For the best experience, open
https://m.punjabitribuneonline.com
on your mobile browser.
Advertisement

ਮਾਇਆਵਤੀ ਨੇ ਚੋਣ ਗੱਠਜੋੜ ਸਬੰਧੀ ਚਰਚਾ ਨੂੰ ਨਕਾਰਿਆ

07:53 AM Mar 10, 2024 IST
ਮਾਇਆਵਤੀ ਨੇ ਚੋਣ ਗੱਠਜੋੜ ਸਬੰਧੀ ਚਰਚਾ ਨੂੰ ਨਕਾਰਿਆ
Advertisement

ਲਖਨਊ, 9 ਮਾਰਚ
ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਅੱਜ ਕਿਹਾ ਕਿ ਪਾਰਟੀ ਆਪਣੇ ਜ਼ੋਰ ’ਤੇ ਲੋਕ ਸਭਾ ਚੋਣਾਂ ਲੜੇਗੀ। ਇਸ ਦੌਰਾਨ ਉਨ੍ਹਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਠਜੋੜ ਕਰਨ ਸਬੰਧੀ ਸਾਰੀਆਂ ਅਫ਼ਵਾਹਾਂ ਨੂੰ ਮੁੱਢੋਂ ਖਾਰਜ ਕੀਤਾ। ਮਾਇਆਵਤੀ ਨੇ ‘ਐਕਸ’ ਉੱਤੇ ਕਿਹਾ, ‘‘ਬਸਪਾ ਦੇਸ਼ ਭਰ ਵਿੱਚ ਅਗਾਮੀ ਲੋਕ ਸਭਾ ਚੋਣਾਂ ਆਪਣੇ ਜ਼ੋਰ ’ਤੇ ਪੂਰੀ ਤਿਆਰੀ ਨਾਲ ਲੜੇਗੀ। ਚੋਣ ਗੱਠਜੋੜ ਜਾਂ ਤੀਜਾ ਫ਼ਰੰਟ ਬਣਾਉਣ ਸਬੰਧੀ ਸਾਰੀਆਂ ਅਫ਼ਗਾਹਾਂ ਝੂਠੀਆਂ ਤੇ ਗ਼ਲਤ ਹਨ। ਮੀਡੀਆ ਨੂੰ ਅਜਿਹੀਆਂ ਫ਼ਰਜ਼ੀ ਖ਼ਬਰਾਂ ਚਲਾ ਕੇ ਆਪਣੀ ਭਰੋਸੇਯੋਗਤਾ ਨਹੀਂ ਗੁਆਉਣੀ ਚਾਹੀਦੀ ਹੈ। ਲੋਕਾਂ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ।’’ ਉਨ੍ਹਾਂ ਹਿੰਦੀ ਵਿੱਚ ਪਾਈ ਇਕ ਪੋਸਟ ਵਿੱਚ ਕਿਹਾ, ‘‘ਉੱਤਰ ਪ੍ਰਦੇਸ਼ ਵਿੱਚ ਸਿਆਸੀ ਵਿਰੋਧੀਆਂ ਵਿੱਚ ਬੇਚੈਨੀ ਹੈ ਕਿਉਂਕਿ ਬਸਪਾ ਪੂਰੀ ਤਾਕਤ ਨਾਲ ਇਕੱਲਿਆਂ ਚੋਣ ਲੜ ਰਹੀ ਹੈ। ਇਸ ਵਾਸਤੇ ਉਹ ਅਫ਼ਵਾਹਾਂ ਉਡਾ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।’’
ਮਾਇਆਵਤੀ ਨੇ ਦਾਅਵਾ ਕੀਤਾ, ‘‘ਬਹੁਜਨ ਸਮਾਜ ਦੇ ਹਿੱਤਾਂ ਵਿੱਚ ਬਸਪਾ ਦਾ ਇਕੱਲਿਆਂ ਚੋਣ ਲੜਨ ਦਾ ਫੈਸਲਾ ਅਟਲ ਹੈ।’’ ਇਸ ਤੋਂ ਪਹਿਲਾਂ ਵੀ ਬਸਪਾ ਸੁਪਰੀਮੋ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਆਗਾਮੀ ਲੋਕ ਸਭਾ ਚੋਣਾਂ ਇਕੱਲਿਆਂ ਹੀ ਲੜੇਗੀ ਕਿਉਂਕਿ ਉਨ੍ਹਾਂ ਦੇ ਗੱਠਜੋੜ ਸਬੰਧੀ ਪਿਛਲੇ ਤਜਰਬੇ ਵਧੀਆ ਨਹੀਂ ਰਹੇ। ਹਾਲ ਹੀ ਵਿੱਚ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਸੀ ਕਿ ਬਸਪਾ ਨੇ ਅਗਾਮੀ ਲੋਕ ਸਭਾ ਚੋਣਾਂ ਵਿੱਚ ਐੱਨਡੀਏ ਨਾਲ ਸਮਝੌਤਾ ਕਰਨ ਦੀ ਤਿਆਰੀ ਕਰ ਲਈ ਹੈ ਕਿਉਂਕਿ ਪਾਰਟੀ ਦੇ ਇੱਕੋ-ਇੱਕ ਵਿਧਾਇਕ ਉਮਾ ਸ਼ੰਕਰ ਸਿੰਘ ਨੇ ਰਾਜ ਸਭਾ ਚੋਣਾਂ ’ਚ ਭਾਜਪਾ ਉਮੀਦਵਾਰ ਨੂੰ ਵੋਟ ਪਾਈ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਨੂੰ ਸਿਰਫ ਇਕ ਸੀਟ ਮਿਲੀ ਸੀ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×