ਰਾਜਧਾਨੀ ’ਚ ਹਵਾ ਗੁਣਵੱਤਾ ਹਾਲੇ ਵੀ ‘ਗੰਭੀਰ’
ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਨਵੰਬਰ
ਕੌਮੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਅਜੇ ਵੀ ‘ਗੰਭੀਰ’ ਸ਼੍ਰੇਣੀ ਵਿੱਚ ਬਰਕਰਾਰ ਬਣੀ ਹੋਈ ਹੈ। ਸਭ ਤੋਂ ਵੱਧ ਪ੍ਰਦੂਸ਼ਿਤ ਸਥਾਨ 454 ਏਕਿਊਆਈ ਦੇ ਨਾਲ ਸ਼ਾਦੀਪੁਰ ਰਿਹਾ ਅਤੇ ਉਸ ਤੋਂ ਬਾਅਦ ਨਰੇਲਾ 444 ਏਕਿਊਆਈ ਨਾਲ ਗੰਭੀਰ ਸ਼੍ਰੇਣੀ ਵਿੱਚ ਸੀ। ਰਾਜਧਾਨੀ ਦੀ ਹਵਾ ਦਾ ਸਵੇਰੇ 7 ਵਜੇ ਦਿੱਲੀ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ 406 ਰਿਹਾ। ਅਸ਼ੋਕ ਵਿਹਾਰ (438), ਬਵਾਨਾ (438), ਆਨੰਦ ਵਿਹਾਰ (436), ਦਵਾਰਕਾ (415), ਮੁੰਡਕਾ (423), ਆਰਕੇ ਪੁਰਮ (401), ਬੁਰਾੜੀ ਕਰਾਸਿੰਗ (435), ਅਤੇ ਜਹਾਂਗੀਰਪੁਰੀ (445) ਵਰਗੇ ਖੇਤਰਾਂ ਵਿੱਚ ਵੀ ਏਕਿਊਆਈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਵੇਰੇ 7 ਵਜੇ ਪ੍ਰਕਾਸ਼ਿਤ ਅੰਕੜਿਆਂ ਅਨੁਸਾਰ ‘ਗੰਭੀਰ’ ਜ਼ੋਨ ਵਿੱਚ ਸੀ। ਇਸ ਦੌਰਾਨ ਸਵੇਰੇ 7.30 ਵਜੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵਿਜ਼ੀਬਿਲਟੀ 500 ਮੀਟਰ ’ਤੇ ਸੀ।
ਫਰੀਦਾਬਾਦ (ਪੱਤਰ ਪ੍ਰੇਰਕ): ਫਰੀਦਾਬਾਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਦੂਸ਼ਣ ਕਾਬੂ ਕਰਨ ਲਈ ਜੀਆਰਏਪੀ 3 ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ ਗਈ ਹੈ। ਕੇਂਦਰੀ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (ਸੀਏਕਿਊਐੱਮ) ਨੇ ਫਰੀਦਾਬਾਦ ਅਤੇ ਕੌਮੀ ਰਾਜਧਾਨੀ ਖੇਤਰ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਅਤੇ ਆਦੇਸ਼ ਜਾਰੀ ਕੀਤੇ ਹਨ। ਵਿਭਾਗਾਂ ਨੂੰ ਆਪਣੇ ਜ਼ਿਲ੍ਹੇ ਵਿੱਚ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਾ ਹੋਵੇਗਾ, ਸਬੰਧਤ ਵਿਭਾਗ ਦੇ ਮੁਖੀ ਨੂੰ ਇੱਕ ਨੋਡਲ ਅਫਸਰ ਨਿਯੁਕਤ ਕਰਨਾ ਚਾਹੀਦਾ ਹੈ ਅਤੇ ਨਿਯਮਿਤ ਤੌਰ ’ਤੇ ਏਟੀਆਰ ਭੇਜਣਾ ਯਕੀਨੀ ਬਣਾਉਣਾ ਚਾਹੀਦਾ ਹੈ। ਫਰੀਦਾਬਾਦ ਦੇ ਡੀਸੀ ਵਿਕਰਮ ਸਿੰਘ ਨੇ ਨਗਰ ਨਿਗਮ, ਐੱਸਐੱਸਆਈਆਈਡੀਸੀ, ਪ੍ਰਦੂਸ਼ਣ ਕੰਟਰੋਲ ਬੋਰਡ, ਐੱਚਐੱਸਵੀਪੀ, ਮਾਈਨਿੰਗ ਅਤੇ ਨਿਰਮਾਣ ਕਾਰਜਾਂ ਨਾਲ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹੇ ਵਿੱਚ ਨਿਰਮਾਣ ਸਥਾਨਾਂ ਅਤੇ ਉਦਯੋਗਿਕ ਇਕਾਈਆਂ ਦਾ ਲਗਾਤਾਰ ਦੌਰਾ ਕਰਨ ਅਤੇ ਉਲੰਘਣਾਵਾਂ, ਬੇਨਿਯਮੀਆਂ ਅਤੇ ਅਣਗਹਿਲੀ ਪਾਏ ਜਾਣ ’ਤੇ ਤੁਰੰਤ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਥਾਵਾਂ ’ਤੇ ਪਾਣੀ ਦਾ ਛਿੜਕਾਅ ਕੀਤਾ ਜਾਵੇਗਾ। ਡੀਸੀ ਨੇ ਕਿਹਾ ਕਿ ਉੱਚੀ ਧੂੜ ਵਾਲੀਆਂ ਥਾਵਾਂ ਦੀ ਨਿਸ਼ਾਨਦੇਹੀ ਕਰਕੇ ਲੋੜੀਂਦੇ ਕਦਮ ਚੁੱਕੇ ਜਾਣ। ਕੂੜੇ ਦੇ ਢੇਰਾਂ ਅਤੇ ਸਾਰੀਆਂ ਵੱਡੀਆਂ ਸੜਕਾਂ ’ਤੇ ਜਿੱਥੇ ਭਾਰੀ ਆਵਾਜਾਈ ਹੁੰਦੀ ਹੈ, ਕੂੜੇ ਨੂੰ ਸਾੜਨ ਦੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਅਜਿਹੀਆਂ ਥਾਵਾਂ ‘ਤੇ ਨਿਯਮਤ ਤੌਰ ’ਤੇ ਪਾਣੀ ਦਾ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ। ਆਰਡਬਲਿਊਏ ਅਤੇ ਹੋਰ ਐਸੋਸੀਏਸ਼ਨਾਂ ਨਾਲ ਸੰਪਰਕ ਕਰਕੇ, ਗਰੁੱਪ 3 ਦੇ ਨਿਯਮਾਂ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਉਸਾਰੀ ਸਥਾਨਾਂ ਅਤੇ ਉਦਯੋਗਿਕ ਇਕਾਈਆਂ ਦਾ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ।
ਵਿਦਿਆਰਥੀਆਂ ਲਈ ਮਾਸਕ ਲਾਜ਼ਮੀ ਕਰਾਰ
ਨਵੀਂ ਦਿੱਲੀ (ਪੱਤਰ ਪ੍ਰੇਰਕ): ਵਧਦੇ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ ਭਰ ਦੇ ਪ੍ਰਾਇਮਰੀ ਸਕੂਲਾਂ ਵਿੱਚ ਸਰੀਰਕ ਜਮਾਤਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਅਧਿਕਾਰੀ ਛੇਵੀਂ ਅਤੇ ਇਸ ਤੋਂ ਵੱਧ ਜਮਾਤ ਦੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕ ਰਹੇ ਹਨ, ਜੋ ਆਪਣੀਆਂ ਜਮਾਤਾਂ ਵਿੱਚ ਆਫਲਾਈਨ ਹਾਜ਼ਰ ਹੋਣਗੇ। ਦਵਾਰਕਾ ਵਿੱਚ ਆਈਟੀਐਲ ਪਬਲਿਕ ਸਕੂਲ ਦੀ ਪ੍ਰਿੰਸੀਪਲ ਸੁਧਾ ਆਚਾਰੀਆ ਨੇ ਸਕੂਲ ਨੂੰ ਇੱਕ ਸਲਾਹ ਜਾਰੀ ਕੀਤੀ ਜਿਸ ਵਿੱਚ ਕਾਰਪੂਲਿੰਗ, ਹਾਈਡਰੇਟਿਡ ਰਹਿਣਾ ਅਤੇ ਐਂਟੀਆਕਸੀਡੈਂਟ-ਅਮੀਰ ਖੁਰਾਕ ਬਣਾਈ ਰੱਖਣ ਵਰਗੀਆਂ ਵਾਤਾਵਰਨ-ਅਨੁਕੂਲ ਆਦਤਾਂ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਨੂੰ ਉਜਾਗਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਕੂਲ ਜਾਣ ਵਾਲੇ ਵਿਦਿਆਰਥੀਆਂ ਲਈ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਹਨ। ਬਾਹਰੀ ਗਤੀਵਿਧੀਆਂ ’ਤੇ ਪਾਬੰਦੀ ਹੈ। ਪੜ੍ਹਨ, ਪੇਂਟਿੰਗ, ਸ਼ਿਲਪਕਾਰੀ ਅਤੇ ਸ਼ਤਰੰਜ ਅਤੇ ਕੈਰਮ ਵਰਗੀਆਂ ਖੇਡਾਂ ਵਰਗੀਆਂ ਸਰਗਰਮੀਆਂ ਜਾਰੀ ਰੱਖੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਐੱਨ95 ਮਾਸਕ ਦੀ ਵਰਤੋਂ ਨੂੰ ਲਾਜ਼ਮੀ ਕੀਤਾ ਹੈ, ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖਣ ਦੀ ਸਲਾਹ ਦਿੱਤੀ ਗਈ ਹੈ। ਪਿਛਲੇ ਦਿਨ 15 ਨਵੰਬਰ ਨੂੰ ਮੁੱਖ ਮੰਤਰੀ ਆਤਿਸ਼ੀ ਨੇ ਐਲਾਨ ਕੀਤਾ ਸੀ ਕਿ ਅਗਲੇ ਨੋਟਿਸ ਤੱਕ 5ਵੀਂ ਜਮਾਤ ਤੱਕ ਦੇ ਸਾਰੇ ਸਕੂਲ ਆਨਲਾਈਨ ਪੜ੍ਹਾਈ ਵਿੱਚ ਤਬਦੀਲ ਹੋ ਜਾਣਗੇ। ਸਿੱਖਿਆ ਡਾਇਰੈਕਟੋਰੇਟ ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ ਅਤੇ ਨਵੀਂ ਦਿੱਲੀ ਮਿਉਂਸਿਪਲ ਕੌਂਸਲ ਵੱਲੋਂ ਚਲਾਏ ਜਾਂਦੇ ਸਕੂਲਾਂ ਨੂੰ ਇਨ੍ਹਾਂ ਵਿਦਿਆਰਥੀਆਂ ਲਈ ਆਫਲਾਈਨ ਜਮਾਤਾਂ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਦਵਾਰਕਾ ਦੇ ਇੰਦਰਪ੍ਰਸਥ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਰਾਜੀਵ ਹਸੀਜਾ ਨੇ ਕਿਹਾ ਕਿ ਅਧਿਆਪਕ ਆਨਲਾਈਨ ਪੂਰੇ ਸਿਲੇਬਸ ਨਾਲ ਲੈਸ ਮਾਈਕ੍ਰੋਸਾਫਟ ਟੀਮਸ ਸਮਾਰਟ ਬੋਰਡਾਂ ਦੀ ਵਰਤੋਂ ਕਰਕੇ ਕੈਂਪਸ ਵਿੱਚ ਪੜ੍ਹਾਉਣਾ ਜਾਰੀ ਰੱਖਣਗੇ। ਵਿਦਿਆਰਥੀਆਂ ਨਾਲ ਰਿਕਾਰਡ ਕੀਤੇ ਸੈਸ਼ਨਾਂ ਨੂੰ ਵੀ ਸਾਂਝਾ ਕਰਾਂਗੇ ਤਾਂ ਜੋ ਕਿਸੇ ਵੀ ਕਾਰਨ ਕਰਕੇ ਜਮਾਤਾਂ ਤੋਂ ਖੁੰਝ ਜਾਣ ਕਾਰਨ ਉਨ੍ਹਾਂ ਨੂੰ ਦੁਬਾਰਾ ਦੇਖ ਸਕਣ। ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਆਨਲਾਈਨ ਜਮਾਤਾਂ ਦੌਰਾਨ ਸਕੂਲੀ ਵਰਦੀਆਂ ਪਹਿਨਣ ਲਈ ਕਿਹਾ ਜਾਂਦਾ ਹੈ ਤੇ ਉਨ੍ਹਾਂ ਨੂੰ ਦੋ ਜਮਾਤਾਂ ਵਿਚਕਾਰ 15 15-ਮਿੰਟ ਦਾ ਅੰਤਰ ਵੀ ਹੁੰਦਾ ਹੈ।