ ਕਈ ਅਧਿਕਾਰੀ ਹਨ। ਸਾਡੇ ਦੌਰੇ ਦਾ ਉਦੇਸ਼ ਕੂੜਾ ਇਕੱਠਾ ਕਰਨ ਵਾਲੇ ਸਥਾਨਾਂ ਦਾ ਮੁਆਇਨਾ ਕਰਨਾ ਹੈ। ਉਹ ਮੌਜੂਦਾ ਪ੍ਰਬੰਧਾਂ ਦਾ ਮੁਲਾਂਕਣ ਕਰਨ, ਚਿੰਤਾ ਦੇ ਖੇਤਰਾਂ ਦੀ ਪਛਾਣ ਕਰਨ ਅਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਉਦੇਸ਼ ਇਨ੍ਹਾਂ ਮੁੱਦਿਆਂ ਨੂੰ ਤੁਰੰਤ ਹੱਲ ਕਰਨਾ ਹੈ। ਇਨ੍ਹਾਂ ਚਿੰਤਾਵਾਂ ਨੂੰ ਹੱਲ ਕਰਨਾ ਸਾਡੀ ਪ੍ਰਮੁੱਖ ਤਰਜੀਹ ਹੈ, ਅਤੇ ਅਸੀਂ ਸਥਿਤੀਆਂ ਨੂੰ ਸੁਧਾਰਨ ਲਈ ਤੇਜ਼ੀ ਨਾਲ ਅਤੇ ਨਿਰਣਾਇਕ ਕਾਰਵਾਈ ਕਰਨ ਲਈ ਵਚਨਬੱਧ ਹਾਂ।
ਡਿਪਟੀ ਮੇਅਰ ਨੇ ਲੋਕਾਂ ਤੋਂ ਮੰਗਿਆ ਸਹਿਯੋਗ
ਡਿਪਟੀ ਮੇਅਰ ਰਵਿੰਦਰ ਭਾਰਦਵਾਜ ਨੇ ਕਿਹਾ ਕਿ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਸੰਤ ਵਿਹਾਰ ਵਾਰਡ ਦਾ ਦੌਰਾ ਕੀਤਾ ਗਿਆ। ਇਹ ਦਿੱਲੀ ਨੂੰ ਸਾਫ਼ ਅਤੇ ਸੁੰਦਰ ਸ਼ਹਿਰ ਵਿੱਚ ਬਦਲਣ ਦੇ ਅਰਵਿੰਦ ਕੇਜਰੀਵਾਲ ਦੇ ਵਿਜ਼ਨ ਦੇ ਅਨੁਸਾਰ ਹੈ। ਇਸ ਵਿਜ਼ਨ ਨੂੰ ਅੱਗੇ ਵਧਾਉਣ ਲਈ ਹੇਠਲੇ ਪੱਧਰ ’ਤੇ ਕੰਮ ਜਾਰੀ ਹਨ ਅਤੇ ਸਾਡੇ ਵਿਧਾਇਕਾਂ, ਕੌਂਸਲਰਾਂ, ਅਤੇ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਸਣੇ ਪੂਰੀ ਦਿੱਲੀ ਨਗਰ ਨਿਗਮ ਟੀਮ ਸਰਗਰਮ ਹੈ। ਇਸ ਸਬੰਧੀ ਸਰਗਰਮੀ ਨਾਲ ਦਿੱਲੀ ਦੇ ਹਰ ਵਾਰਡ ਦੀਆਂ ਗਲੀਆਂ ਅਤੇ ਇਲਾਕਿਆਂ ਦਾ ਦੌਰਾ ਕਰ ਰਹੇ ਹਾਂ। ਡਿਪਟੀ ਮੇਅਰ ਨੇ ਕਿਹਾ ਕਿ ਇਕੱਠੇ ਮਿਲ ਕੇ ਸਥਿਤੀ ਦਾ ਮੁਲਾਂਕਣ ਕਰਨਾ ਅਤੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨਾ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਨੂੰ ਅੱਗੇ ਵਧਾਉਣ ਲਈ ਦਿੱਲੀ ਦੇ ਹਰ ਵਾਰਡ ਦਾ ਦੌਰਾ ਕਰਨ, ਵਸਨੀਕਾਂ ਨੂੰ ਮਿਲਣ ਅਤੇ ਸ਼ਹਿਰ ਨੂੰ ਬਿਹਤਰ ਬਣਾਉਣ ਦੇ ਸਾਂਝੇ ਟੀਚੇ ਲਈ ਕੰਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਇਸ ਸਬੰਧੀ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।