ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ ਮਤਦਾਨ ਅੱਜ
ਮੁੰਬਈ/ਲਖਨਊ, 19 ਮਈ
ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਤਹਿਤ ਸੋਮਵਾਰ ਨੂੰ ਛੇ ਰਾਜਾਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਸੀਟਾਂ ਲਈ ਮਤਦਾਨ ਹੋਵੇਗਾ। ਇਸ ਗੇੜ ਵਿਚ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (ਰਾਏ ਬਰੇਲੀ), ਕੇਂਦਰੀ ਮੰਤਰੀਆਂ ਰਾਜਨਾਥ ਸਿੰਘ (ਲਖਨਊ) ਤੇ ਸਮ੍ਰਿਤੀ ਇਰਾਨੀ (ਅਮੇਠੀ) ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਜਿਹੇ ਪ੍ਰਮੁੱਖ ਆਗੂਆਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਵੇਗਾ। ਪੰਜਵੇਂ ਗੇੜ ਵਿਚ ਕੁੱਲ 8.95 ਕਰੋੜ ਤੋਂ ਵੱਧ ਵੋਟਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿਚ 4.26 ਕਰੋੜ ਮਹਿਲਾ ਵੋਟਰ ਤੇ 5409 ਕਿੰਨਰ ਵੋਟਰ ਸ਼ਾਮਲ ਹਨ। ਚੋਣ ਅਮਲ ਨੂੰ ਸਿਰੇ ਚਾੜ੍ਹਨ ਲਈ 94,732 ਪੋਲਿੰਗ ਸਟੇਸ਼ਨਾਂ ’ਤੇ 9.47 ਲੱਖ ਪੋਲਿੰਗ ਅਧਿਕਾਰੀ ਤਾਇਨਾਤ ਰਹਿਣਗੇ। ਪਹਿਲੇ ਚਾਰ ਗੇੜਾਂ ਵਿਚ 23 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪੈਂਦੀਆਂ 379 ਸੀਟਾਂ ਲਈ ਵੋਟਿੰਗ ਦਾ ਅਮਲ ਨਿੱਬੜ ਚੁੱਕਾ ਹੈ। ਛੇਵੇਂ ਤੇ ਸੱਤਵੇਂ ਗੇੜ ਲਈ ਕ੍ਰਮਵਾਰ 25 ਮਈ ਤੇ 1 ਜੂਨ ਨੂੰ ਮਤਦਾਨ ਹੋਵੇਗਾ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਣੀ ਹੈ।
ਪੰਜਵੇਂ ਗੇੜ ਵਿਚ ਮਹਾਰਾਸ਼ਟਰ ਦੀਆਂ 13, ਯੂਪੀ 14, ਪੱਛਮੀ ਬੰਗਾਲ 7, ਬਿਹਾਰ 5, ਝਾਰਖੰਡ 3, ਉੜੀਸਾ 5, ਜੰਮੂ ਕਸ਼ਮੀਰ ਦੀ ਇਕ ਤੇ ਲੱਦਾਖ ਦੀ ਇਕੋ ਇਕ ਸੀਟ ਲਈ ਵੋਟਾਂ ਪੈਣਗੀਆਂ। ਪੰਜਵੇਂ ਗੇੜ ’ਚ 49 ਸੀਟਾਂ ਲਈ ਵੋਟਾਂ ਪੈਣਗੀਆਂ ਤੇ ਭਾਜਪਾ ਲਈ ਇਹ ਗੇੜ ਬਹੁਤ ਅਹਿਮ ਹੈ ਕਿਉਂਕਿ ਇਨ੍ਹਾਂ ਵਿਚੋਂ 40 ਤੋਂ ਵੱਧ ਸੀਟਾਂ ਕੌਮੀ ਜਮਹੂਰੀ ਗੱਠਜੋੜ ਕੋਲ ਹਨ। ਚੋਣ ਕਮਿਸ਼ਨ ਨੇ ਮਤਦਾਨ ਦੀ ਪੂਰਬਲੀ ਸੰਧਿਆ ਕਿਹਾ ਕਿ ਅਤੀਤ ਵਿਚ ਮੁੰਬਈ, ਠਾਣੇ ਤੇ ਲਖਨਊ ਵਿਚ ਵੋਟਿੰਗ ਨੂੰ ਲੈ ਕੇ ਲੋਕਾਂ ਵਿਚ ਘੱਟ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਕਮਿਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਮਤਦਾਨ ਕਰਨ। ਹੁਣ ਤੱਕ ਪਿਛਲੇ ਚਾਰ ਗੇੜਾਂ ਵਿਚ ਕੁੱਲ 66.95 ਫੀਸਦ ਵੋਟ ਫੀਸਦ ਦਰਜ ਕੀਤੀ ਗਈ ਹੈ। ਪੰਜਵੇਂ ਗੇੜ ਵਿਚ ਆਪਣੀ ਸਿਆਸੀ ਕਿਸਮਤ ਅਜ਼ਮਾਉਣ ਵਾਲੇ ਹੋਰਨਾਂ ਪ੍ਰਮੁੱਖ ਉਮੀਦਵਾਰਾਂ ਵਿਚ ਕੇਂਦਰੀ ਮੰਤਰੀ ਪਿਊਸ਼ ਗੋਇਲ (ਮੁੰਬਈ ਉੱਤਰੀ), ਸਾਧਵੀ ਨਿਰੰਜਣ ਜਿਓਤੀ (ਫ਼ਤਿਹਪੁਰ ਯੂਪੀ), ਸ਼ਾਂਤਨੂ ਠਾਕੁਰ (ਬੈਂਗਾਓਂ, ਪੱਛਮੀ ਬੰਗਾਲ), ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਚਿਰਾਗ ਪਾਸਵਾਨ (ਹਾਜੀਪੁਰ ਬਿਹਾਰ), ਸ਼ਿਵ ਸੈਨਾ ਦੇ ਸ੍ਰੀਕਾਂਤ ਸ਼ਿੰਦੇ (ਕਲਿਆਣ, ਮਹਾਰਾਸ਼ਟਰ), ਅਤੇ ਭਾਜਪਾ ਦੇ ਰਾਜੀਵ ਪ੍ਰਤਾਪ ਰੂਡੀ ਤੇ ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਦੀ ਧੀ ਰੋਹਿਨੀ ਅਚਾਰੀਆ (ਦੋਵੇਂ ਸਾਰਨ, ਬਿਹਾਰ) ਸ਼ਾਮਲ ਹਨ।
ਲੋਕ ਸਭਾ ਦੀਆਂ 49 ਸੀਟਾਂ ਦੇ ਨਾਲ ਭਲਕੇ ਉੜੀਸਾ ਦੇ 35 ਅਸੈਂਬਲੀ ਹਲਕਿਆਂ ਲਈ ਵੀ ਵੋਟਾਂ ਪੈਣਗੀਆਂ, ਜਿੱਥੇ ਬੀਜੂ ਜਨਤਾ ਦਲ (ਬੀਜੇਡੀ) ਦੇ ਪ੍ਰਧਾਨ ਤੇ ਮੁੱਖ ਮੰਤਰੀ ਨਵੀਨ ਪਟਨਾਇਕ ਵੀ ਹੋਰਨਾਂ ਉਮੀਦਵਾਰਾਂ ਨਾਲ ਚੋਣ ਪਿੜ ਵਿਚ ਹਨ। ਮੁੱਖ ਮੰਤਰੀ ਪਟਨਾਇਕ ਦੋ ਅਸੈਂਬਲੀ ਹਲਕਿਆਂ ਹਿੰਜਲੀ ਤੇ ਕਾਂਤਾਬੰਜੀ ਤੋਂ ਚੋਣ ਲੜ ਰਹੇ ਹਨ। ਉੱਤਰ ਪ੍ਰਦੇਸ਼ ਵਿਚ ਰਾਜਨਾਥ ਸਿੰਘ ਲਖਨਊ, ਸ੍ਰਮਿਤੀ ਇਰਾਨੀ ਅਮੇਠੀ, ਕੌਸ਼ਲ ਕਿਸ਼ੋਰ ਮੋਹਨਲਾਲ ਗੰਜ ਤੇ ਭਾਨੂ ਪ੍ਰਤਾਪ ਸਿੰਘ ਵਰਮਾ ਜਾਲੌਨ ਤੋਂ ਉਮੀਦਵਾਰ ਹਨ। ਯੂਪੀ ਵਿਚ ਭਲਕੇ ਲਖਨਊ ਪੂਰਬੀ ਅਸੈਂਬਲੀ ਹਲਕੇ ਲਈ ਵੀ ਜ਼ਿਮਨੀ ਚੋਣ ਹੋਵੇਗੀ। ਕੇਰਲਾ ਦੇ ਵਾਇਨਾਡ ਤੋਂ ਚੋਣ ਲੜਨ ਵਾਲੇ ਰਾਹੁਲ ਗਾਂਧੀ ਰਾਏ ਬਰੇਲੀ ਤੋਂ ਵੀ ਚੋਣ ਮੈਦਾਨ ਵਿਚ ਹਨ। ਸਾਲ 2004 ਤੋਂ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਇਸ ਸੀਟ ਦੀ ਸੰਸਦ ਵਿਚ ਨੁਮਾਇੰਦਗੀ ਕਰਦੇ ਰਹੇ ਹਨ। ਭਾਜਪਾ ਨੇ ਇਸ ਸੀਟ ਤੋਂ ਰਾਹੁਲ ਗਾਂਧੀ ਦੇ ਮੁਕਾਬਲੇ ਦਿਨੇਸ਼ ਪ੍ਰਤਾਪ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਹੈ। ਪੰਜ ਸਾਲ ਪਹਿਲਾਂ ਅਮੇਠੀ ਹਲਕੇ ਤੋਂ ਰਾਹੁਲ ਗਾਂਧੀ ਨੂੰ ਹਰਾਉਣ ਵਾਲੀ ਸਮ੍ਰਿਤੀ ਇਰਾਨੀ ਮੁੜ ਇਥੋਂ ਚੋਣ ਲੜ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਕੇ.ਐੱਲ.ਸ਼ਰਮਾ ਨਾਲ ਹੈ। ਸੀਨੀਅਰ ਭਾਜਪਾ ਆਗੂ ਰਾਜਨਾਥ ਸਿੰਘ ਲਖਨਊ ਤੋਂ ਲਗਾਤਾਰ ਚੌਥੀ ਵਾਰ ਚੋਣ ਮੈਦਾਨ ਵਿਚ ਹਨ। -ਪੀਟੀਆਈ